ਨਸ਼ੇ ਖ਼ਿਲਾਫ਼ ਜੰਗ ‘ਚ ਸਰਕਾਰ ਦੇ ਨਾਲ ਜਨਤਾ ਵੀ ਆਵੇ ਅੱਗੇ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ

Published: 

19 Nov 2026 14:14 PM IST

TV9 ਦੇ ਸੱਤਾ ਸੰਮੇਲਨ 'ਚ AAP ਮੰਤਰੀ ਅਮਨ ਅਰੋੜਾ ਨੇ ਸੰਗਠਿਤ ਅਪਰਾਧ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਤੇ ਨਸ਼ੇ ਨੂੰ 'ਕੈਂਸਰ' ਦੱਸਦਿਆਂ ਇਸ ਨੂੰ ਖ਼ਤਮ ਕਰਨ ਲਈ ਪੁਲਿਸ, ਸਰਕਾਰ ਤੇ ਸਮਾਜ ਦੇ ਸਹਿਯੋਗ 'ਤੇ ਜ਼ੋਰ ਦਿੱਤਾ।

ਨਸ਼ੇ ਖ਼ਿਲਾਫ਼ ਜੰਗ ਚ ਸਰਕਾਰ ਦੇ ਨਾਲ ਜਨਤਾ ਵੀ ਆਵੇ ਅੱਗੇ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ

ਅਮਨ ਅਰੋੜਾ

TV9 ਨੈੱਟਵਰਕ ਦੇ ‘ਸੱਤਾ ਸੰਮੇਲਨ ਪੰਜਾਬ’ ਪ੍ਰੋਗਰਾਮ ‘ਚ ਆਮ ਆਦਮੀ ਪਾਰਟੀ (AAP) ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੀ ਹੈ ਕਿ 2022 ਤੋਂ ਪਹਿਲਾਂ ਪੰਜਾਬ ਦਾ ਨੌਜਵਾਨ ਨਿਰਾਸ਼ਾ ਕਾਰਨ ਸੂਬੇ ਤੋਂ ਬਾਹਰ ਜਾ ਰਿਹਾ ਸੀ। ਹੁਣ ਇਹ ਰੁਝਾਨ ਕਾਫ਼ੀ ਹੱਦ ਤੱਕ ਬਦਲ ਗਿਆ ਹੈ। ਸੂਬੇ ‘ਚ ਪਹਿਲਾਂ ਸਰਕਾਰੀ ਨੌਕਰੀਆਂ ਵਿਕਦੀਆਂ ਸਨ, ਪਰ ਸਾਡੀ ਸਰਕਾਰ ਨੇ ਇਹ ਰੁਝਾਨ ਖ਼ਤਮ ਕੀਤਾ ਹੈ। ਅਸੀਂ ਬਿਨਾਂ ਸਿਫ਼ਾਰਸ਼ ਤੇ ਪੈਸਿਆਂ ਦੇ 72 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਨਿੱਜੀ ਖੇਤਰ ‘ਚ ਵੀ ਅਜਿਹਾ ਮਾਹੌਲ ਤਿਆਰ ਕੀਤਾ ਹੈ, ਜਿਸ ਨਾਲ ਨਵੇਂ ਉਦਯੋਗ ਆਏ ਹਨ।

ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ‘ਚ ਤਕਰੀਬਨ ਸਾਢੇ ਲੱਖ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਜੇਕਰ ਕੋਈ ਵਿਅਕਤੀ ਨਿਰਾਸ਼ਾ ਕਾਰਨ ਆਪਣਾ ਘਰ ਛੱਡ ਕੇ ਪਰਵਾਸ ਕਰਦਾ ਹੈ ਤਾਂ ਇਹ ਗਲਤ ਰੁਝਾਨ ਹੈ। ਅਸੀਂ ਇਸ ਰੁਝਾਨ ਨੂੰ ਕਾਫ਼ੀ ਹੱਦ ਤੱਕ ਖ਼ਤਮ ਕੀਤਾ ਹੈ। ਹੁਣ ਇੱਥੋਂ ਦੇ ਨੌਜਵਾਨਾਂ ਨੂੰ ਵੀ ਵਿਸ਼ਵਾਸ ਹੋ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਮਿਲੇਗੀ।

ਨਸ਼ਾ ਖ਼ਤਮ ਕਰਨ ਲਈ AAP ਸਰਕਾਰ ਨੇ ਦੱਸੇ ਦੋ ਵਿਕਲਪ

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਹ ਕਹੀਏ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੁਲਿਸ ਡੀਜੀਪੀ 100 ਫ਼ੀਸਦੀ ਨਸ਼ਾ ਖ਼ਤਮ ਕਰ ਦੇਣਗੇ ਤਾਂ ਅਜਿਹਾ ਕਦੇ ਨਹੀਂ ਹੋ ਸਕਦਾ। ਇਹ ਉਦੋਂ ਹੀ ਸੰਭਵ ਹੈ ਜਦੋਂ ਪੰਜਾਬ ਦੇ ਤਿੰਨ ਕਰੋੜ ਲੋਕ ਮੋਢੇ ਨਾਲ ਮੋਢਾ ਜੋੜ ਕੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ। ਨਸ਼ਾ ਖ਼ਤਮ ਕਰਨ ਦੇ ਦੋ ਹੀ ਤਰੀਕੇ ਹਨ। ਪਹਿਲਾ, ਸਰਕਾਰ ਤੇ ਪੁਲਿਸ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ। ਦੂਜਾ, ਸਮਾਜ ਦੀ ਜ਼ਿੰਮੇਵਾਰੀ ਹੈ ਕਿ ਨਸ਼ੇ ਦੀ ਮੰਗ ਨਾ ਕੀਤੀ ਜਾਵੇ। ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਪਰ ਨਸ਼ੇ ਦੀ ਮੰਗ ਘਟਣ ਨਾਲ ਹੀ ਇਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਸੰਗਠਿਤ ਅਪਰਾਧ ਨੂੰ ਲੈ ਕੇ ‘ਆਪ’ ਸਰਕਾਰ ਦੇ ਮੰਤਰੀ ਨੇ ਕੀ ਕਿਹਾ?

ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਵਰਗੇ ਵੱਡੇ ਗੈਂਗਾਂ ਰਾਹੀਂ ਪੰਜਾਬ ‘ਚ ਹੋਣ ਵਾਲੇ ਸੰਗਠਿਤ ਅਪਰਾਧ ਬਾਰੇ ਪੁੱਛੇ ਗਏ ਸਵਾਲ ‘ਤੇ ਅਮਨ ਅਰੋੜਾ ਨੇ ਕਿਹਾ ਕਿ ਜਿਨ੍ਹਾਂ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਕਿੱਥੇ ਬੈਠੇ ਹਨ? ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕਿੱਥੇ ਬੈਠ ਕੇ ਪੰਜਾਬ ‘ਚ ਅਪਰਾਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਗੁਜਰਾਤ ਦੀ ਸਾਬਰਮਤੀ ਜੇਲ੍ਹ ‘ਚ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ। ਭਾਰਤ ਸਰਕਾਰ ਅਜਿਹਾ ਹੁਕਮ ਜਾਰੀ ਕਰਦੀ ਹੈ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ‘ਚ ਅਪਰਾਧ ਕਰ ਲੈਣ, ਉਨ੍ਹਾਂ ਨੂੰ ਸਾਬਰਮਤੀ ਜੇਲ੍ਹ ਤੋਂ ਬਾਹਰ ਨਹੀਂ ਕੱਢਣਾ ਹੈ। ਉਨ੍ਹਾਂ ਨੂੰ ਸਾਬਰਮਤੀ ‘ਚ ਸਟੇਟ ਗੈਸਟ ਵਾਂਗ ਸਨਮਾਨ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ ‘ਚ ਬੈਠ ਕੇ ਗੋਲਡੀ ਬਰਾੜ ਅਪਰਾਧ ਕਰ ਰਿਹਾ ਹੈ ਤਾਂ ਉਸ ਨੂੰ ਦੇਸ਼ ‘ਚ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ? ਪੰਜਾਬ ਦੀ ਧਰਤੀ ‘ਤੇ ਜੇਕਰ ਕਿਸੇ ਵੀ ਅਪਰਾਧੀ ਨੂੰ ਸੁਰੱਖਿਆ ਮਿਲ ਰਹੀ ਹੈ ਤਾਂ ਮੇਰੇ ਤੋਂ ਸਵਾਲ ਕੀਤਾ ਜਾਵੇ। ਨਸ਼ੇ ਬਾਰੇ ਪੁੱਛੇ ਗਏ ਸਵਾਲ ‘ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਰਹੇ ਹਾਂ। ਨਸ਼ਾ ਕੈਂਸਰ ਦੀ ਤਰ੍ਹਾਂ ਹੈ, ਜੋ ਇੱਕ ਦਿਨ ‘ਚ ਠੀਕ ਨਹੀਂ ਹੋ ਸਕਦਾ। ਇਸ ਨੂੰ ਲੈ ਕੇ ਸਾਡੀ ਸਰਕਾਰ ਨੇ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ।

Loading...
Unable to load recommendations.
Follow Us