Digital Library:ਕੈਬਨਿਟ ਮੰਤਰੀ ਨੇ ਡਿਜੀਟਲ ਲਾਇਬ੍ਰੇਰੀ ਕੀਤੀ ਲੋਕਾਂ ਨੂੰ ਸਮਰਪਿਤ
Digital Library: ਲਾਇਬ੍ਰੇਰੀ ਵਿੱਚ ਡਿਜੀਟਲ ਰੀਡਿੰਗ ਰੂਮ, ਹਾਈਟੈੱਕ ਕੰਪਿਊਟਰ, ਟੈਬਸ, ਵਾਈ ਫਾਈ, ਕਿਡਜ਼ ਜ਼ੋਨ, ਸੀਨੀਅਰ ਸਿਟੀਜ਼ਨਸ ਜ਼ੋਨ ਅਤੇ ਕਾਨਫਰੰਸ ਰੂਮ ਦੀ ਵਿਸ਼ੇਸ਼ ਸੁਵਿਧਾ
ਹੁਸ਼ਿਆਰਪੁਰ। ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਜੀਹ ਰਹੀ ਹੈ। ਇਸਦੇ ਤਹਿਤ ਹੁਸ਼ਿਆਰਪੁਰ ‘ਚ ਪੰਜਾਬ ਦੀ ਪਹਿਲੀ ਡਿਜੀਟਲ ਲਾਇਬ੍ਰੇਰੀ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ। ਜਿੰਪਾ ਨੇ ਇਹ ਲਾਇਬ੍ਰੇਰੀ ਲੋਕਾਂ ਨੂੰ ਸਮਰਪਿਤ ਕੀਤੀ,, ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ ਵੀ ਮੌਜੂਦ ਸਨ
ਹਰ ਵਰਗ ਨੂੰ ਮਿਲੇਗਾ ਡਿਜੀਟਲ ਲਾਇਬ੍ਰੇਰੀ ਦਾ ਲਾਭ-ਜਿੰਪਾ
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿਚ ਚੱਲ ਰਹੀ ਹਰੇਕ ਯੋਜਨਾ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਹੈ, ਜਿਸ ਕਾਰਨ ਪੰਜਾਬ ਤਰੱਕੀ ਦੀ ਰਾਹ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ 3 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਅਤਿ-ਆਧੁਨਿਕ ਲਾਇਬ੍ਰੇਰੀ ਦਾ ਹਰੇਕ ਵਰਗ ਨੂੰ ਭਰਪੂਰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਵਿੱਚ ਇਸ ਡਿਜੀਟਲ ਲਾਇਬ੍ਰੇਰੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਪਹਿਲੇ ਦਿਨ ਹੀ ਵੱਡੀ ਗਿਣਤੀ ਵਿਚ ਲੋਕ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਇਸ ਲਾਇਬ੍ਰੇਰੀ ਦੇ ਰੱਖ-ਰਖਾਅ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਜ਼ਿਲ੍ਹਾ ਪ੍ਰੀਸ਼ਦ ਇਸਦੀ ਦੇਖਭਾਲ ਕਰੇਗਾ,,
ਡਿਜੀਟਲ ਕੰਟੈਂਟ ਕਰਵਾਇਆ ਜਾਵੇਗਾ ਮੁਹੱਈਆ-ਡੀਸੀ
ਡਿਜੀਟਲ ਲਾਇਬ੍ਰੇਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਥੇ ਡਿਜੀਟਲ ਮਾਧਿਅਮ ਰਾਹੀਂ ਸਾਰਾ ਕੰਟੈਂਟ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਵਰਗ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਲਾਇਬ੍ਰੇਰੀ ਵਿਚ ਵੱਖ-ਵੱਖ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਜਿਥੇ ਕਿਡਜ਼ ਜ਼ੋਨ ਉਪਲਬੱਧ ਹੈ, ਉਥੇ ਸੀਨੀਅਰ ਸਿਟੀਜ਼ਨਸ ਲਈ ਵੱਖਰੇ ਕਮਰੇ ਦਾ ਪ੍ਰਬੰਧ ਕੀਤਾ ਗਿਆ ਹੈ।
‘ਲਾਇਬ੍ਰੇਰੀ ਦੀ ਮੈਂਬਰਸ਼ਿਪ ਰੱਖੀ ਗਈ 300 ਰੁਪਏ ਮਹੀਨਾ’
ਇਸ ਦੇ ਨਾਲ ਹੀ ਡਿਜੀਟਲ ਰੀਡਿੰਗ ਰੂਮ ਬਣਾਇਆ ਗਿਆ ਹੈ, ਜਿਥੇ ਅਤਿ-ਆਧੁਨਿਕ ਕੰਪਿਊਟਰ, ਟੈਬਸ ਤੋਂ ਇਲਾਵਾ ਵਾਈ ਫਾਈ ਦੀ ਵਿਸ਼ੇਸ਼ ਸੁਵਿਧਾ ਉਪਲਬੱਧ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਕਰਦਿਆਂ ਸਬੰਧਤ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਅਖ਼ਬਾਰਾਂ, ਮੈਗਜ਼ੀਨ ਤੇ ਹੋਰ ਪੁਸਤਕਾਂ ਵੀ ਇਥੇ ਮੁਹੱਈਆ ਕਰਵਾਈਆਂ ਗਈਆਂ ਹਨ। ਲਾਇਬ੍ਰੇਰੀ ਵਿਚ ਕਾਨਫਰੰਸ ਰੂਮ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਲਾਇਬ੍ਰੇਰੀ ਦੀ ਮੈਂਬਰਸ਼ਿਪ 300 ਰੁਪਏ ਮਹੀਨਾ ਰੱਖੀ ਗਈ ਹੈ, ਜਿਸ ਵਿਚ ਵਿਦਿਆਰਥੀਆਂ ਨੂੰ 25 ਫੀਸਦੀ ਛੋਟ ਦਿੱਤੀ ਗਈ ਹੈ।
‘ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀ ਰਹੇਗੀ ਲਾਇਬ੍ਰੇਰੀ’
ਇਸ ਤੋਂ ਇਲਾਵਾ ਜੇਕਰ ਕੋਈ ਲੋੜਵੰਦ ਵਿਦਿਆਰਥੀ ਜਾਂ ਵਿਅਕਤੀ ਫੀਸ ਦੇਣ ਤੋਂ ਅਸਮਰੱਥ ਹੈ, ਤਾਂ ਸਰਬੱਤ ਦਾ ਭਲਾ ਚੈਰੀਟੇਬਲ ਸੁਸਾਇਟੀ ਵੱਲੋਂ ਉਸ ਦੀ ਲਾਇਬ੍ਰੇਰੀ ਫੀਸ ਸਪਾਂਸਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਪੂਰਾ ਹਫ਼ਤਾ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇਗੀ।ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਖੋਜ ਅਫ਼ਸਰ ਡਾ. ਜਸਵੰਤ ਰਾਏ ਦੀ ਅਗਵਾਈ ਵਿੱਚ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਲੋਕਾਂ ਨੇ ਭਰਪੂਰ ਲਾਭ ਲਿਆ।