328 ਪਾਵਨ ਸਰੂਪ ਮਾਮਲੇ ‘ਚ SGPC ਨੇ ਸਹਿਯੋਗ ਕਰਨ ਤੋਂ ਕੀਤਾ ਇਨਕਾਰ, ਦੱਸਿਆ ਇਹ ਕਾਰਨ
SGPC Statement 328 Saroop Case: ਇਸ ਬਿਆਨ 'ਚ ਕਿਹਾ ਗਿਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਐਸਜੀਪੀਸੀ ਸਹਿਯੋਗ ਨਹੀਂ ਕਰੇਗੀ। ਇਸ ਮਾਮਲੇ 'ਚ ਜੋ ਦੋਸ਼ੀ ਸਨ, ਉਨ੍ਹਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਾਂਚ ਰਿਪੋਰਟ ਅਨੁਸਾਰ ਕਮੇਟੀ ਨੇ ਕਾਰਵਾਈ ਪੂਰੀ ਕਰ ਲਈ ਹੈ।ਸਿੱਖ ਸੰਸਥਾ ਵੱਲੋਂ ਲਿਆ ਗਿਆ ਫੈਸਲਾ ਆਖਿਰੀ ਹੈ। ਇਸ ਲਈ ਹੁਣ ਇਸ ਮਾਮਲੇ 'ਚ ਸਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਲਾਪਤਾ ਮਾਮਲੇ ‘ਚ ਪੁਲਿਸ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐਸਜੀਪੀਸੀ ਨੇ ਜਾਣਕਾਰੀ ਦਿੱਤੀ ਹੈ ਹੈ ਕਿ ਨਾ ਤੋਂ ਉਹ ਪੁਲਿਸ ਨਾਲ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰੇਗੀ ਨਾ ਹੀ ਕੋਈ ਰਿਕਾਰਡ ਦੇਵੇਗੀ। ਐਸਜੀਪੀਸੀ ਦੇ ਸਕੱਤਰ ਐਸ. ਪ੍ਰਤਾਪ ਸਿੰਘ ਦੀ ਅਗਵਾਈ ‘ਚ ਹੋਈ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਗਿਆ ਹੈ।
ਇਸ ਬਿਆਨ ‘ਚ ਕਿਹਾ ਗਿਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਐਸਜੀਪੀਸੀ ਸਹਿਯੋਗ ਨਹੀਂ ਕਰੇਗੀ। ਇਸ ਮਾਮਲੇ ‘ਚ ਜੋ ਦੋਸ਼ੀ ਸਨ, ਉਨ੍ਹਾਂ ਦੇ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਜਾਂਚ ਰਿਪੋਰਟ ਅਨੁਸਾਰ ਕਮੇਟੀ ਨੇ ਕਾਰਵਾਈ ਪੂਰੀ ਕਰ ਲਈ ਹੈ।ਸਿੱਖ ਸੰਸਥਾ ਵੱਲੋਂ ਲਿਆ ਗਿਆ ਫੈਸਲਾ ਆਖਿਰੀ ਹੈ। ਇਸ ਲਈ ਹੁਣ ਇਸ ਮਾਮਲੇ ‘ਚ ਸਰਕਾਰ ਦਾ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ।
ਐਸਜੀਪੀਸੀ ਨੇ ਇਹ ਵੀ ਦੱਸਿਆ ਕਿ 328 ਪਾਵਨ ਸਰੂਪ ਮਾਮਲਿਆਂ ‘ਚ ਐਸਜੀਪੀਸੀ ਦੇ ਤਿੰਨ ਸਾਬਕਾ ਕਰਮਚਾਰੀਆਂ ਦੀ ਮੁੱਖ ਸ਼ਮੂਲੀਅਤ ਪਾਈ ਗਈ ਸੀ। ਸਕੱਤਰ ਨੇ ਦੱਸਿਆ ਕਿ ਤਿੰਨ ਮੁਲਜ਼ਮਾਂ- ਕੰਵਲਜੀਤ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਨੇ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਹਿੱਤਾਂ ਲਈ ਵਰਤਣ ਲਈ ਰਿਕਾਰਡ ‘ਚ ਹੇਰ-ਫੇਰ ਕੀਤੀ ਸੀ। ਇਨ੍ਹਾਂ ਨੇ ਆਪਣੀ ਲਾਲਸਾ ਲਈ ਐਸਜੀਪੀਸੀ ਦੇ ਪੂਰੇ ਪ੍ਰਬੰਧਨ ਨੂੰ ਬਦਨਾਮ ਕੀਤਾ।
ਐਸਜੀਪੀਸੀ ਅਨੁਸਾਰ ਜਦੋਂ ਸ਼ਰਧਾਲ ਜਾਂ ਹੋਰ ਗੁਰਦੁਆਰਾ ਕਮੇਟੀਆਂ ਪਾਵਨ ਸਰੂਪ ਦੀ ਮੰਗ ਕਰਦੀਆਂ ਹਨ ਤਾਂ ਕਮੇਟੀ ਮੈਂਬਰ ਦੀ ਸ਼ਿਫ਼ਾਰਿਸ਼ ਤੋਂ ਬਾਅਦ ਸਕੱਤਰ ਪੱਧਰ ਦੇ ਅਧਿਕਾਰੀ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਪਾਵਨ ਸਰੂਪ ਦਿੰਦੇ ਸਮੇਂ ਦਾਨ ਰਾਸ਼ੀ ਜਮਾਂ ਕੀਤੀ ਜਾਂਦੀ ਹੈ ਤੇ ਇਸ ਦੀ ਰਸੀਦ ਕੱਟ ਕੇ ਦਿੱਤੀ ਜਾਂਦੀ ਹੈ। ਇਸ ਦਾ ਰਿਕਾਰਡ ਦਰਜ ਕਰ ਲਿਆ ਜਾਂਦਾ ਹੈ।
ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਬਲੀਕੇਸ਼ਨ ਡਿਪਾਰਟਮੈਂਟ ‘ਚ ਤੈਨਾਤ ਸਾਬਕਾ ਕਰਮਚਾਰੀਆਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਦੋਸ਼ੀ ਪਾਇਆ ਗਿਆ ਸੀ ਤੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ ਸੀ। ਇਸ ਦੇ ਨਾਲ ਕੁੱਝ ਸੀਨੀਅਰ ਅਧਿਕਾਰੀਆਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ
ਵੱਖ-ਵੱਖ ਸਮੇਂ ਤੇ ਪਬਲੀਕੇਸ਼ਨ ਵਿਭਾਗ ਵਿਖੇ ਬਤੌਰ ਇੰਚਾਰਜ ਤੇ ਮੀਤ ਸਕੱਤਰ ਦੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪ ਦੇਣ ਲਈ ਡਾਇਰੀ ਜਾਂ ਪਰਚੀ ਦੀ ਕੋਈ ਵੀ ਵਿਵਸਥਾ ਨਹੀਂ ਹੈ। ਪਾਵਨ ਸਰੂਪਾਂ ਦੀ ਸਾਰੀ ਜਾਣਕਾਰੀ ਵਿਭਾਗੀ ਲੈਜਰਾਂ ‘ਚ ਹੀ ਕੀਤੀ ਜਾਂਦੀ ਹੈ ਤੇ ਭੇਟਾ ਦੀ ਰਸੀਦ ਵੀ ਕੱਟੀ ਜਾਂਦੀ ਹੈ।
ਉੱਥੇ ਹੀ, ਐਸਜੀਪੀਸੀ ਨੇ ਇਹ ਵੀ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਸਰਕਾਰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲੈਣ ਤੋਂ ਗੁਰੇਜ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਰਵਾਈ ਗਈ ਜਾਂਚ ਅਨੁਸਾਰ ਇਸ ਮਾਮਲੇ ਤੇ ਸਿੱਖ ਸੰਸਥਾ ਵੱਲੋਂ ਆਪਣੀ ਕਾਰਵਾਈ ਵੇਲੇ ਕੋਈ ਢਿੱਲ ਨਹੀਂ ਵਰਤੀ ਗਈ।


