ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਝਟਕਾ, ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਦੀ ਅਰਜੀ ਨਾਮਨਜੂਰ, ਭਰਨੀ ਹੋਵੇਗੀ ਨਿੱਜੀ ਹਾਜਰੀ
Kangna Ranaout :ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।
ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬਠਿੰਡਾ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਉਨ੍ਹਾਂ ਦੀ ਵੀਡੀਓ ਕਾਨਫਰਸਿੰਗ ਜਾ ਵਰਚੁਅਲੀ ਪੇਸ਼ ਹੋਣ ਦੀ ਅਰਜੀ ਨਾਮਨਜੂਰ ਕਰ ਦਿੱਤੀ ਹੈ। ਕੰਗਨਾ ਰਣੌਤ ਨੂੰ ਹੁਣ 15 ਜਨਵਰੀ ਨੂੰ ਸਰੀਰਿਕ ਤੌਰ ਤੇ ਪੇਸ਼ ਹੋਣਾ ਪਵੇਗਾ। ਪਿਛਲੀ ਸੁਣਵਾਈ ਦੌਰਾਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਨੇ ਕੋਰਟ ਵਿੱਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਅਰਜੀ ਪਾਈ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਗੈਰਹਾਜ਼ਰੀ ਕਾਰਨ, ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਜਨਵਰੀ ਦੀ ਤਰੀਕ ਨਿਰਧਾਰਤ ਕੀਤੀ ਸੀ।
ਉੱਧਰ ਬੇਬੇ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੋਰਟ ਨੂੰ ਕਿਹਾ ਕਿ ਕੰਗਨਾ ਕੋਰਟ ਦਾ ਸਮਾਂ ਬਰਬਾਦ ਕਰ ਰਹੇ ਹਨ। ਜੇਕਰ ਅਗਲੀ ਸੁਣਵਾਈ ਤੇ ਉਹ ਆਪ ਪੇਸ਼ ਨਹੀਂ ਹੋਏ ਤਾਂ ਉਨ੍ਹਾਂ ਖਿਲਾਫ ਨਾਨ ਬੇਲੇਬਲ ਵਾਰੰਟ ਜਾਰੀ ਕੀਤੇ ਜਾਣ। ਉਨ੍ਹਾਂ ਇਲਜਾਮ ਲਗਾਇਆ ਕਿ ਉਹ ਵਾਰ-ਵਾਰ ਕੋਰਟ ਵਿੱਚ ਕੋਈ ਨਾ ਕੋਈ ਕਾਰਨ ਦੱਸਕੇ ਕੋਰਟ ਵਿੱਚ ਹਾਜਰ ਨਾ ਹੋ ਕੇ ਇਸ ਮਾਮਲੇ ਨੂੰ ਲਟਕਾ ਰਹੇ ਹਨ। ਜਿਸਤੋਂ ਬਾਅਦ ਕੋਰਟ ਨੇ ਕੰਗਨਾ ਦੇ ਵਕੀਲਾਂ ਦੀ ਹਾਜਿਰੀ ਮੁਆਫੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ 15 ਤਰੀਕ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ।
ਪਹਿਲਾਂ ਵੀ ਲਗਾ ਚੁੱਕੀ ਹੈ ਪੇਸ਼ੀ ਤੋਂ ਛੋਟ ਦੀ ਅਰਜ਼ੀ
ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਇਸ ਅਰਜ਼ੀ ਦਾ ਬੀਬੀ ਮਹਿੰਦਰ ਕੌਰ ਦੁਆਰਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਪਹਿਲਾਂ ਵੀ ਕਈ ਵਾਰ ਪੇਸ਼ੀ ਤੋਂ ਛੋਟ ਲਈ ਅਰਜ਼ੀ ਦੇ ਚੁੱਕੀ ਹੈ, ਪਰ ਉਨ੍ਹਾਂ ਨੇ ਇਸਨੂੰ ਸਮੇਂ ਦੀ ਬਰਬਾਦੀ ਦੱਸਦਿਆਂ ਹਮੇਸ਼ਾ ਇਸਦਾ ਵਿਰੋਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ, ਉਨ੍ਹਾਂ ਨੇ ਜ਼ਰੂਰੀ ਕੰਮ ਦਾ ਹਵਾਲਾ ਦਿੱਤਾ, ਜਿਸਨੂੰ ਸਵੀਕਾਰ ਕਰ ਲਿਆ ਗਿਆ। ਉਸ ਸਮੇਂ, ਲੋਕ ਸਭਾ ਸੈਸ਼ਨ ਨੂੰ ਕਾਰਨ ਦੱਸਿਆ ਗਿਆ ਸੀ, ਪਰ ਹੁਣ ਅਜਿਹਾ ਕੋਈ ਕਾਰਨ ਨਹੀਂ ਹੈ। ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਕੰਗਨਾ ਰਣੌਤ ਦੀ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਨੂੰ ਰੱਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਜਾਵੇ।
ਕਿਸਾਨਾਂ ਅੰਦੋਲਨ ਦੇ ਸਮੇਂ ਦਾ ਹੈ ਮਾਮਲਾ
ਇਹ ਮਾਮਲਾ ਦਿੱਲੀ ਵਿੱਚ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੁਰੂ ਹੋਇਆ ਸੀ। ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਨੇ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਮਹਿੰਦਰ ਕੌਰ ਦਾ ਦੋਸ਼ ਹੈ ਕਿ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਉਨ੍ਹਾਂ ਵਿਰੁੱਧ ਇੱਕ ਪੋਸਟ ਪਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਅਜਿਹੀਆਂ ਔਰਤਾਂ 100-100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਆਉਂਦੀਆਂ ਹਨ।
ਇਹ ਵੀ ਪੜ੍ਹੋ
ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸਨੂੰ ਸਵੀਕਾਰ ਨਹੀਂ ਕੀਤਾ ਸੀ।


