ਫ਼ਰੀਦਕੋਟ ਜੇਲ੍ਹ ਦੀ ਸੁਰੱਖਿਆ ਨੂੰ ਲੱਗੀ ਸੰਨ੍ਹ, ਬੈਰਕਾਂ ਦੀ ਤਲਾਸ਼ੀ ਦੌਰਾਨ 6 ਮੋਬਾਈਲ ਬਰਾਮਦ; 5 ਹਵਾਲਾਤੀ ਨਾਮਜ਼ਦ

Updated On: 

24 Jun 2026 19:23 PM IST

ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ ਕੁੱਲ ਛੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ।

ਫ਼ਰੀਦਕੋਟ ਜੇਲ੍ਹ ਦੀ ਸੁਰੱਖਿਆ ਨੂੰ ਲੱਗੀ ਸੰਨ੍ਹ, ਬੈਰਕਾਂ ਦੀ ਤਲਾਸ਼ੀ ਦੌਰਾਨ 6 ਮੋਬਾਈਲ ਬਰਾਮਦ; 5 ਹਵਾਲਾਤੀ ਨਾਮਜ਼ਦ

ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਰਾਤ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੇ ਅੰਦਰ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਵੱਖ-ਵੱਖ ਬੈਰਕਾਂ ਵਿੱਚੋਂ ਕੁੱਲ ਛੇ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਪੰਜ ਹਵਾਲਾਤੀਆਂ ਦੇ ਖ਼ਿਲਾਫ਼ ਜੇਲ੍ਹ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੀਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜੇਲ੍ਹ ਕਰਮਚਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਜੇਲ੍ਹ ਕੰਪਲੈਕਸ ਅਤੇ ਬੈਰਕਾਂ ਦੀ ਡੂੰਘਾਈ ਨਾਲ ਤਲਾਸ਼ੀ ਲਈ ਜਾਂਦੀ ਹੈ। ਇਸੇ ਲੜੀ ਤਹਿਤ ਮੰਗਲਵਾਰ ਰਾਤ ਨੂੰ ਉਪ-ਸੁਪਰਡੈਂਟ ਰਵੀ ਕੁਮਾਰ ਦੀ ਨਿਗਰਾਨੀ ਹੇਠ ਜੇਲ੍ਹ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਨੇ ਬੈਰਕਾਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਸੀ, ਜਿਸ ਦੌਰਾਨ ਇਹ ਸਫ਼ਲਤਾ ਹਾਸਲ ਹੋਈ।

ਇਨ੍ਹਾਂ ਹਵਾਲਾਤੀਆਂ ਕੋਲੋਂ ਬਰਾਮਦ ਹੋਏ ਟੱਚ ਸਕ੍ਰੀਨ ਅਤੇ ਕੀਪੈਡ ਫ਼ੋਨ

ਬੈਰਕਾਂ ਦੀ ਬਾਰੀਕੀ ਨਾਲ ਲਈ ਗਈ ਤਲਾਸ਼ੀ ਦੌਰਾਨ ਜੇਲ੍ਹ ਵਿੱਚ ਬੰਦ ਪੰਜ ਹਵਾਲਾਤੀਆਂ ਦੇ ਕਬਜ਼ੇ ਵਿੱਚੋਂ ਕੁੱਲ ਤਿੰਨ ਟੱਚ ਸਕ੍ਰੀਨ ਅਤੇ ਤਿੰਨ ਕੀਪੈਡ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ। ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤ੍ਰਿਲੋਕ ਸਿੰਘ (ਸ੍ਰੀ ਗੰਗਾਨਗਰ), ਬਿਲਾਲ ਅਹਿਮਦ (ਫ਼ਰੀਦਕੋਟ), ਨਵਦੀਪ ਸਿੰਘ (ਜ਼ੀਰਾ), ਲਵਪ੍ਰੀਤ ਸਿੰਘ (ਮੋਗਾ) ਅਤੇ ਵਰਿੰਦਰ ਸਿੰਘ (ਫਾਜ਼ਿਲਕਾ) ਵਜੋਂ ਹੋਈ ਹੈ।

ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਨੇ ਉਕਤ ਪੰਜੇ ਹਵਾਲਾਤੀਆਂ ਦੇ ਖ਼ਿਲਾਫ਼ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ. ਗੁਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਪੁੱਛਗਿੱਛ ਅਤੇ ਜਾਂਚ ਦੌਰਾਨ ਜੇਲ੍ਹ ਦੇ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਮਿਲੀਭੁਗਤ ਸਾਹਮਣੇ ਆਉਂਦੀ ਹੈ, ਤਾਂ ਉਸ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਹੋਵੇਗੀ ਪੁੱਛਗਿੱਛ

ਇਸ ਮਾਮਲੇ ਦੀ ਜਾਂਚ ਕਰ ਰਹੇ ਜੇਲ੍ਹ ਇਨਵੈਸਟੀਗੇਸ਼ਨ ਸੈੱਲ ਦੇ ਇੰਚਾਰਜ ਏ.ਐੱਸ.ਆਈ. ਗੁਰਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਹਵਾਲਾਤੀਆਂ ਨੂੰ ਜਲਦ ਹੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਮੁੱਖ ਤੌਰ ‘ਤੇ ਇਹ ਪਤਾ ਲਗਾਉਣ ਦਾ ਯਤਨ ਕਰੇਗੀ ਕਿ ਆਖ਼ਰ ਜੇਲ੍ਹ ਦੀ ਸਖ਼ਤ ਸੁਰੱਖਿਆ ਨੂੰ ਸੰਨ੍ਹ ਲਗਾ ਕੇ ਇਹ ਮੋਬਾਈਲ ਫ਼ੋਨ ਅੰਦਰ ਕਿਸ ਤਰ੍ਹਾਂ ਪਹੁੰਚੇ ਅਤੇ ਇਸ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ।

Follow Us