ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

Updated On: 

08 Oct 2026 15:12 PM IST

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦਿਲਜੀਤ ਦੋਸਾਂਝ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਚਾਰ-ਪੰਜ ਵਿਅਕਤੀ, ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ, ਉੱਥੇ ਪਹੁੰਚੇ ਤੇ ਸਪਰੇਅ ਦੀ ਮਦਦ ਨਾਲ ਉਸ ਦੇ ਘਰ ਦੀ ਕੰਧ ਤੇ ਨਾਅਰੇ ਲਿਖ ਗਏ।

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ਚ ਕੰਧਾਂ ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਘਰ ਨੇੜੇ ਇੱਕ ਵਿਅਕਤੀ ਦੇ ਘਰ ਦੀ ਕੰਧ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦਿਲਜੀਤ ਦੋਸਾਂਝ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਚਾਰ-ਪੰਜ ਵਿਅਕਤੀ, ਜਿਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ, ਉੱਥੇ ਪਹੁੰਚੇ ਤੇ ਸਪਰੇਅ ਦੀ ਮਦਦ ਨਾਲ ਉਸ ਦੇ ਘਰ ਦੀ ਕੰਧ ਤੇ ਨਾਅਰੇ ਲਿਖ ਗਏ। ਗੁਆਂਢੀ ਨੇ ਸਪੱਸ਼ਟ ਕੀਤਾ ਕਿ ਇਹ ਦਿਲਜੀਤ ਦੋਸਾਂਝ ਦਾ ਘਰ ਨਹੀਂ ਹੈ, ਸਗੋਂ ਉਨ੍ਹਾਂ ਦੇ ਘਰ ਤੋਂ ਕਰੀਬ 100 ਗਜ਼ ਦੀ ਦੂਰੀ ਤੇ ਸਥਿਤ ਘਰ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।

ਘਟਨਾ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਕੰਧ ਤੇ ਲਿਖੇ ਨਾਅਰੇ ਮਿਟਾ ਦਿੱਤੇ ਗਏ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਡੀਐਸਪੀ ਭਰਤ ਮਸੀਹ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਡੀਐਸਪੀ ਭਰਤ ਮਸੀਹ ਨੇ ਦੱਸਿਆ ਕਿ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਸੀਸੀਟੀਵੀ ਫੁਟੇਜ ਤੇ ਹੋਰ ਸਬੂਤਾਂ ਦੇ ਆਧਾਰ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਸ਼ੋਅ ਦੌਰਾਨ ਵੀ ਮਾਹੌਲ ਖ਼ਰਾਬ ਕਰਨ ਦੀ ਹੋਈ ਸੀ ਕੋਸ਼ਿਸ਼

ਇਸੇ ਸਾਲ ਸੈਨ ਫਰਾਂਸਿਸਕੋ ‘ਚ ਚੱਲ ਰਹੇ ਦਿਲਜੀਤ ਦੋਸਾਂਝ ਦੇ ਲਾਈਵ ਕਨਸਰਟ ਦੌਰਾਨ ਉਸ ਵੇਲੇ ਹਲਚਲ ਮਚ ਗਈ ਸੀ, ਜਦੋਂ ਸੁਰੱਖਿਆ ਘੇਰਾ ਤੋੜ ਕੇ ਇੱਕ ਖਾਲਿਸਤਾਨ-ਸਮਰਥਕ ਪ੍ਰਦਰਸ਼ਨਕਾਰੀ ਹੱਥ ਵਿੱਚ ਝੰਡਾ ਲੈ ਕੇ ਸਿੱਧਾ ਸਟੇਜ ਤੇ ਪਹੁੰਚ ਗਿਆ। ਹਾਲਾਂਕਿ, ਮੌਕੇ ਤੇ ਮੌਜੂਦ ਵੈਨਿਊ ਸੁਰੱਖਿਆ ਕਰਮਚਾਰੀਆਂ ਤੇ ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀ ਨੂੰ ਕਾਬੂ ਕਰ ਲਿਆ ਤੇ ਹਿਰਾਸਤ ‘ਚ ਲੈ ਲਿਆ। ਇਸ ਤੋਂ ਇਲਾਵਾ ਦਿਲਜੀਤ ਦੇ ਸ਼ੋਅ ਦੇ ਵਿਰੋਧ ਤੇ ਉਨ੍ਹਾਂ ਦੇ ਪ੍ਰੋਗਰਾਮ ਰੁਕਵਾਉਣ ਦੀਆਂ ਧਮਕੀਆਂ ਵੀ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਹਨ।

Loading...
Unable to load recommendations.
Follow Us