ਪ੍ਰਕਾਸ਼ ਪੁਰਬ ‘ਤੇ ਨਨਕਾਣਾ ਸਾਹਿਬ ਜਾਣਗੇ 1,828 ਸ਼ਰਧਾਲੂ, 22 ਨਵੰਬਰ ਨੂੰ ਰਵਾਨਾ ਹੋਵੇਗੀ ਸੰਗਤ; ਦਿੱਲੀ ‘ਚ ਜਮ੍ਹਾਂ ਹੋਏ ਪਾਸਪੋਰਟ
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਉਨ੍ਹਾਂ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ 22 ਨਵੰਬਰ 2026 ਨੂੰ ਰਵਾਨਾ ਹੋਵੇਗਾ।
File Photo
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਉਨ੍ਹਾਂ ਦੇ ਪਵਿੱਤਰ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਵਿਸ਼ੇਸ਼ ਜਥਾ 22 ਨਵੰਬਰ 2026 ਨੂੰ ਰਵਾਨਾ ਹੋਵੇਗਾ। ਇਸ 10 ਦਿਨਾ ਇਤਿਹਾਸਕ ਧਾਰਮਿਕ ਯਾਤਰਾ ‘ਤੇ ਜਾਣ ਵਾਲੇ ਵੱਖ-ਵੱਖ ਰਾਜਾਂ ਦੇ ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ਾ ਪ੍ਰਕਿਰਿਆ ਮੁਕੰਮਲ ਕਰਨ ਵਾਸਤੇ ਅੱਜ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਰਸਮੀ ਤੌਰ ‘ਤੇ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਮਿਲੀ ਪੁਖ਼ਤਾ ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਪੰਜਾਬ ਦੇ ਸਿੱਖ ਸ਼ਰਧਾਲੂਆਂ ਦੇ ਸਭ ਤੋਂ ਵੱਧ 1,828 ਪਾਸਪੋਰਟ ਵੀਜ਼ੇ ਲਈ ਦਿੱਲੀ ਸੌਂਪੇ ਗਏ ਹਨ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਰਾਹੀਂ 557, ਉੱਤਰਾਖੰਡ ਦੀਆਂ ਸਿੱਖ ਸੰਗਤਾਂ ਵੱਲੋਂ 254 ਅਤੇ ਉੱਤਰ ਪ੍ਰਦੇਸ਼ ਦੇ ਸ਼ਰਧਾਲੂਆਂ ਵੱਲੋਂ 150 ਪਾਸਪੋਰਟ ਜਮ੍ਹਾਂ ਕਰਵਾਏ ਗਏ ਹਨ। ਇਸੇ ਤਰ੍ਹਾਂ ਝਾਰਖੰਡ ਤੋਂ 12 ਅਤੇ ਗੁਜਰਾਤ ਤੋਂ 2 ਸਿੱਖ ਸ਼ਰਧਾਲੂਆਂ ਦੇ ਪਾਸਪੋਰਟ ਵੀ ਵੀਜ਼ਾ ਲਗਵਾਉਣ ਲਈ ਪਾਕਿਸਤਾਨ ਦੂਤਾਵਾਸ ਕੋਲ ਪਹੁੰਚਾਏ ਗਏ ਹਨ।
ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਹੋਣਗੇ ਸ਼ਾਮਲ
ਇਸ ਯਾਤਰਾ ਦੌਰਾਨ ਪੰਜਾਬ ਦੇ ਨਾਲ-ਨਾਲ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਵੇਗੀ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਸਬੰਧਤ ਰਾਜਾਂ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਤਾਲਮੇਲ ਕਰਕੇ ਸ਼ਰਧਾਲੂਆਂ ਦੀਆਂ ਸੂਚੀਆਂ ਅਤੇ ਪਾਸਪੋਰਟ ਦਿੱਲੀ ਪਹੁੰਚਾਏ ਗਏ ਹਨ। ਇਸ ਧਾਰਮਿਕ ਕਾਫ਼ਲੇ ਦਾ ਮੁੱਖ ਮਨੋਰਥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਣਾ, ਅਲੌਕਿਕ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰਨਾ ਅਤੇ ਪਾਕਿਸਤਾਨ ਸਥਿਤ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ-ਦੀਦਾਰੇ ਕਰਨਾ ਹੈ।
ਪਾਸਪੋਰਟ ਜਮ੍ਹਾਂ ਕਰਵਾਉਣ ਮੌਕੇ ਪ੍ਰਮੁੱਖ ਸਿੱਖ ਨੁਮਾਇੰਦੇ ਰਹੇ ਮੌਜੂਦ
ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਪਾਸਪੋਰਟ ਸੌਂਪਣ ਮੌਕੇ ਕਈ ਪ੍ਰਮੁੱਖ ਸਿੱਖ ਨੁਮਾਇੰਦੇ ਹਾਜ਼ਰ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਮਜੀਤ ਸਿੰਘ ਚੰਡੋਕ ਅਤੇ ਰਣਧੀਰ ਸਿੰਘ ਨੇ ਹਾਜ਼ਰੀ ਭਰੀ।
ਇਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਸਿੱਖ ਪ੍ਰਤੀਨਿਧੀ ਬੋਰਡ (ਲਖਨਊ) ਦੇ ਚੇਅਰਮੈਨ ਰਾਜਵੰਤ ਸਿੰਘ ਬੱਗਾ, ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਨਾਨਕਮੱਤਾ ਸਾਹਿਬ ਤੋਂ ਵਰਿੰਦਰ ਸਿੰਘ ਸਮੇਤ ਯਾਤਰਾ ਪ੍ਰਬੰਧਾਂ ਨਾਲ ਜੁੜੇ ਅੰਗਰੇਜ਼ ਸਿੰਘ ਅਤੇ ਜਗਪ੍ਰੀਤ ਸਿੰਘ ਸਮੇਤ ਹੋਰ ਸਹਿਯੋਗੀ ਮੈਂਬਰ ਵੀ ਇਸ ਮੌਕੇ ਮੌਜੂਦ ਸਨ। ਹੁਣ ਸੰਗਤਾਂ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਜਾਰੀ ਹੋਣ ਦੀ ਉਡੀਕ ਰਹੇਗੀ। ਹਾਈ ਕਮਿਸ਼ਨ ਵੱਲੋਂ ਵੀਜ਼ਾ ਮਨਜ਼ੂਰੀ ਮਿਲਣ ਉਪਰੰਤ ਇਹ ਜਥਾ ਪਹਿਲਾਂ ਤੋਂ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ 22 ਨਵੰਬਰ ਨੂੰ 10 ਦਿਨਾਂ ਦੀ ਰੂਹਾਨੀ ਯਾਤਰਾ ਲਈ ਪਾਕਿਸਤਾਨ ਰਵਾਨਾ ਹੋਵੇਗਾ।
