ਬਲਕੌਰ ਸਿੱਧੂ ਬੋਲੇ- ਝੋਟਾ ਦੇ ਪਿਤਾ ਮੇਰੇ ਵਰਗੀ ਗ਼ਲਤੀ ਨਾ ਕਰਨ; ਸ਼ਾਹ ਨੇ ਮੈਨੂੰ ਵੀ ਦਿੱਤਾ ਸੀ ਭਰੋਸਾ, ਹੋਇਆ ਕੁਝ ਨਹੀਂ

Updated On: 

21 Oct 2026 16:21 PM IST

Sidhu Moosewala Father on Jhota Murder: ਬਲਕੌਰ ਸਿੰਘ ਨੇ ਮਾਨਸਾ ਧਰਨੇ ਦੌਰਾਨ ਪਰਮਿੰਦਰ ਝੋਟਾ ਦੇ ਪਿਤਾ ਨੂੰ ਭਾਵੁਕ ਹੋ ਕੇ ਗ਼ਲਤ ਫ਼ੈਸਲੇ ਨਾ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਮੂਸੇਵਾਲਾ ਕੇਸ ਵਿੱਚ ਵੀ ਉਨ੍ਹਾਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਸੀ, ਪਰ ਕੁਝ ਨਹੀਂ ਹੋਇਆ। ਪੀੜਤ ਪਰਿਵਾਰਾਂ ਨੂੰ ਲਾਰਿਆਂ ਦੀ ਥਾਂ ਠੋਸ ਇਨਸਾਫ਼ ਮਿਲਣਾ ਚਾਹੀਦਾ ਹੈ।

ਬਲਕੌਰ ਸਿੱਧੂ ਬੋਲੇ- ਝੋਟਾ ਦੇ ਪਿਤਾ ਮੇਰੇ ਵਰਗੀ ਗ਼ਲਤੀ ਨਾ ਕਰਨ; ਸ਼ਾਹ ਨੇ ਮੈਨੂੰ ਵੀ ਦਿੱਤਾ ਸੀ ਭਰੋਸਾ, ਹੋਇਆ ਕੁਝ ਨਹੀਂ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨਾਲ ਮੁਲਾਕਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਅਤੇ ਸਰਕਾਰਾਂ ਵੱਲੋਂ ਮਿਲਦੇ ਭਰੋਸਿਆਂ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਉਪਰੰਤ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਪੱਕਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਉਨ੍ਹਾਂ ਦੀ ਝੋਲੀ ਇਨਸਾਫ਼ ਨਹੀਂ ਪਿਆ ਅਤੇ ਜਾਂਚ ਦੇ ਨਾਂ ‘ਤੇ ਪਰਿਵਾਰ ਨੂੰ ਸਿਰਫ਼ ਖੋਖਲੇ ਲਾਰੇ ਹੀ ਮਿਲੇ ਹਨ।

ਮਾਨਸਾ ਵਿਖੇ ਚੱਲ ਰਹੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਬਲਕੌਰ ਸਿੰਘ ਨੇ ਝੋਟਾ ਦੇ ਪਰਿਵਾਰ ਨੂੰ ਚੌਕਸ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਭਾਵਨਾਵਾਂ ‘ਚ ਵਹਿ ਕੇ ਕੋਈ ਵੀ ਕਾਹਲੀ ਵਾਲਾ ਫ਼ੈਸਲਾ ਨਾ ਲਿਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਖੋਖਲੇ ਭਰੋਸੇ ਨਹੀਂ, ਸਗੋਂ ਧਰਾਤਲ ‘ਤੇ ਠੋਸ ਇਨਸਾਫ਼ ਚਾਹੀਦਾ ਹੈ।

2008 ਵਿੱਚ ਝੋਟੇ ਨਾਲ ਇਕੱਠਿਆਂ ਜੇਲ੍ਹ ਕੱਟੀ ਸੀ

ਧਰਨੇ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਪਰਮਿੰਦਰ ਝੋਟਾ ਦੇ ਪਰਿਵਾਰ ਨਾਲ ਕਾਫ਼ੀ ਪੁਰਾਣੇ ਤੇ ਨਿੱਘੇ ਸੰਬੰਧ ਹਨ। ਸਾਲ 2008 ਵਿੱਚ ਧਾਰਾ 307 ਦੇ ਇੱਕ ਮਾਮਲੇ ਦੌਰਾਨ ਉਨ੍ਹਾਂ ਨੇ ਝੋਟਾ ਨਾਲ ਇਕੱਠਿਆਂ ਜੇਲ੍ਹ ਵਿੱਚ ਸਮਾਂ ਬਿਤਾਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਨ੍ਹਾਂ ਦੇ ਬੇਟੇ ਨੂੰ ਕੋਈ ਔਕੜ ਆਉਂਦੀ ਸੀ, ਤਾਂ ਉਹ ਝੋਟਾ ਨੂੰ ਇੱਕ ਫ਼ੋਨ ਕਰਦੇ ਸਨ ਅਤੇ ਝੋਟਾ ਤੁਰੰਤ ਮਦਦ ਲਈ ਪਹੁੰਚ ਜਾਂਦਾ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਵਿਛੋੜੇ ਤੋਂ ਬਾਅਦ ਜੋ ਗ਼ਲਤੀਆਂ ਉਨ੍ਹਾਂ ਤੋਂ ਹੋਈਆਂ, ਭੀਮ ਸਿੰਘ ਉਹ ਗ਼ਲਤੀਆਂ ਨਾ ਦੁਹਰਾਉਣ। ਉਨ੍ਹਾਂ ਕਿਹਾ ਕਿ ਅਜਿਹੇ ਭਾਣੇ ਮਗਰੋਂ ਪਰਿਵਾਰ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ; ਖਾਣਾ-ਪੀਣਾ ਅਤੇ ਨੀਂਦ ਸਭ ਗੁਆਚ ਜਾਂਦੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਸਰੀਰਕ ਹਾਲਤ ਵਿਗੜਨ ਲੱਗਦੀ ਹੈ। ਅਜਿਹੀ ਨਾਜ਼ੁਕ ਸਥਿਤੀ ਵਿੱਚ ਪਰਿਵਾਰ ਲਈ ਸੋਚ-ਸਮਝ ਕੇ ਸਹੀ ਕਦਮ ਚੁੱਕਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ।

ਉਨ੍ਹਾਂ ਨੇ ਸੰਘਰਸ਼ ਦੌਰਾਨ ਝੋਟਾ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੀਆਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਜਥੇਬੰਦੀਆਂ ਦੀ ਲਾਮਬੰਦੀ ਅਤੇ ਡਟਵੇਂ ਵਿਰੋਧ ਸਦਕਾ ਹੀ ਸਰਕਾਰ ਦਾ ਧਿਆਨ ਇਸ ਮਸਲੇ ਵੱਲ ਖਿੱਚਿਆ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਆਉਣਾ ਪਿਆ।

ਮੈਨੂੰ ਵੀ ਸੰਗਰੂਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਸੀ

ਆਪਣੇ ਬੇਟੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਹਵਾਲਾ ਦਿੰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ। ਉਸ ਵੇਲੇ ਉਨ੍ਹਾਂ ਨੂੰ ਜਾਂਚ ਦੇ ਸੰਬੰਧ ਵਿੱਚ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਐੱਸ.ਆਈ.ਟੀ. (SIT) ਅਤੇ ਸੇਵਾਮੁਕਤ ਜੱਜ ਤੋਂ ਨਿਰਪੱਖ ਜਾਂਚ ਕਰਵਾਉਣ ਦੇ ਭਰੋਸੇ ਦਿੱਤੇ ਗਏ ਸਨ। ਇਸ ਤੋਂ ਇਲਾਵਾ ਸ਼ੱਕ ਦੇ ਆਧਾਰ ‘ਤੇ ਮੁਲਜ਼ਮਾਂ ਦਾ ਨਾਰਕੋ ਟੈਸਟ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਸੀ, ਪ੍ਰੰਤੂ ਅਫ਼ਸੋਸ ਕਿ ਇਨ੍ਹਾਂ ਸਾਰੇ ਭਰੋਸਿਆਂ ਦਾ ਅੱਜ ਤੱਕ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ।

ਉਨ੍ਹਾਂ ਕਿਹਾ ਕਿ ਜਿਵੇਂ ਹੀ ਚੋਣਾਂ ਦਾ ਮਾਹੌਲ ਬਣਦਾ ਹੈ, ਸਿਆਸੀ ਆਗੂਆਂ ਨੂੰ ਹਰ ਦੁੱਖ-ਦਰਦ ਵਿੱਚ ਸਿਆਸਤ ਚਮਕਾਉਣ ਦਾ ਮੌਕਾ ਨਜ਼ਰ ਆਉਣ ਲੱਗਦਾ ਹੈ। ਬਲਕੌਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਸਾਫ਼ ਜਵਾਬ ਦਿੱਤਾ ਕਿ ਉਹ ਆਪਣੇ ਬੇਟੇ ਦੇ ਫੁੱਲ ਚੁਣ ਕੇ ਆਏ ਹਨ। ਅਜਿਹੇ ਗ਼ਮਗੀਨ ਸਮੇਂ ਦੌਰਾਨ ਚੋਣ ਲੜ ਕੇ ਸੰਸਦ ਮੈਂਬਰ ਬਣ ਜਾਣਾ ਅਤੇ ਘਰ ਆ ਕੇ ਜਸ਼ਨ ਮਨਾਉਣਾ ਉਨ੍ਹਾਂ ਦੇ ਜ਼ਮੀਰ ਲਈ ਸੰਭਵ ਨਹੀਂ ਸੀ।

ਕੀ ਕੋਈ ਆਗੂ ਜਾਂ ਪ੍ਰਧਾਨ ਮੰਤਰੀ ਝੋਟੇ ਨੂੰ ਵਾਪਸ ਲਿਆ ਸਕਦਾ ਹੈ?

ਬਲਕੌਰ ਸਿੰਘ ਨੇ ਕਿਹਾ ਕਿ ਆਗੂਆਂ ਨੂੰ ਸਿਰਫ਼ ਉਹੀ ਗੱਲ ਕਰਨੀ ਚਾਹੀਦੀ ਹੈ ਜਿਸ ਨਾਲ ਦੁਖੀ ਪਰਿਵਾਰਾਂ ਨੂੰ ਅਸਲ ਰਾਹਤ ਮਿਲ ਸਕੇ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਆਖ਼ਰ ਇਨਸਾਫ਼ ਕਹਿੰਦੇ ਕਿਸ ਨੂੰ ਹਨ? ਕੀ ਦੇਸ਼ ਦਾ ਕੋਈ ਵੱਡਾ ਆਗੂ ਜਾਂ ਪ੍ਰਧਾਨ ਮੰਤਰੀ ਪਰਿਵਾਰ ਨੂੰ ਉਨ੍ਹਾਂ ਦਾ ਗੁਆਚਿਆ ਪੁੱਤਰ ਵਾਪਸ ਮੋੜ ਸਕਦਾ ਹੈ?

ਉਨ੍ਹਾਂ ਅਮਿਤ ਸ਼ਾਹ ਦੇ ਪੰਜਾਬ ਦੌਰੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਗ੍ਰਹਿ ਮੰਤਰੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਤਾਂ ਪਹੁੰਚ ਰਹੇ ਹਨ, ਪਰ ਇਨ੍ਹਾਂ ਰਸਮੀ ਮੀਟਿੰਗਾਂ ਨਾਲ ਪਰਿਵਾਰਾਂ ਨੂੰ ਅਸਲ ਵਿੱਚ ਕੀ ਹਾਸਲ ਹੋਵੇਗਾ, ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਝੋਟਾ ਕਤਲ ਕੇਸ ਦੀ ਜਾਂਚ ‘ਤੇ ਉਂਗਲ ਚੁੱਕਦਿਆਂ ਪੁੱਛਿਆ ਕਿ ਕੀ ਜਾਂਚ ਅਸ਼ਵਨੀ ਤੋਂ ਅੱਗੇ ਵਧੀ ਹੈ ਜਾਂ ਮਾਮਲਾ ਅਜੇ ਵੀ ਉੱਥੇ ਹੀ ਅਟਕਿਆ ਹੋਇਆ ਹੈ।

Loading...
Unable to load recommendations.
Follow Us