ਝੋਟਾ ਕਤਲਕਾਂਡ: ਅਸ਼ਵਨੀ ਦੇ ਮੈਡੀਕਲ ਸਟੋਰ ਦੀ ਜਾਂਚ ਕਰ ਰਹੀ CBI, ਪੋਸਟਮਾਰਟਮ ਬਾਰੇ ਪਰਿਵਾਰ ਨੇ ਸੰਗਤ ਤੇ ਐਕਸ਼ਨ ਕਮੇਟੀ ਤੋਂ ਮੰਗੀ ਸਲਾਹ
ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਪੋਸਟਮਾਰਟਮ ਸਬੰਧੀ ਅੰਤਿਮ ਫੈਸਲਾ ਮੋਰਚੇ 'ਚ ਪਹੁੰਚੇ ਸਮਰਥਕਾਂ, ਸੰਗਤ ਤੇ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਦੀ ਸਲਾਹ ਨਾਲ ਹੀ ਲਿਆ ਜਾਵੇਗਾ।
ਝੋਟਾ ਕਤਲਕਾਂਡ: ਦੁਕਾਨ ਦੀ ਜਾਂਚ ਜਾਰੀ, ਪੋਸਟਮਾਰਟਮ 'ਤੇ ਸੰਗਤ ਤੋਂ ਮੰਗੀ ਸਲਾਹ
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਸਿਲਸਿਲੇ ‘ਚ ਸੀਬੀਆਈ ਦੀ ਟੀਮ ਨੇ ਅੱਜ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਟੀਮ ਨੇ ਜਾਂਚ ਦੇ ਹਿੱਸੇ ਵਜੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਬਾਰੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ।
ਹਾਲਾਂਕਿ, ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਪੋਸਟਮਾਰਟਮ ਸਬੰਧੀ ਅੰਤਿਮ ਫੈਸਲਾ ਮੋਰਚੇ ‘ਚ ਪਹੁੰਚੇ ਸਮਰਥਕਾਂ, ਸੰਗਤ ਤੇ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਦੀ ਸਲਾਹ ਨਾਲ ਹੀ ਲਿਆ ਜਾਵੇਗਾ।
ਪੋਸਟਮਾਰਟਮ ਦੀ ਇਜਾਜ਼ਤ ਦੀਆਂ ਖ਼ਬਰਾਂ ਨੂੰ ਨਕਾਰਿਆ, ਸੰਗਤ ਤੋਂ ਮੰਗੀ ਸਹਿਮਤੀ
ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਮੀਡੀਆ ‘ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ, ਜਿਨ੍ਹਾਂ ‘ਚ ਕਿਹਾ ਜਾ ਰਿਹਾ ਸੀ ਕਿ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਗਤ ਤੇ ਐਕਸ਼ਨ ਕਮੇਟੀ ਦੀ ਸਲਾਹ ਤੋਂ ਬਿਨਾਂ ਪਰਿਵਾਰ ਇਸ ਸਬੰਧੀ ਕੋਈ ਫੈਸਲਾ ਨਹੀਂ ਲਵੇਗਾ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਪੋਸਟਮਾਰਟਮ ਕਰਵਾਉਣ ਬਾਰੇ ਆਪਣੀ ਰਾਏ ਤੇ ਸਲਾਹ ਦੇਣ, ਤਾਂ ਜੋ ਸਾਂਝੀ ਸਹਿਮਤੀ ਨਾਲ ਅਗਲਾ ਕਦਮ ਚੁੱਕਿਆ ਜਾ ਸਕੇ।
ਦੇਰੀ ਨਾਲ ਸਬੂਤ ਨਸ਼ਟ ਹੋਣ ਦਾ ਖ਼ਦਸ਼ਾ
ਪਰਿਵਾਰ ਨੇ ਦੱਸਿਆ ਕਿ ਕਈ ਮਾਹਿਰਾਂ ਵੱਲੋਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮ੍ਰਿਤਕ ਦੇਹ ਦੇ ਪੋਸਟਮਾਰਟਮ ‘ਚ ਜਿੰਨੀ ਦੇਰੀ ਹੋਵੇਗੀ, ਉੱਨਾ ਹੀ ਅਹਿਮ ਸਬੂਤ ਨਸ਼ਟ ਹੋਣ ਦਾ ਖ਼ਦਸ਼ਾ ਵਧ ਸਕਦਾ ਹੈ। ਪਰਿਵਾਰ ਨੇ ਇਹ ਵੀ ਚਿੰਤਾ ਜਤਾਈ ਕਿ ਪਹਿਲਾਂ ਹੀ ਘਟਨਾ ਨਾਲ ਸਬੰਧਤ ਅਸ਼ਵਨੀ (ਝੋਟੇ ਦੇ ਕਤਲ ਦਾ ਮੁਲਜ਼ਮ) ਦੇ ਮੈਡੀਕਲ ਸਟੋਰ ਦੇ ਢਾਹੇ ਜਾਣ ਕਾਰਨ ਕਈ ਸਬੂਤ ਨਸ਼ਟ ਹੋ ਚੁੱਕੇ ਹਨ। ਹੁਣ ਮ੍ਰਿਤਕ ਦੇਹ ਦੇ ਪੋਸਟਮਾਰਟਮ ‘ਚ ਹੋਰ ਦੇਰੀ ਹੋਣ ਨਾਲ ਵੀ ਜਾਂਚ ਲਈ ਅਹਿਮ ਸਬੂਤ ਪ੍ਰਭਾਵਿਤ ਹੋ ਸਕਦੇ ਹਨ।
ਅਸ਼ਵਨੀ ਦੀ ਦੁਕਾਨ ਦੀ ਜਾਂਚ ਕਰ ਰਹੀ CBI
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ‘ਚ ਸੀਬੀਆਈ ਵੱਲੋਂ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤਹਿਤ ਝੋਟੇ ‘ਤੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਅਸ਼ਵਨੀ ਦੇ ਮੈਡੀਕਲ ਸਟੋਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮਾਮਲੇ ਨਾਲ ਸਬੰਧਤ ਤੱਥਾਂ ਤੇ ਸਬੂਤਾਂ ਦੀ ਪੜਤਾਲ ਕੀਤੀ ਜਾ ਸਕੇ।
ਇਹ ਵੀ ਪੜ੍ਹੋ
ਹੁਣ ਇਸ ਮਾਮਲੇ ‘ਚ ਸੰਗਤ ਤੇ ਐਕਸ਼ਨ ਕਮੇਟੀ ਦੀ ਸਲਾਹ ਤੋਂ ਬਾਅਦ ਪਰਿਵਾਰ ਵੱਲੋਂ ਪੋਸਟਮਾਰਟਮ ਬਾਰੇ ਕੀ ਫੈਸਲਾ ਲਿਆ ਜਾਂਦਾ ਹੈ, ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਰਿਵਾਰ ਦੀ ਮੰਗ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਮਿਲੇ।
