ਜੇਲ੍ਹ ਤੋਂ ਸੰਜੀਵ ਅਰੋੜਾ ਦਾ ਲੁਧਿਆਣਾ ਵਾਸੀਆਂ ਦੇ ਨਾਂ ਭਾਵੁਕ ਪੱਤਰ, ਕਿਹਾ- ਸੱਚ ਦੀ ਜਿੱਤ ਹੋਵੇਗੀ

Published: 

23 Nov 2026 14:59 PM IST

ਪੱਤਰ 'ਚ ਸੰਜੀਵ ਅਰੋੜਾ ਨੇ ਸਮੂਹ ਲੁਧਿਆਣਾ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਪਰਮਾਤਮਾ ਦੇ ਭਾਣੇ ਨੂੰ ਯਾਦ ਕਰਦਿਆਂ ਲਿਖਿਆ ਕਿ ਜੋ ਪਰਮਾਤਮਾ ਕਰਦਾ ਹੈ, ਉਹ ਵੀ ਚੰਗਾ ਹੈ ਤੇ ਜੋ ਨਹੀਂ ਕਰਦਾ, ਉਹ ਵੀ ਚੰਗਾ ਹੈ, ਕਿਉਂਕਿ ਉਸ ਦਾ ਹੁਕਮ ਮਨੁੱਖ ਦੀ ਸੋਚ ਤੋਂ ਕਿਤੇ ਵੱਡਾ ਹੈ।

ਜੇਲ੍ਹ ਤੋਂ ਸੰਜੀਵ ਅਰੋੜਾ ਦਾ ਲੁਧਿਆਣਾ ਵਾਸੀਆਂ ਦੇ ਨਾਂ ਭਾਵੁਕ ਪੱਤਰ, ਕਿਹਾ- ਸੱਚ ਦੀ ਜਿੱਤ ਹੋਵੇਗੀ

ਜੇਲ੍ਹ ‘ਚ ਬੰਦ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਨੇ ਆਪਣੇ ਹਲਕੇ ਦੇ ਲੋਕਾਂ ਦੇ ਨਾਂ ਇੱਕ ਭਾਵੁਕ ਖੁੱਲ੍ਹਾ ਪੱਤਰ ਸਾਂਝਾ ਕੀਤਾ ਹੈ। ਇਸ ਪੱਤਰ ‘ਚ ਉਨ੍ਹਾਂ ਨੇ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਪਿਆਰ, ਸਤਿਕਾਰ ਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਜੂਦਾ ਔਖੇ ਸਮੇਂ ‘ਚ ਪਰਮਾਤਮਾ ਤੇ ਭਾਰਤੀ ਨਿਆਂਪਾਲਿਕਾ ‘ਤੇ ਆਪਣਾ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸੱਚ ਦੀ ਜਿੱਤ ਹੋਣ ਦਾ ਪੂਰਾ ਵਿਸ਼ਵਾਸ ਹੈ।

ਪੱਤਰ ‘ਚ ਸੰਜੀਵ ਅਰੋੜਾ ਨੇ ਸਮੂਹ ਲੁਧਿਆਣਾ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਤੇ ਪਰਮਾਤਮਾ ਦੇ ਭਾਣੇ ਨੂੰ ਯਾਦ ਕਰਦਿਆਂ ਲਿਖਿਆ ਕਿ ਜੋ ਪਰਮਾਤਮਾ ਕਰਦਾ ਹੈ, ਉਹ ਵੀ ਚੰਗਾ ਹੈ ਤੇ ਜੋ ਨਹੀਂ ਕਰਦਾ, ਉਹ ਵੀ ਚੰਗਾ ਹੈ, ਕਿਉਂਕਿ ਉਸ ਦਾ ਹੁਕਮ ਮਨੁੱਖ ਦੀ ਸੋਚ ਤੋਂ ਕਿਤੇ ਵੱਡਾ ਹੈ।

‘ਲੋਕਾਂ ਤੋਂ ਦੂਰ ਹਾਂ, ਪਰ ਦਿਲੋਂ ਹਮੇਸ਼ਾ ਤੁਹਾਡੇ ਨਾਲ ਹਾਂ’

ਅਰੋੜਾ ਨੇ ਪੱਤਰ ‘ਚ ਲਿਖਿਆ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਮਿਲ ਨਹੀਂ ਸਕੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਲੁਧਿਆਣਾ ਵਾਸੀਆਂ ਦੀ ਸੇਵਾ ਕਰਨ ਦਾ ਵਿਚਾਰ ਹਮੇਸ਼ਾ ਉਨ੍ਹਾਂ ਦੇ ਦਿਲ ਤੇ ਦਿਮਾਗ ‘ਚ ਰਹਿੰਦਾ ਹੈ।

ਉਨ੍ਹਾਂ ਨੇ ਆਪਣੇ ਸਿਆਸੀ ਸਫ਼ਰ ਦੇ ਦਿਨਾਂ ਨੂੰ ਯਾਦ ਕਰਦਿਆਂ ਲਿਖਿਆ ਕਿ ਲੋਕਾਂ ਨੇ ਹਰ ਮੁਸ਼ਕਲ ਸਮੇਂ ਉਨ੍ਹਾਂ ਦਾ ਸਾਥ ਦਿੱਤਾ ਤੇ ਉਨ੍ਹਾਂ ਦੀ ਇੱਕ ਆਵਾਜ਼ ‘ਤੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ। ਲੋਕਾਂ ਦੇ ਇਸੇ ਪਿਆਰ ਤੇ ਸਮਰਥਨ ਸਦਕਾ ਉਹ ਵੱਡੇ ਅਹੁਦਿਆਂ ਤੱਕ ਪਹੁੰਚੇ ਹਨ। ਅਰੋੜਾ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਮਿਲੇ ਪਿਆਰ, ਸਤਿਕਾਰ ਤੇ ਵਿਸ਼ਵਾਸ ਲਈ ਸਾਰੀ ਉਮਰ ਰਿਣੀ ਰਹਿਣਗੇ।

‘ਨਿਆਂਪਾਲਿਕਾ ‘ਤੇ ਭਰੋਸਾ, ਸੱਚ ਦੀ ਜਿੱਤ ਦੀ ਉਮੀਦ’

ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਮੁਸ਼ਕਲ ਸਮੇਂ ਦੇ ਬਾਵਜੂਦ ਉਨ੍ਹਾਂ ਦਾ ਹੌਸਲਾ ਤੇ ਲੋਕਾਂ ਪ੍ਰਤੀ ਸਮਰਪਣ ਕਾਇਮ ਹੈ।

‘ਲੁਧਿਆਣਾ ਤੇ ਪੰਜਾਬ ਨੂੰ ਨੰਬਰ-1 ਬਣਾਉਣ ਦਾ ਸੁਪਨਾ’

ਸੰਜੀਵ ਅਰੋੜਾ ਨੇ ਆਪਣੇ ਪੱਤਰ ‘ਚ ਮੁੜ ਲੋਕਾਂ ਵਿਚਕਾਰ ਆਉਣ ਦੀ ਉਮੀਦ ਵੀ ਜਤਾਈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਲੁਧਿਆਣਾ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਸੁਪਨਾ ਆਪਣੇ ਹਲਕੇ ਨੂੰ ਸੂਬੇ ਦਾ ਨੰਬਰ-1 ਹਲਕਾ ਤੇ ਪੰਜਾਬ ਨੂੰ ਦੇਸ਼ ਦਾ ਨੰਬਰ-1 ਸੂਬਾ ਬਣਾਉਣਾ ਹੈ।

Loading...
Unable to load recommendations.
Follow Us