ਪੰਜਾਬ ਦੀ ਸਿਆਸਤ ‘ਚ ਨਵੇਂ ਸਮੀਕਰਨ, ਬਸਪਾ ਦੀ ਖੇਤਰੀ ਪਾਰਟੀਆਂ ਨਾਲ ਗੱਲਬਾਤ; ਗਠਜੋੜ ਲਗਭਗ ਤੈਅ?
ਐਤਵਾਰ ਦੇਰ ਸ਼ਾਮ ਫਰੀਦਕੋਟ 'ਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਗੱਠਜੋੜ ਦਾ ਰਸਮੀ ਐਲਾਨ ਜਲਦ ਕੀਤਾ ਜਾ ਸਕਦਾ ਹੈ।
ਬਸਪਾ ਆਗੂ ਮਾਇਆਵਤੀ ਤੇ ਅਕਾਲੀ ਦਲ ਪੁਨਰ ਸੁਰਜੀਤ ਆਗੂ ਹਰਪ੍ਰੀਤ ਸਿੰਘ
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਸਿਆਸੀ ਸਮੀਕਰਨ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਦੀਆਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਨ ਦੀਆਂ ਚਰਚਾਵਾਂ ਵੀ ਜਾਰੀ ਹਨ। ਕੁਝ ਰਿਪੋਰਟਾਂ ‘ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ਬਸਪਾ ਵਿਚਾਲੇ ਗੱਠਜੋੜ ਬਾਰੇ ਸਹਿਮਤੀ ਬਣਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਇੱਕ ਹੋਰ ਰਿਪੋਰਟ ਮੁਤਾਬਕ ਬਸਪਾ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਸ ਪੰਜਾਬ ਦੇ) ਨਾਲ ਗੱਲਬਾਤ ਕਰਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
ਫਰੀਦਕੋਟ ‘ਚ ਹੋਈ ਮੀਟਿੰਗ ਮਗਰੋਂ ਗੱਠਜੋੜ ਦੀ ਚਰਚਾ
ਦੱਸਿਆ ਜਾ ਰਿਹਾ ਹੈ ਐਤਵਾਰ ਦੇਰ ਸ਼ਾਮ ਫਰੀਦਕੋਟ ‘ਚ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਲੜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਚਰਚਾਵਾਂ ਹਨ ਕਿ ਗੱਠਜੋੜ ਦਾ ਰਸਮੀ ਐਲਾਨ ਜਲਦ ਕੀਤਾ ਜਾ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਵੀ ਚੱਲ ਰਹੀ ਗੱਲਬਾਤ
ਦੂਜੇ ਪਾਸੇ, ਬਸਪਾ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਵੀ 2027 ਦੀਆਂ ਚੋਣਾਂ ਲਈ ਗੱਠਜੋੜ ਦੀਆਂ ਚਰਚਾਵਾਂ ਵੀ ਹਨ। ‘ਵਾਰਿਸ ਪੰਜਾਬ ਦੇ’ ਤੇ ਬਸਪਾ ਵਿਚਕਾਰ ਪਰਦੇ ਪਿੱਛੇ ਗੱਲਬਾਤ ਚੱਲਣ ਦੀਆਂ ਚਰਚਾਵਾਂ ਹਨ।
ਬਸਪਾ ਲਈ ਕਿਉਂ ਅਹਿਮ ਹੈ ਪੰਜਾਬ ਦਾ ਗੱਠਜੋੜ?
ਪੰਜਾਬ ‘ਚ ਬਸਪਾ ਦਾ ਦਲਿਤ ਭਾਈਚਾਰੇ ‘ਚ ਰਵਾਇਤੀ ਆਧਾਰ ਰਿਹਾ ਹੈ। ਸੂਬੇ ਦੀ ਆਬਾਦੀ ‘ਚ ਅਨੁਸੂਚਿਤ ਜਾਤੀਆਂ ਦੀ ਹਿੱਸੇਦਾਰੀ ਲਗਭਗ 32 ਫ਼ੀਸਦੀ ਹੈ। ਪਿਛਲੀਆਂ ਚੋਣਾਂ ‘ਚ ਪਾਰਟੀ ਦੇ ਵੋਟ ਆਧਾਰ ‘ਚ ਆਈ ਗਿਰਾਵਟ ਤੋਂ ਬਾਅਦ ਹੁਣ ਬਸਪਾ ਮੁੜ ਆਪਣੀ ਸਿਆਸੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਗੱਠਜੋੜ ਕਰਕੇ 20 ਸੀਟਾਂ ‘ਤੇ ਚੋਣ ਲੜੀ ਸੀ ਤੇ ਨਵਾਂਸ਼ਹਿਰ ਤੋਂ ਨਛੱਤਰ ਪਾਲ ਹੀ ਜਿੱਤ ਹਾਸਲ ਕਰ ਸਕੇ ਸਨ। ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਪਾਰਟੀ ਨੇ ਇਕੱਲਿਆਂ ਲੜੀਆਂ ਸਨ। ਮਾਇਆਵਤੀ ਨੇ ਅਗਸਤ 2026 ‘ਚ ਵੀ ਪੰਜਾਬ ਦੀਆਂ 2027 ਦੀਆਂ ਚੋਣਾਂ ਇਕੱਲਿਆਂ ਲੜਨ ਦਾ ਐਲਾਨ ਕੀਤਾ ਸੀ। ਹੁਣ ਨਵੇਂ ਸਿਆਸੀ ਸਮੀਕਰਨ ਬਣਨ ਦੀਆਂ ਸੰਭਾਵਨਾਵਾਂ ਹਨ।
