ਜਨਤਾ ਤੋਂ ਮੰਗੇ ਸੁਝਾਅ, ਜਾਰੀ ਕੀਤੇ ਤਿੰਨ ਫ਼ੋਨ ਨੰਬਰ… ਪੰਜਾਬ ਚੋਣਾਂ ਨੂੰ ਲੈ ਕੇ BJP ਦਾ ਵੱਡਾ ਐਲਾਨ
ਅਕਾਲੀ ਦਲ ਨਾਲ ਗਠਜੋੜ ਦੀਆਂ ਅਟਕਲਾਂ ਵਿਚਾਲੇ ਪੰਜਾਬ ਭਾਜਪਾ ਨੇ 2027 ਵਿਧਾਨ ਸਭਾ ਚੋਣਾਂ ਦੇ 'ਸੰਕਲਪ ਪੱਤਰ' ਲਈ ਜਨਤਾ ਤੋਂ ਸੁਝਾਅ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪਾਰਟੀ ਨੇ ਇਸ ਲਈ ਤਿੰਨ ਫ਼ੋਨ ਨੰਬਰ ਅਤੇ ਕਿਊਆਰ ਕੋਡ ਜਾਰੀ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਨਾਲ ਲਗਾਤਾਰ ਸੰਭਾਵਿਤ ਗਠਜੋੜ ਦੀਆਂ ਅਟਕਲਾਂ ਵਿਚਾਲੇ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ‘ਸੰਕਲਪ ਪੱਤਰ’ ਤਿਆਰ ਕਰਨ ਲਈ ਜਨਤਾ ਤੋਂ ਸੁਝਾਅ ਲੈਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਪਾਰਟੀ ਦਫ਼ਤਰ ਵਿਖੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਅਤੇ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਇਸ ਸਬੰਧੀ ਤਿੰਨ ਫ਼ੋਨ ਨੰਬਰ ਅਤੇ ਇੱਕ ਕਿਊਆਰ (QR) ਕੋਡ ਜਾਰੀ ਕੀਤਾ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਉਹ ਸਮਾਜ ਦੇ ਹਰ ਵਰਗ ਤੋਂ ਸੁਝਾਵਾਂ ਦਾ ਸਵਾਗਤ ਕਰਨਗੇ ਅਤੇ ਲੋਕਾਂ ਦੀ ਰਾਏ ਤੋਂ ਬਾਅਦ ਹੀ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ।
ਏਜੰਡਾ ਪੰਜਾਬ ਦੀ ਤਰੱਕੀ ਅਤੇ ਵਿਕਾਸ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦਾ ਇੱਕੋ-ਇੱਕ ਏਜੰਡਾ ਪੰਜਾਬ ਦੀ ਤਰੱਕੀ ਅਤੇ ਵਿਕਾਸ ਹੈ ਅਤੇ ਇਹ ਚੋਣ ਮਨੋਰਥ ਪੱਤਰ ਹਰ ਪੰਜਾਬੀ ਦਾ ਆਪਣਾ ਦਸਤਾਵੇਜ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵਾਸਤੇ ਲੋਕਾਂ ਦੇ ਸੁਝਾਅ ਇਕੱਠੇ ਕਰਨ ਲਈ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਵਾਹਨ ਵੀ ਭੇਜੇ ਜਾਣਗੇ।
ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕ ਹੇਠ ਲਿਖੇ ਮਾਧਿਅਮਾਂ ਰਾਹੀਂ ਸਿੱਧੇ ਤੌਰ ‘ਤੇ ਪਾਰਟੀ ਨੂੰ ਆਪਣੇ ਸੁਝਾਅ ਭੇਜ ਸਕਦੇ ਹਨ:
ਕਾਲ ਕਰਨ ਲਈ: 0797-194-3333
ਮਿਸਡ ਕਾਲ ਲਈ: 991-300-2027 (ਇਸ ਤੋਂ ਬਾਅਦ ਪਾਰਟੀ ਦਫ਼ਤਰ ਵੱਲੋਂ ਫ਼ੋਨ ਕਰਕੇ ਸੁਝਾਅ ਲਏ ਜਾਣਗੇ)
ਇਹ ਵੀ ਪੜ੍ਹੋ
ਵਟਸਐਪ ਲਈ: 750-856-0065
ਹੋਰ ਮਾਧਿਅਮ: ਵੈੱਬਸਾਈਟ ਦੇ ਕਿਊਆਰ (QR) ਕੋਡ ਅਤੇ ਸੂਬੇ ਭਰ ਦੇ ਪਿੰਡਾਂ-ਸ਼ਹਿਰਾਂ ਵਿੱਚ ਜਾਣ ਵਾਲੀਆਂ ਪ੍ਰਚਾਰ ਵੈਨਾਂ ‘ਤੇ ਲੱਗੇ ਸੁਝਾਅ ਬਕਸਿਆਂ ਰਾਹੀਂ।
ਕੀ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਹੋਵੇਗਾ ਗਠਜੋੜ?
ਪੰਜਾਬ ਦੀ ਸਿਆਸਤ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗਠਜੋੜ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਅਨੁਸਾਰ, ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਹੋ ਚੁੱਕੀ ਹੈ ਅਤੇ ਅਗਲੇ ਹਫ਼ਤੇ ਤੱਕ ਇਸ ਦਾ ਰਸਮੀ ਐਲਾਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਵੀ ਪੇਚ ਫਸਿਆ ਹੋਇਆ ਹੈ; ਦੱਸਿਆ ਜਾ ਰਿਹਾ ਹੈ ਕਿ ਭਾਜਪਾ 50 ਤੋਂ 55 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਅਕਾਲੀ ਦਲ 45 ਸੀਟਾਂ ਦੇਣ ਲਈ ਤਿਆਰ ਹੈ।
1997 ਤੋਂ 2017 ਤੱਕ ਰਿਹਾ ਸੀ ਗਠਜੋੜ
ਜ਼ਿਕਰਯੋਗ ਹੈ ਕਿ ਭਾਜਪਾ ਅਤੇ ਅਕਾਲੀ ਦਲ ਨੇ 1997 ਤੋਂ 2017 ਤੱਕ ਗਠਜੋੜ ਤਹਿਤ ਮਿਲ ਕੇ ਚੋਣਾਂ ਲੜੀਆਂ ਸਨ। ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਪੈਦਾ ਹੋਏ ਮਤਭੇਦਾਂ ਕਾਰਨ ਅਕਾਲੀ ਦਲ ਨੇ ਐਨ.ਡੀ.ਏ. (NDA) ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਹੁਣ ਸਿਆਸੀ ਹਲਕਿਆਂ ਵਿੱਚ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਪਾਰਟੀਆਂ ਮੁੜ ਇੱਕ ਮੰਚ ‘ਤੇ ਇਕੱਠੀਆਂ ਹੋ ਸਕਦੀਆਂ ਹਨ।
ਵਿਕਾਸ ਦੇ ਰੋਡਮੈਪ ਵਾਲਾ ਵਿਜ਼ਨ ਡਾਕੂਮੈਂਟ ਹੋਵੇਗਾ ਜਾਰੀ
ਲੋਕਾਂ ਵੱਲੋਂ ਪ੍ਰਾਪਤ ਹੋਣ ਵਾਲੇ ਸਾਰੇ ਸੁਝਾਵਾਂ ਦਾ ਅਧਿਐਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਪਾਰਟੀ ਦਾ ਯਤਨ ਹੈ ਕਿ ਅਗਲੇ ਮਹੀਨੇ ਤੱਕ ਪੰਜਾਬ ਦੇ ਵਿਕਾਸ ਦੇ ਰੋਡਮੈਪ ਵਾਲਾ ਇਹ ਵਿਜ਼ਨ ਡਾਕੂਮੈਂਟ ਜਾਰੀ ਕਰ ਦਿੱਤਾ ਜਾਵੇ। ਇਸ ਸਮਾਗਮ ਮੌਕੇ ਐਚ.ਐਸ. ਫੂਲਕਾ, ਰਾਜਿੰਦਰ ਗੁਪਤਾ, ਮਨੋਰੰਜਨ ਕਾਲੀਆ, ਸੋਮ ਪ੍ਰਕਾਸ਼, ਰਾਣਾ ਗੁਰਮੀਤ ਸਿੰਘ ਸੋਢੀ, ਅਸ਼ਵਨੀ ਸੇਖੜੀ, ਪਰਮਪਾਲ ਕੌਰ ਅਤੇ ਵਿਨੀਤ ਜੋਸ਼ੀ ਸਮੇਤ ਕਈ ਸੀਨੀਅਰ ਭਾਜਪਾ ਆਗੂ ਮੌਜੂਦ ਰਹੇ।
