ਪੰਜਾਬ BJP ਨੇ 2027 ਚੋਣਾਂ ਲਈ ਕੱਸੀ ਕਮਰ, 16 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ

Updated On: 

23 Nov 2026 14:14 PM IST

ਕਮੇਟੀ 'ਚ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ ਤੇ ਸ਼ਵੇਤ ਮਲਿਕ ਨੂੰ ਸ਼ਾਮਲ ਕੀਤਾ ਗਿਆ ਹੈ।

ਪੰਜਾਬ BJP ਨੇ 2027 ਚੋਣਾਂ ਲਈ ਕੱਸੀ ਕਮਰ, 16 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ

ਕੇਵਲ ਸਿੰਘ ਢਿੱਲੋਂ ਤੇ ਹੋਰ ਆਗੂਆਂ ਦੀ ਤਸਵੀਰ

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ 16 ਮੈਂਬਰੀ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ਮੁਤਾਬਕ ਪਾਰਟੀ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਇਸ ਕਮੇਟੀ ਦੀ ਅਗਵਾਈ ਕਰਨਗੇ। ਨਵੀਂ ਕਮੇਟੀ ‘ਚ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਸਾਬਕਾ ਸੂਬਾ ਪ੍ਰਧਾਨਾਂ, ਸਾਬਕਾ ਕੇਂਦਰੀ ਮੰਤਰੀਆਂ, ਸੰਸਦ ਮੈਂਬਰਾਂ ਤੇ ਮੌਜੂਦਾ ਵਿਧਾਇਕ ਨੂੰ ਵੀ ਜਗ੍ਹਾ ਦਿੱਤੀ ਗਈ ਹੈ।

ਕਈ ਸੀਨੀਅਰ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ

ਕਮੇਟੀ ‘ਚ ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ ਤੇ ਸ਼ਵੇਤ ਮਲਿਕ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪਾਰਟੀ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਮੰਤਰੀ ਸ੍ਰੀਨਿਵਾਸਲੂ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਪਰਨੀਤ ਕੌਰ ਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਕਮੇਟੀ ‘ਚ ਜਗ੍ਹਾ ਦਿੱਤੀ ਗਈ ਹੈ। ਹੋਰ ਮੈਂਬਰਾਂ ‘ਚ ਮੰਜੀਤ ਸਿੰਘ ਮੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਦਿਨੇਸ਼ ਬੱਬੂ ਤੇ ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ ਦੇ ਨਾਂ ਸ਼ਾਮਲ ਹਨ।

ਪਰਨੀਤ ਕੌਰ ਨੂੰ ਮਿਲੀ ਜਗ੍ਹਾ, ਕੈਪਟਨ ਦਾ ਨਾਂ ਗਾਇਬ

ਇਸ ਸੂਚੀ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਸ਼ਾਮਲ ਨਹੀਂ ਹੈ, ਜਦਕਿ ਉਨ੍ਹਾਂ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੂੰ ਚੋਣ ਕਮੇਟੀ ‘ਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਮੇਟੀ ‘ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ‘ਚ ਆਏ ਆਗੂਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਮੇਟੀ ਦਾ ਗਠਨ ਪੰਜਾਬ ਭਾਜਪਾ ਦੀਆਂ ਸਿਆਸੀ ਤੇ ਜਥੇਬੰਦਕ ਤਿਆਰੀਆਂ ਦਾ ਅਹਿਮ ਹਿੱਸਾ ਹੈ। ਆਉਣ ਵਾਲੇ ਸਮੇਂ ‘ਚ ਇਹ ਕਮੇਟੀ ਚੋਣਾਂ ਨਾਲ ਸਬੰਧਤ ਪਾਰਟੀ ਦੀ ਰਣਨੀਤੀ ਤੇ ਤਿਆਰੀਆਂ ‘ਚ ਆਪਣੀ ਭੂਮਿਕਾ ਨਿਭਾਏਗੀ।

ਤਿੰਨ ਆਗੂ ਵਿਸ਼ੇਸ਼ ਸੱਦੇ ‘ਤੇ ਹੋਣਗੇ ਸ਼ਾਮਲ

ਭਾਜਪਾ ਵੱਲੋਂ ਤਿੰਨ ਆਗੂਆਂ ਨੂੰ ਵਿਸ਼ੇਸ਼ ਸੱਦੇ ਵਾਲੇ ਮੈਂਬਰਾਂ ਵਜੋਂ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ‘ਚ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੌਮੀ ਜਨਰਲ ਸਕੱਤਰ ਡਾ. ਸਤੀਸ਼ ਪੂਨੀਆ, ਸੂਬਾ ਸਹਿ-ਇੰਚਾਰਜ ਵੀਰੇਂਦਰ ਸਚਦੇਵਾ ਤੇ ਡਾ. ਅਲਕਾ ਗੁਰਜਰ ਸ਼ਾਮਲ ਹਨ। ਇਹ ਆਗੂ ਪੰਜਾਬ ‘ਚ ਪਾਰਟੀ ਦੇ ਸੰਗਠਨ ਨਾਲ ਜੁੜੇ ਕੰਮਾਂ ਤੇ ਚੋਣਾਂ ਦੀਆਂ ਤਿਆਰੀਆਂ ‘ਚ ਅਹਿਮ ਭੂਮਿਕਾ ਨਿਭਾਉਣਗੇ।

Loading...
Unable to load recommendations.
Follow Us