ਬਰਨਾਲਾ ‘ਚ ਭਰਜਾਈ ਦੇ ਪ੍ਰੇਮ ਸਬੰਧਾਂ ਦਾ ਵਿਰੋਧ ਕਰਨ ‘ਤੇ ਦਿਓਰ ਦਾ ਬੇਰਹਿਮੀ ਨਾਲ ਕਤਲ, ਨਹਿਰ ‘ਚੋਂ ਮਿਲੀ ਲਾਸ਼; 4 ਕਾਬੂ
ਬਰਨਾਲਾ ਦੇ ਪਿੰਡ ਸੇਖਾ ਵਿਖੇ ਪਵਿੱਤਰ ਰਿਸ਼ਤਿਆਂ ਨੂੰ ਦਾਗ਼ਦਾਰ ਕਰਨ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਅਗਵਾ ਕਰਨ ਉਪਰੰਤ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਗੁਰਦੀਪ ਸਿੰਘ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਵੱਡਾ ਖ਼ੁਲਾਸਾ ਕੀਤਾ ਹੈ ਅਤੇ ਮਾਮਲੇ ਵਿੱਚ ਸ਼ਾਮਲ ਕੁੱਲ 6 ਮੁਲਜ਼ਮਾਂ ਵਿੱਚੋਂ ਇੱਕ ਔਰਤ ਸਣੇ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਰਨਾਲਾ ਦੇ ਪਿੰਡ ਸੇਖਾ ਵਿਖੇ ਪਵਿੱਤਰ ਰਿਸ਼ਤਿਆਂ ਨੂੰ ਦਾਗ਼ਦਾਰ ਕਰਨ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਅਗਵਾ ਕਰਨ ਉਪਰੰਤ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਗੁਰਦੀਪ ਸਿੰਘ ਕਤਲ ਕਾਂਡ ਦੀ ਗੁੱਥੀ ਸੁਲਝਾਉਂਦਿਆਂ ਵੱਡਾ ਖ਼ੁਲਾਸਾ ਕੀਤਾ ਹੈ ਅਤੇ ਮਾਮਲੇ ਵਿੱਚ ਸ਼ਾਮਲ ਕੁੱਲ 6 ਮੁਲਜ਼ਮਾਂ ਵਿੱਚੋਂ ਇੱਕ ਔਰਤ ਸਣੇ 4 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਵਾਸੀ ਭੈਣੀ ਪੱਤੀ, ਪਿੰਡ ਸੇਖਾ ਵਜੋਂ ਹੋਈ ਹੈ।
ਡਿਊਟੀ ‘ਤੇ ਗਿਆ ਘਰ ਨਹੀਂ ਪਰਤਿਆ ਸੀ ਗੁਰਦੀਪ
ਡੀਐੱਸਪੀ ਰਾਜਿੰਦਰ ਪਾਲ ਸਿੰਘ ਨੇ ਪ੍ਰੈੱਸ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਬਰਨਾਲਾ ਸਥਿਤ ‘ਏਕਤਾ ਨਸ਼ਾ ਛੁਡਾਊ ਕੇਂਦਰ’ ਵਿਖੇ ਪ੍ਰਾਈਵੇਟ ਤੌਰ ‘ਤੇ ਨੌਕਰੀ ਕਰਦਾ ਸੀ। ਬੀਤੀ 16 ਅਕਤੂਬਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰੋਂ ਡਿਊਟੀ ਲਈ ਰਵਾਨਾ ਹੋਇਆ ਸੀ, ਪ੍ਰੰਤੂ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਜਦੋਂ ਉਸ ਦਾ ਕੋਈ ਸੁਰਾਗ਼ ਨਾ ਮਿਲਿਆ ਤਾਂ ਮ੍ਰਿਤਕ ਦੇ ਪਿਤਾ ਨੇ ਤੁਰੰਤ ਪੁਲਿਸ ਕੋਲ ਪਹੁੰਚ ਕਰਕੇ ਗੁੰਮਸ਼ੁਦਗੀ ਦੀ ਇਤਲਾਹ ਦਿੱਤੀ। ਸ਼ਿਕਾਇਤ ਮਿਲਦੇ ਹੀ ਪੁਲਿਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਸੀ।
ਇਹ ਸੀ ਕਤਲ ਦੀ ਮੁੱਖ ਵਜ੍ਹਾ
ਮੁਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਗੁਰਦੀਪ ਸਿੰਘ ਦੀ ਭਰਜਾਈ ਨਿੱਕੀ ਕੌਰ ਉਰਫ਼ ਰਮਨ (ਪਤਨੀ ਅੰਮ੍ਰਿਤਪਾਲ ਸਿੰਘ) ਦੇ ਮੁਲਜ਼ਮ ਜਗਦੇਵ ਸਿੰਘ ਉਰਫ਼ ਦੇਬੀ ਨਾਲ ਪ੍ਰੇਮ ਸਬੰਧ ਸਨ। ਜਗਦੇਵ ਸਿੰਘ ਰਿਸ਼ਤੇ ਵਿੱਚ ਮ੍ਰਿਤਕ ਦੀ ਭੁਆ ਦਾ ਪੁੱਤਰ ਲੱਗਦਾ ਹੈ। ਗੁਰਦੀਪ ਸਿੰਘ ਆਪਣੀ ਭਰਜਾਈ ਅਤੇ ਭੁਆ ਦੇ ਪੁੱਤ ਵਿਚਾਲੇ ਇਨ੍ਹਾਂ ਗ਼ਲਤ ਸਬੰਧਾਂ ਦਾ ਲਗਾਤਾਰ ਸਖ਼ਤ ਵਿਰੋਧ ਕਰਦਾ ਸੀ ਅਤੇ ਦੋਵਾਂ ਨੂੰ ਮਿਲਣ-ਵਰਤਣ ਤੋਂ ਰੋਕਦਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਦੋਵਾਂ ਨੇ ਗੁਰਦੀਪ ਸਿੰਘ ਨੂੰ ਆਪਣੇ ਰਾਹ ਦਾ ਰੋੜਾ ਸਮਝਦਿਆਂ ਉਸ ਨੂੰ ਰਸਤੇ ਵਿੱਚੋਂ ਹਟਾਉਣ ਲਈ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਕਤਲ ਦੀ ਇੱਕ ਖ਼ੌਫ਼ਨਾਕ ਸਾਜ਼ਿਸ਼ ਰਚੀ।
ਪਰਨੇ ਨਾਲ ਘੁੱਟਿਆ ਗਲਾ, ਸ਼ਹਿਣਾ ਨਹਿਰ ‘ਚੋਂ ਮਿਲੀ ਲਾਸ਼
ਪੁਲਿਸ ਜਾਂਚ ਮੁਤਾਬਕ ਯੋਜਨਾ ਤਹਿਤ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਉਸ ਦੇ ਗਲ਼ ਵਿੱਚ ਪਰਨਾ ਪਾ ਕੇ ਗਲਾ ਘੁੱਟ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਪੁਲਿਸ ਮੁਖੀ (ਐੱਸਐੱਸਪੀ ਬਰਨਾਲਾ) ਦੇ ਨਿਰਦੇਸ਼ਾਂ ਤਹਿਤ ਸਾਈਬਰ ਸੈੱਲ ਅਤੇ ਵੱਖ-ਵੱਖ ਪੁਲਿਸ ਟੀਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਜਗਦੇਵ ਸਿੰਘ ਉਰਫ਼ ਦੇਬੀ ਦੀ ਨਿਸ਼ਾਨਦੇਹੀ ‘ਤੇ ਬਰਨਾਲਾ ਦੇ ਪਿੰਡ ਸ਼ਹਿਣਾ ਨੇੜੇ ਵਗਦੀ ਨਹਿਰ ਵਿੱਚੋਂ ਗੁਰਦੀਪ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਇੱਕ ਸਵਿਫ਼ਟ ਕਾਰ ਵੀ ਬਰਾਮਦ ਕਰ ਲਈ ਗਈ ਹੈ।
4 ਗ੍ਰਿਫ਼ਤਾਰ, 2 ਦੀ ਭਾਲ ਜਾਰੀ
ਪੁਲਿਸ ਅਧਿਕਾਰੀਆਂ ਅਨੁਸਾਰ ਥਾਣਾ ਸਿਟੀ ਬਰਨਾਲਾ ਵਿਖੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਨੰਬਰ 522, ਮਿਤੀ 17 ਅਕਤੂਬਰ 2026 ਦਰਜ ਕਰਦਿਆਂ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 127(2) ਅਤੇ 127(6) ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਬੂ ਕੀਤੇ ਚਾਰ ਮੁਲਜ਼ਮਾਂ (ਤਿੰਨ ਪੁਰਸ਼ ਅਤੇ ਇੱਕ ਔਰਤ) ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਜਦਕਿ ਮਾਮਲੇ ‘ਚ ਨਾਮਜ਼ਦ ਬਾਕੀ ਰਹਿੰਦੇ 2 ਫ਼ਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਕੇਸ ਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
