ਮੋਹਾਲੀ ‘ਚ ਸੜਕ ਹਾਦਸੇ ‘ਚ ਮਹਿਲਾ ਦੀ ਗਈ ਜਾਨ, ਪਰਿਵਾਰ ਨੂੰ ਮਿਲੇਗਾ 13 ਲੱਖ ਮੁਆਵਜ਼ਾ; ਘਰਾਂ ‘ਚ ਕਰਦੀ ਸੀ ਕੰਮ
ਮੋਹਾਲੀ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆਉਣ ਵਾਲੀ 52 ਸਾਲਾ ਮਨਜੀਤ ਕੌਰ ਦੇ ਪੀੜਤ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (MACT) ਨੇ ਵੱਡੀ ਰਾਹਤ ਦਿੰਦਿਆਂ 13 ਲੱਖ 18 ਹਜ਼ਾਰ 900 ਰੁਪਏ ਦਾ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਮੋਹਾਲੀ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆਉਣ ਵਾਲੀ 52 ਸਾਲਾ ਮਨਜੀਤ ਕੌਰ ਦੇ ਪੀੜਤ ਪਰਿਵਾਰ ਨੂੰ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ (MACT) ਨੇ ਵੱਡੀ ਰਾਹਤ ਦਿੰਦਿਆਂ 13 ਲੱਖ 18 ਹਜ਼ਾਰ 900 ਰੁਪਏ ਦਾ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਬੀਮਾ ਕੰਪਨੀ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਇਹ ਮੁਆਵਜ਼ਾ ਰਾਸ਼ੀ ਕੇਸ ਦਾਇਰ ਕਰਨ ਦੀ ਮਿਤੀ ਤੋਂ ਲੈ ਕੇ ਅਸਲ ਭੁਗਤਾਨ ਹੋਣ ਤੱਕ 7.5 ਫ਼ੀਸਦੀ ਸਾਲਾਨਾ ਵਿਆਜ ਸਮੇਤ ਅਦਾ ਕੀਤੀ ਜਾਵੇ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਦਾਲਤ ਵਿੱਚ 30 ਲੱਖ ਰੁਪਏ ਦੇ ਮੁਆਵਜ਼ੇ ਲਈ ਦਾਅਵਾ ਪੇਸ਼ ਕੀਤਾ ਗਿਆ ਸੀ।
ਕੰਮ ‘ਤੇ ਜਾ ਰਹੀ ਸੀ ਮਹਿਲਾ, ਕਾਰ ਨੇ ਪਿੱਛੋਂ ਮਾਰੀ ਸੀ ਟੱਕਰ
ਇਹ ਘਟਨਾ ਕਰੀਬ ਇੱਕ ਸਾਲ ਪੁਰਾਣੀ ਹੈ, ਜੋ 25 ਅਪ੍ਰੈਲ 2025 ਨੂੰ ਵਾਪਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਕੌਰ ਟੀ.ਡੀ.ਆਈ. ਸਿਟੀ (ਮੋਹਾਲੀ) ਵਿਖੇ ਘਰਾਂ ਵਿੱਚ ਕੰਮਕਾਜ ਲਈ ਪੈਦਲ ਜਾ ਰਹੀ ਸੀ। ਸਵੇਰੇ ਕਰੀਬ 7 ਵਜੇ ਇੱਕ ਤੇਜ਼ ਰਫ਼ਤਾਰ ਕਾਰ (ਨੰਬਰ CH-01-CX-0607) ਨੇ ਉਸ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਰਾਹਗੀਰਾਂ ਅਤੇ ਪਰਿਵਾਰ ਵੱਲੋਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਸ ਸੰਬੰਧ ਵਿੱਚ ਥਾਣਾ ਸੋਹਾਣਾ ਵਿਖੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਕਮਾਈ ਦਾ ਸਬੂਤ ਨਾ ਹੋਣ ਦੇ ਬਾਵਜੂਦ 15 ਹਜ਼ਾਰ ਰੁਪਏ ਮਹੀਨਾਵਾਰ ਆਮਦਨ ਤੈਅ
ਮੁਆਵਜ਼ੇ ਦੇ ਕੇਸ ਦੀ ਸੁਣਵਾਈ ਦੌਰਾਨ ਪੀੜਤ ਪਰਿਵਾਰ ਮ੍ਰਿਤਕਾ ਦੀ ਪੱਕੀ ਆਮਦਨ ਬਾਰੇ ਕੋਈ ਠੋਸ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ‘ਤੇ ਟ੍ਰਿਬਿਊਨਲ ਨੇ ਘਰੇਲੂ ਕੰਮਕਾਜ ਅਤੇ ਪਰਿਵਾਰ ਦੀ ਦੇਖਭਾਲ ਵਿੱਚ ਇੱਕ ਮਹਿਲਾ ਦੇ ਵਡਮੁੱਲੇ ਯੋਗਦਾਨ ਨੂੰ ਮੁੱਖ ਰੱਖਦਿਆਂ ਉਸ ਦੀ ਕਾਲਪਨਿਕ ਮਾਸਿਕ ਆਮਦਨ 15,000 ਰੁਪਏ ਨਿਰਧਾਰਿਤ ਕੀਤੀ। ਅਦਾਲਤ ਨੇ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਗ੍ਰਹਿਣੀ ਵੱਲੋਂ ਪਰਿਵਾਰ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬੇਮੋਲ ਤੇ ਅਨਮੋਲ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਤੁਲਨਾ ਕਿਸੇ ਆਮ ਨੌਕਰੀਪੇਸ਼ਾ ਮੁਲਾਜ਼ਮ ਨਾਲ ਨਹੀਂ ਕੀਤੀ ਜਾ ਸਕਦੀ।
ਅਦਾਲਤ ਨੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਿਤ ਆਮਦਨ ਵਿੱਚ 10 ਫ਼ੀਸਦੀ ਦਾ ਵਾਧਾ ਕਰਕੇ ਮਾਸਿਕ ਆਮਦਨ 16,500 ਰੁਪਏ ਮੰਨੀ। ਮ੍ਰਿਤਕਾ ਦੀ ਉਮਰ 52 ਸਾਲ ਹੋਣ ਦੇ ਮੱਦੇਨਜ਼ਰ ਨਿਯਮਾਂ ਅਨੁਸਾਰ 11 ਦਾ ਗੁਣਕ (ਮਲਟੀਪਲਾਇਰ) ਲਾਗੂ ਕੀਤਾ ਗਿਆ। ਇਸ ਆਧਾਰ ‘ਤੇ ਪਰਿਵਾਰ ਦੇ ਆਰਥਿਕ ਨੁਕਸਾਨ ਦੇ ਮੁਆਵਜ਼ੇ ਵਜੋਂ 10.89 ਲੱਖ ਰੁਪਏ ਦੀ ਰਕਮ ਤੈਅ ਕੀਤੀ ਗਈ।
ਪਤੀ ਅਤੇ ਬੱਚਿਆਂ ਨੂੰ ਮਿਲੇਗਾ ਮੁਆਵਜ਼ਾ
ਟ੍ਰਿਬਿਊਨਲ ਵੱਲੋਂ ਦਿੱਤੇ ਗਏ ਫ਼ੈਸਲੇ ਅਨੁਸਾਰ ਵਿੱਤੀ ਨਿਰਭਰਤਾ ਦੇ ਨੁਕਸਾਨ ਲਈ 10,89,000 ਰੁਪਏ, ਪਤੀ ਅਤੇ ਬੱਚਿਆਂ ਦੇ ਕੰਸੋਰਟੀਅਮ (ਸਹਾਰੇ ਤੇ ਪਿਆਰ ਦੇ ਨੁਕਸਾਨ) ਵਜੋਂ 1,93,600 ਰੁਪਏ, ਅੰਤਿਮ ਸਸਕਾਰ ਦੇ ਖ਼ਰਚਿਆਂ ਲਈ 18,150 ਰੁਪਏ ਅਤੇ ਜਾਇਦਾਦ/ਵਸਤੂਆਂ ਦੇ ਨੁਕਸਾਨ ਵਜੋਂ 18,150 ਰੁਪਏ ਮਨਜ਼ੂਰ ਕੀਤੇ ਗਏ। ਇਸ ਪ੍ਰਕਾਰ ਕੁੱਲ ਮੁਆਵਜ਼ਾ ਰਾਸ਼ੀ 13,18,900 ਰੁਪਏ ਬਣਦੀ ਹੈ।
ਇਹ ਵੀ ਪੜ੍ਹੋ
ਅਦਾਲਤ ਨੇ ਕਾਰ ਚਾਲਕ ਅਨੀਤਾ ਅਤੇ ਵਾਹਨ ਮਾਲਕ ਸੋਨੂੰ ਸਿੰਘ ਨੂੰ ਇਸ ਸੜਕ ਹਾਦਸੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਘਟਨਾ ਸਮੇਂ ਵਾਹਨ ਦਾ ਕਾਨੂੰਨੀ ਤੇ ਵੈਧ ਬੀਮਾ ਮੌਜੂਦ ਹੋਣ ਕਾਰਨ ਟ੍ਰਿਬਿਊਨਲ ਨੇ ਸਬੰਧਿਤ ਬੀਮਾ ਕੰਪਨੀ ਨੂੰ ਇਹ ਸਾਰੀ ਮੁਆਵਜ਼ਾ ਰਕਮ ਵਿਆਜ ਸਮੇਤ ਪੀੜਤ ਪਰਿਵਾਰ ਨੂੰ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ।
