ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਭੋਗ ਸਮਾਗਮ ਸੰਪੰਨ, ਸੰਗਤ ਦਾ ਉਮੜਿਆ ਵੱਡਾ ਇਕੱਠ; ਰਾਜਾ ਵੜਿੰਗ ਵੀ ਪਹੁੰਚੇ
ਤਰਸੇਮ ਸਿੰਘ ਨੇ ਹਾਲ ਹੀ 'ਚ 21 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਕੁਝ ਘੰਟਿਆਂ ਦੀ ਪੈਰੋਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਿੰਨ ਘੰਟਿਆਂ ਲਈ ਆਉਣ ਨਾਲ ਹੀ ਸੰਗਤ ਤੇ ਨੌਜਵਾਨਾਂ 'ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਹੋਇਆ ਹੈ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਮਾਤਾ ਚਰਨ ਕੌਰ ਦੀ ਅੰਤਿਮ ਅਰਦਾਸ ਤੇ ਭੋਗ ਸਮਾਗਮ ਸ਼ਰਧਾ ਤੇ ਸਤਿਕਾਰ ਨਾਲ ਬੀਤੇ ਦਿਨ ਸੰਪੰਨ ਹੋਇਆ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਹੁੰਚ ਕੇ ਮਾਤਾ ਚਰਨ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨਾਲ ਮੁਲਾਕਾਤ ਕਰਕੇ ਮਾਤਾ ਚਰਨ ਕੌਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।
ਹਰ ਮਾਂ ਤੇ ਦਾਦੀ ਸਭ ਦੀ ਸਾਂਝੀ ਹੁੰਦੀ ਹੈ: ਰਾਜਾ ਵੜਿੰਗ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਹਰ ਕਿਸੇ ਦੀ ਮਾਂ ਤੇ ਦਾਦੀ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਉਹ ਇਸ ਦੁੱਖ ਦੀ ਘੜੀ ‘ਚ ਸਿਰਫ਼ ਪਰਿਵਾਰ ਦਾ ਦੁੱਖ ਵੰਡਾਉਣ ਤੇ ਅਫ਼ਸੋਸ ਪ੍ਰਗਟ ਕਰਨ ਲਈ ਇੱਥੇ ਪਹੁੰਚੇ ਹਨ।
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਤਿੰਨ ਘੰਟਿਆਂ ਦੀ ਪੈਰੋਲ ਬਾਰੇ ਸਵਾਲ ਕੀਤਾ ਤਾਂ ਰਾਜਾ ਵੜਿੰਗ ਨੇ ਇਸ ‘ਤੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਿਰਫ਼ ਦੁੱਖ ਪ੍ਰਗਟ ਕਰਨ ਦਾ ਹੈ ਤੇ ਅਜਿਹੇ ਮੌਕੇ ‘ਤੇ ਸਿਆਸੀ ਗੱਲਬਾਤ ਨਹੀਂ ਹੋਣੀ ਚਾਹੀਦੀ।
ਅੰਮ੍ਰਿਤਪਾਲ ਦੀ ਗੈਰ-ਮੌਜੂਦਗੀ ‘ਤੇ ਭਾਵੁਕ ਹੋਏ ਪਿਤਾ ਤਰਸੇਮ ਸਿੰਘ
ਭੋਗ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਅੰਮ੍ਰਿਤਪਾਲ ਸਿੰਘ ਦੀ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ, ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਵੱਡੀ ਗਿਣਤੀ ‘ਚ ਨੌਜਵਾਨ ਤੇ ਸੰਗਤ ਮਾਤਾ ਜੀ ਦੀ ਅੰਤਿਮ ਅਰਦਾਸ ‘ਚ ਪਹੁੰਚੇ ਹਨ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਅੱਜ ਸੰਗਤ ਦੇ ਰੂਪ ‘ਚ ਖ਼ੁਦ ਅੰਮ੍ਰਿਤਪਾਲ ਸਿੰਘ ਹੀ ਇੱਥੇ ਪਹੁੰਚੇ ਹਨ। ਜਦੋਂ ਕੋਈ ਕੌਮੀ ਸੰਘਰਸ਼ ਦੇ ਰਾਹ ‘ਤੇ ਚੱਲਦਾ ਹੈ ਤਾਂ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਮਾਗਮ ‘ਚ ਪਹੁੰਚੀ ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਸੰਗਤ ਦਾ ਰਿਣੀ ਰਹੇਗਾ।
ਅੰਮ੍ਰਿਤਪਾਲ ਦੀ ਤਿੰਨ ਘੰਟਿਆਂ ਦੀ ਪੈਰੋਲ ਨਾਲ ਨੌਜਵਾਨਾਂ ‘ਚ ਭਰਿਆ ਨਵਾਂ ਜੋਸ਼
ਤਰਸੇਮ ਸਿੰਘ ਨੇ ਹਾਲ ਹੀ ‘ਚ 21 ਤਰੀਕ ਨੂੰ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਕੁਝ ਘੰਟਿਆਂ ਦੀ ਪੈਰੋਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਿੰਨ ਘੰਟਿਆਂ ਲਈ ਆਉਣ ਨਾਲ ਹੀ ਸੰਗਤ ਤੇ ਨੌਜਵਾਨਾਂ ‘ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਵੱਲੋਂ ਆਏ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਦੇਖਣ ਤੋਂ ਬਾਅਦ ਨੌਜਵਾਨਾਂ ‘ਚ ਨਵਾਂ ਜੋਸ਼ ਭਰ ਗਿਆ ਹੈ ਤੇ ਉਹ ਹਰ ਹਾਲਤ ‘ਚ ਚੜ੍ਹਦੀ ਕਲਾ ਵਿੱਚ ਰਹਿ ਕੇ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਪਾਰਟੀ ਰਜਿਸਟ੍ਰੇਸ਼ਨ ‘ਤੇ ਕੀ ਬੋਲੇ?
ਨਵੀਂ ਸਿਆਸੀ ਪਾਰਟੀ ਦੀ ਰਜਿਸਟ੍ਰੇਸ਼ਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਤਰਸੇਮ ਸਿੰਘ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮੌਜੂਦਾ ਸਰਕਾਰਾਂ ਧੱਕੇਸ਼ਾਹੀ ਕਰ ਰਹੀਆਂ ਹਨ ਤੇ ਲੋਕਤੰਤਰ ਦੀਆਂ ਮਰਿਆਦਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਲੋਕਾਂ ਦੇ ਦਿਲਾਂ ‘ਚ ਪਹਿਲਾਂ ਹੀ ਰਜਿਸਟਰ ਹੋ ਚੁੱਕੀ ਹੈ। ਸਰਕਾਰ ਨੂੰ ਆਖ਼ਰਕਾਰ ਪਾਰਟੀ ਰਜਿਸਟਰ ਕਰਨੀ ਹੀ ਪਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਗਤ ਦੀ ਸਲਾਹ ਨਾਲ ਕੋਈ ਹੋਰ ਰਸਤਾ ਲੱਭਿਆ ਜਾਵੇਗਾ।
ਨਵੀਂ ਮੁਹਿੰਮ ਤੇ ਸਿਆਸੀ ਗੱਠਜੋੜ ਬਾਰੇ ਵੀ ਦਿੱਤਾ ਜਵਾਬ
ਕਿਸੇ ਨਵੀਂ ਮੁਹਿੰਮ ਦੇ ਐਲਾਨ ਤੇ ਹੋਰ ਪਾਰਟੀਆਂ ਨਾਲ ਸੰਭਾਵਿਤ ਗੱਠਜੋੜ ਬਾਰੇ ਗੱਲ ਕਰਦਿਆਂ ਤਰਸੇਮ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਜਾਂ ਜਥੇਬੰਦੀ ਸਮਾਜ ਤੇ ਕੌਮ ਦੀ ਭਲਾਈ ਲਈ ਚੰਗਾ ਕੰਮ ਕਰਦੀ ਹੈ ਤਾਂ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਉਨ੍ਹਾਂ ਦੇ ਪਰਿਵਾਰ ਜਾਂ ਜਥੇਬੰਦੀ ਵੱਲੋਂ ਅਜਿਹਾ ਕੋਈ ਵੱਖਰਾ ਪ੍ਰੋਗਰਾਮ ਤੈਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਹਰ ਵਿਅਕਤੀ ਨੂੰ ਆਪਣੀ ਪਾਰਟੀ ਬਣਾਉਣ ਤੇ ਚੋਣ ਲੜਨ ਦਾ ਪੂਰਾ ਅਧਿਕਾਰ ਹੈ।
