AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਕਾਲੀ ਦਲ ਨੇ 2027 ਚੋਣਾਂ ਲਈ ਖਿੱਚੀ ਤਿਆਰੀ, ਸੁਖਬੀਰ ਬਾਦਲ ਨੇ ਬਣਾਈ 20 ਮੈਂਬਰੀ ਮੈਨੀਫੈਸਟੋ ਕਮੇਟੀ; ਭੂੰਦੜ ਬਣੇ ਚੇਅਰਮੈਨ

ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਜਥੇਬੰਦਕ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦਾ ਵੱਡੇ ਪੱਧਰ 'ਤੇ ਪੁਨਰਗਠਨ ਕਰਦਿਆਂ ਇਸ ਦੇ ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ।

ਅਕਾਲੀ ਦਲ ਨੇ 2027 ਚੋਣਾਂ ਲਈ ਖਿੱਚੀ ਤਿਆਰੀ, ਸੁਖਬੀਰ ਬਾਦਲ ਨੇ ਬਣਾਈ 20 ਮੈਂਬਰੀ ਮੈਨੀਫੈਸਟੋ ਕਮੇਟੀ; ਭੂੰਦੜ ਬਣੇ ਚੇਅਰਮੈਨ
tv9-punjabi
| Published: 14 Sep 2026 15:30 PM IST
Share

ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਜਥੇਬੰਦਕ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੀ ਕਮੇਟੀ ਦਾ ਵੱਡੇ ਪੱਧਰ ‘ਤੇ ਪੁਨਰਗਠਨ ਕਰਦਿਆਂ ਇਸ ਦੇ ਮੈਂਬਰਾਂ ਦੀ ਗਿਣਤੀ 9 ਤੋਂ ਵਧਾ ਕੇ 20 ਕਰ ਦਿੱਤੀ ਹੈ। ਇਸ ਵਿਸਤ੍ਰਿਤ ਕਮੇਟੀ ਦੀ ਕਮਾਨ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਉੱਥੇ ਹੀ, ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਇਸ ਅਹਿਮ ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਪਾਰਟੀ ਦੇ ਕਈ ਤਜਰਬੇਕਾਰ ਆਗੂਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦਾ ਮੁੱਖ ਮੰਤਵ ਆਗਾਮੀ ਚੋਣ ਤਰਜੀਹਾਂ ਅਤੇ ਨੀਤੀਆਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਪ੍ਰਬੰਧਕੀ ਤਜਰਬੇ, ਨਵੀਨ ਸੋਚ ਅਤੇ ਨੌਜਵਾਨ ਵਰਗ ਦੀਆਂ ਉਮੀਦਾਂ ਦਾ ਇੱਕ ਸੰਤੁਲਿਤ ਸੁਮੇਲ ਤਿਆਰ ਕਰਨਾ ਹੈ।

ਤਜਰਬੇ ਅਤੇ ਨੌਜਵਾਨ ਊਰਜਾ ਦਾ ਵਿਲੱਖਣ ਸੁਮੇਲ

ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਅਨੁਸਾਰ ਮੈਨੀਫੈਸਟੋ ਕਮੇਟੀ ਦੇ ਵਿਸਥਾਰ ਦਾ ਮੁੱਖ ਮੰਤਵ ਸਮਾਜ ਦੇ ਹਰੇਕ ਵਰਗ ਤੱਕ ਪਹੁੰਚ ਬਣਾਉਣਾ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਇੱਕ ਪਾਰਦਰਸ਼ੀ ਤੇ ਪ੍ਰਭਾਵਸ਼ਾਲੀ ਖ਼ਾਕਾ ਉਲੀਕਣਾ ਹੈ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਕੇਵਲ ਪ੍ਰਬੰਧਕੀ ਅਤੇ ਸਿਆਸੀ ਤਜਰਬਾ ਹੀ ਕਾਫ਼ੀ ਨਹੀਂ ਹੈ, ਸਗੋਂ ਨੌਜਵਾਨਾਂ ਦੀ ਨਵੀਂ ਸੋਚ ਅਤੇ ਔਰਤਾਂ ਦੀ ਭਾਈਵਾਲੀ ਵੀ ਚੋਣ ਮਨੋਰਥ ਪੱਤਰ ਵਿੱਚ ਪ੍ਰਮੁੱਖਤਾ ਨਾਲ ਨਜ਼ਰ ਆਉਣੀ ਚਾਹੀਦੀ ਹੈ।

ਨੌਜਵਾਨਾਂ ਅਤੇ ਮਹਿਲਾਵਾਂ ‘ਤੇ ਵਿਸ਼ੇਸ਼ ਜ਼ੋਰ

ਇਸ ਕਮੇਟੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਲੀਡਰਸ਼ਿਪ ਨੂੰ ਮੋਹਰੀ ਕਤਾਰਾਂ ਵਿੱਚ ਲਿਆਉਣ ਦਾ ਸਪੱਸ਼ਟ ਸੁਨੇਹਾ ਦਿੱਤਾ ਹੈ। ਸਰਬਜੀਤ ਸਿੰਘ ਝਿੰਝਰ, ਅਰਸ਼ਦੀਪ ਸਿੰਘ ਕਲੇਰ ਅਤੇ ਰਣਬੀਰ ਸਿੰਘ ਢਿੱਲੋਂ ਵਰਗੇ ਨੌਜਵਾਨ ਚਿਹਰਿਆਂ ਨੂੰ ਸ਼ਾਮਲ ਕਰਕੇ ਪਾਰਟੀ ਨੇ ਨੌਜਵਾਨਾਂ ਦੇ ਰੁਜ਼ਗਾਰ, ਮਿਆਰੀ ਸਿੱਖਿਆ ਅਤੇ ਖੇਡਾਂ ਦੇ ਵਿਕਾਸ ਵਰਗੇ ਗੰਭੀਰ ਮੁੱਦਿਆਂ ‘ਤੇ ਸਿੱਧਾ ਧਿਆਨ ਕੇਂਦਰਿਤ ਕਰਨ ਦੀ ਰਣਨੀਤੀ ਬਣਾਈ ਹੈ। ਇਸ ਦੇ ਨਾਲ ਹੀ ਹਰਗੋਬਿੰਦ ਕੌਰ, ਜ਼ਾਹਿਦਾ ਸੁਲੇਮਾਨ ਅਤੇ ਕੰਚਨਪ੍ਰੀਤ ਕੌਰ ਦੀ ਮੌਜੂਦਗੀ ਇਹ ਯਕੀਨੀ ਬਣਾਏਗੀ ਕਿ ਮਹਿਲਾ ਸ਼ਕਤੀਕਰਨ, ਉਨ੍ਹਾਂ ਦੀ ਭਲਾਈ ਅਤੇ ਸੁਰੱਖਿਆ ਨਾਲ ਜੁੜੀਆਂ ਨੀਤੀਆਂ ਇਸ ਚੋਣ ਮੈਨੀਫੈਸਟੋ ਦਾ ਕੇਂਦਰੀ ਧੁਰਾ ਬਣਨ।

ਜ਼ਮੀਨੀ ਪੱਧਰ ਦੇ ਸੁਝਾਵਾਂ ਦੇ ਆਧਾਰ ‘ਤੇ ਤਿਆਰ ਹੋਵੇਗਾ ਚੋਣ ਮੈਨੀਫੈਸਟੋ

ਪਾਰਟੀ ਸੂਤਰਾਂ ਅਨੁਸਾਰ ਇਹ 20 ਮੈਂਬਰੀ ਕਮੇਟੀ ਜਲਦ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰੇਗੀ। ਇਸ ਦੌਰਾਨ ਵਪਾਰਕ ਸੰਗਠਨਾਂ, ਕਿਸਾਨ ਜਥੇਬੰਦੀਆਂ, ਮੁਲਾਜ਼ਮ ਫਰੰਟਾਂ ਅਤੇ ਵਿਦਿਆਰਥੀ ਯੂਨੀਅਨਾਂ ਨਾਲ ਮੀਟਿੰਗਾਂ ਕਰਕੇ ਜ਼ਮੀਨੀ ਹਕੀਕਤਾਂ ‘ਤੇ ਆਧਾਰਿਤ ਸੁਝਾਅ ਇਕੱਠੇ ਕੀਤੇ ਜਾਣਗੇ। ਲੋਕਾਂ ਵੱਲੋਂ ਮਿਲੇ ਇਸ ਫੀਡਬੈਕ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਅਕਾਲੀ ਦਲ ਆਪਣਾ ਅੰਤਿਮ ਚੋਣ ਮਨੋਰਥ ਪੱਤਰ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰੇਗਾ।

Follow Us