ਵਿਜੀਲੈਂਸ ਵੱਲੋਂ PSPCL ਦਾ ਸੀਨੀਅਰ ਐਕਸੀਅਨ 45000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਵਿਜੀਲੈਂਸ ਰਿਸ਼ਵਤ ਲੈਣ ਵਾਲਿਆਂ ਦੇ ਖਿਲਾਫ ਲਗਾਤਾਰ ਸਖਤੀ ਕਰ ਰਹੀ ਹੈ ਤੇ ਹੁਣ ਵਿਜੀਲੈਂਸ ਨੇ ਇੱਕ ਬਿਜਲੀ ਬੋਰਡ ਦੇ ਇੱਕ ਐਕਸ਼ਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸਤੇ ਕਰੀਬ 45 ਹਜਾਰ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਹਨ। ਪੰਜਾਬ ਵਿਜੀਲੈਂਸ ਭ੍ਰਿਸ਼ਟਾਚਾਰ ਕਰਨ ਵਾਲਿਆਂ ਖਿਲਾਫ ਸਖਤੀ ਕਰ ਰਹੀ ਹੈ।

ਪੰਜਾਬ ਨਿਊਜ। ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਪੀਪੀਐਸਸੀਐਲ ਦਫ਼ਤਰ ਲਹਿਰਾ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜਨੀਅਰ (ਐਕਸੀਅਨ) ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਲਹਿਰਾ ਬਲਾਕ ਦੇ ਪਿੰਡ ਹਰਿਆਊ ਦੇ ਵਾਸੀ ਸੁਖਚੈਨ ਸਿੰਘ ਦੀ ਸ਼ਿਕਾਇਤ ‘ਤੇ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕਰਕੇ ਦੱਸਿਆ ਕਿ ਲਹਿਰਾ ਬਲਾਕ ਦੇ ਪਿੰਡ ਢੀਂਡਸਾ ਦਾ ਉਸ ਦਾ ਰਿਸ਼ਤੇਦਾਰ ਮੇਜਰ ਸਿੰਘ ਆਪਣਾ ਟਿਊਬਵੈੱਲ ਕੁਨੈਕਸ਼ਨ (Tubewell connection) ਕਿਸੇ ਹੋਰ ਪਿੰਡ ਛਾਜਲੀ ਵਿਖੇ ਤਬਦੀਲ ਕਰਨਾ ਚਾਹੁੰਦਾ ਹੈ। ਮੇਜਰ ਸਿੰਘ ਨੇ ਬਜੁਰਗ ਵਿਅਕਤੀ ਹੋਣ ਕਾਰਨ ਸ਼ਿਕਾਇਤਕਰਤਾ ਸੁਖਚੈਨ ਸਿੰਘ ਨੂੰ ਕੁਨੈਕਸ਼ਨ ਤਬਦੀਲ ਕਰਵਾਉਣ ਲਈ ਆਪਣੇ ਕੇਸ ਦੀ ਪੈਰਵੀ ਕਰਨ ਲਈ ਕਿਹਾ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਹ ਇਸ ਸਬੰਧੀ ਐਕਸੀਅਨ (Axion) ਮੁਨੀਸ਼ ਕੁਮਾਰ ਜਿੰਦਲ ਨੂੰ ਮਿਲਿਆ ਤਾਂ ਉਸ ਨੇ ਇਸ ਟਿਊਬਵੈੱਲ ਕੁਨੈਕਸ਼ਨ ਨੂੰ ਤਬਦੀਲ ਕਰਨ ਲਈ 45000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਉਪਰੰਤ ਵਿਜੀਲੈਂਸ ਪਟਿਆਲਾ (Patiala) ਰੇਂਜ ਨੇ ਜਾਲ ਵਿਛਾ ਕੇ ਉਪਰੋਕਤ ਸੀਨੀਅਰ ਐਕਸੀਅਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪਟਿਆਲਾ ਰੇਂਜ ਥਾਣੇ ਵਿੱਚ ਮੁਨੀਸ਼ ਕੁਮਾਰ ਜਿੰਦਲ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।