ਗੋਲਡਨ ਟੈਂਪਲ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ, SGPC ਦੀ ਅਪੀਲ – ਘਬਰਾਉਣ ਦੀ ਨਹੀਂ ਲੋੜ
Golden Temple Security Alert: ਐਸਜੀਪੀਸੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ, ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਅਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸਕੱਤਰ ਪ੍ਰਤਾਪ ਸਿੰਘ ਨੇ ਸੰਗਤ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ।

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਇਕ ਵਾਰ ਫਿਰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਨਾਲ ਪੂਰੇ ਪੰਜਾਬ ਵਿਚ ਹਲਚਲ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੱਕ ਧਮਕੀ ਭਰਿਆ ਮੇਲ ਆਇਆ ਸੀ ਜਿਸ ‘ਚ ਸ੍ਰੀ ਦਰਬਾਰ ਸਾਹਿਬ ਨੂੰ RDX ਨਾਲ ਉਡਾਉਣ ਦੀ ਗੱਲ ਕਹੀ ਗਈ ਸੀ। ਪੁਲਿਸ ਦਾ ਬਿਆਨ ਆਇਆ ਸੀ ਕਿ ਦਰਬਾਰ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਮੇਲ ਭੇਜਣ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਧਮਕੀ ਪਿਛਲੇ ਦਿਨ ਦੀ ਧਮਕੀ ਵਾਲੀ ਈਮੇਲ ਦੇ ਤੁਰੰਤ ਬਾਅਦ ਆਈ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੱਲ੍ਹ ਦੀ ਈਮੇਲ ‘ਤੇ ਸਹੀ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਿਰਫ਼ ਸਿੱਖਾਂ ਲਈ ਨਹੀਂ, ਸਾਰੀ ਮਨੁੱਖਤਾ ਲਈ ਆਸਥਾ ਦਾ ਕੇਂਦਰ ਹੈ। ਹਰ ਰੋਜ਼ ਲੱਖਾਂ ਸੰਗਤਾਂ ਇੱਥੇ ਨਤਮਸਤਕ ਹੁੰਦੀਆਂ ਹਨ। ਅਜਿਹੀ ਜਗ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਵਾਲੇ ਬਹੁਤ ਵੱਡੀ ਮੂਰਖਤਾ ਕਰ ਰਹੇ ਹਨ। ਫੌਜ, ਪੁਲਿਸ ਅਤੇ ਡੋਗ ਸਕਵਾਡ ਦੀਆਂ ਟੀਮਾਂ ਨੇ ਸੱਚਖੰਡ ਸਾਹਿਬ ਦੇ ਚਾਰੇ ਪਾਸੇ ਜਾਂਚ ਤੇ ਨਿਗਰਾਨੀ ਕਾਇਮ ਕਰ ਦਿੱਤੀ ਹੈ।
ਐਸਜੀਪੀਸੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ, ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਅਜਿਹੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਸਕੱਤਰ ਪ੍ਰਤਾਪ ਸਿੰਘ ਨੇ ਸੰਗਤ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਸੁਰੱਖਿਆ ਪ੍ਰਬੰਧ ਪੂਰੇ ਹਨ ਤੇ ਜ਼ਿੰਮੇਵਾਰ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ।
ਬੀਤੇ ਦਿਨ ਵੀ ਮਿਲੀ ਸੀ ਧਮਕੀ
ਬੀਤੇ ਦਿਨ ਵੀ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਘੇਰਾ ਵਧਾ ਦਿੱਤਾ ਸੀ। ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਇਸ ਇਮੇਲ ਤੋਂ ਬਾਅਦ ਸੁਰੱਖਿਆ ਦਲ ਪੁਰੀ ਤਰ੍ਹਾਂ ਸਰਗਰਮ ਹੈ ਅਤੇ ਸੁਰੱਖਿਆ ਨੂੰ ਹੋਰ ਵੀ ਪੁਖ਼ਤਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸੰਗਤ ਨੂੰ ਭਰੋਸਾ ਦਵਾਇਆ ਸੀ ਕਿ ਪੁਲਿਸ ਟੀਮ ਇੱਥੇ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਤਿਆਰ ਹੈ।