ਸਚਿਨ ਪਾਇਲਟ ਦਾ ਲੁਧਿਆਣਾ ਦੌਰਾ: ਮਰਹੂਮ ਕਬੱਡੀ ਖਿਡਾਰੀ ਤੇਜਪਾਲ ਦੇ ਘਰ ਪਹੁੰਚਣਗੇ; 2027 ਚੋਣਾਂ ਦੀ ਤਿਆਰੀ ਦਾ ਲੈਣਗੇ ਜਾਇਜ਼ਾ
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਸ਼ਨੀਵਾਰ ਨੂੰ ਜਗਰਾਓਂ ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਪਹੁੰਚ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਉੱਘੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਨਗੇ।
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਸ਼ਨੀਵਾਰ ਨੂੰ ਜਗਰਾਓਂ ਹਲਕੇ ਦੇ ਪਿੰਡ ਗਿੱਦੜਵਿੰਡੀ ਵਿਖੇ ਪਹੁੰਚ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਉੱਘੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਨਗੇ। ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਸਚਿਨ ਪਾਇਲਟ ਅੱਜ ਇਤਿਹਾਸਕ ਅਸਥਾਨ ਸ੍ਰੀ ਭੈਣੀ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ ਅਤੇ ਅਸ਼ੀਰਵਾਦ ਪ੍ਰਾਪਤ ਕਰਨਗੇ।
ਇਸ ਦੌਰੇ ਦੌਰਾਨ ਸਚਿਨ ਪਾਇਲਟ ਦੇ ਨਾਲ ਹਲਕਾ ਜਗਰਾਓਂ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹਿਣਗੇ। ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸੋਨੀ ਗਾਲਿਬ, ਬਲਾਕ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਅਤੇ ਮਨੀ ਗਰਗ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਅਹੁਦੇਦਾਰ ਵੀ ਸ਼ਾਮਲ ਹੋਣਗੇ।
ਸੰਵੇਦਨਾ ਦੇ ਨਾਲ-ਨਾਲ ਸਿਆਸੀ ਸਮੀਕਰਨ ਸਾਧਣ ਦੀ ਤਿਆਰੀ
ਪਾਇਲਟ ਦੇ ਇਸ ਦੌਰੇ ਨੂੰ ਸਿਰਫ਼ ਨਿੱਜੀ ਸੰਵੇਦਨਾ ਪ੍ਰਗਟਾਉਣ ਤੱਕ ਸੀਮਤ ਨਹੀਂ ਦੇਖਿਆ ਜਾ ਰਿਹਾ, ਸਗੋਂ ਪੰਜਾਬ ਕਾਂਗਰਸ ਦੀਆਂ ਸੰਗਠਨਾਤਮਕ ਸਰਗਰਮੀਆਂ ਅਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਪੱਖੋਂ ਵੀ ਇਹ ਦੌਰਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਸੂਬੇ ਦੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਉਨ੍ਹਾਂ ਦੇ ਇਸ ਦੌਰੇ ਅਤੇ ਆਗੂਆਂ ਨਾਲ ਹੋਣ ਵਾਲੀਆਂ ਮੀਟਿੰਗਾਂ ‘ਤੇ ਟਿਕੀਆਂ ਹੋਈਆਂ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਇਲਟ ਇੱਕ ਪੰਥ ਦੋ ਕਾਜ ਵਾਲੀ ਰਣਨੀਤੀ ਤੇ ਕੰਮ ਕਰ ਰਹੇ ਹਨ। ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਅੰਦਰ ਵੱਖ-ਵੱਖ ਧੜਿਆਂ ਦਰਮਿਆਨ ਬਿਹਤਰ ਤਾਲਮੇਲ ਕਾਇਮ ਕਰਨ ਦੇ ਯਤਨ ਵਜੋਂ ਇਸ ਦੌਰੇ ਨੂੰ ਦੇਖਿਆ ਜਾ ਰਿਹਾ ਹੈ। ਅੰਦਰੂਨੀ ਸੂਤਰਾਂ ਮੁਤਾਬਕ, ਪਾਇਲਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਨਾਲ ਜੁੜੇ ਪ੍ਰਮੁੱਖ ਆਗੂਆਂ ਨਾਲ ਵੀ ਲਗਾਤਾਰ ਰਾਬਤਾ ਵਧਾ ਰਹੇ ਹਨ।
2027 ਦੀਆਂ ਚੋਣਾਂ ਲਈ ਰਣਨੀਤੀ ਅਤੇ ਆਪਸੀ ਏਕਤਾ ‘ਤੇ ਮੰਥਨ
ਸੂਤਰਾਂ ਅਨੁਸਾਰ ਇਨ੍ਹਾਂ ਮੁਲਾਕਾਤਾਂ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਵਿਊਂਤਬੰਦੀ, ਸੂਬੇ ਵਿੱਚ ਪਾਰਟੀ ਦੀ ਮੌਜੂਦਾ ਸੰਗਠਨਾਤਮਕ ਸਥਿਤੀ ਅਤੇ ਲੀਡਰਸ਼ਿਪ ਦਰਮਿਆਨ ਆਪਸੀ ਸਹਿਯੋਗ ਵਧਾਉਣ ਵਰਗੇ ਅਹਿਮ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ
ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲਈ ਆਪਣੇ ਕਾਡਰ ਅਤੇ ਆਗੂਆਂ ਨੂੰ ਇਕਜੁੱਟ ਰੱਖਣਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਪਾਇਲਟ ਵੱਲੋਂ ਵੱਖ-ਵੱਖ ਆਗੂਆਂ ਨਾਲ ਜ਼ਮੀਨੀ ਪੱਧਰ ‘ਤੇ ਮੁਲਾਕਾਤਾਂ ਕਰਨ ਦੇ ਸਿਲਸਿਲੇ ਨੂੰ ਪਾਰਟੀ ਅੰਦਰੂਨੀ ਸਮੀਕਰਨਾਂ ਨੂੰ ਸੁਲਝਾਉਣ ਅਤੇ ਸੰਗਠਨ ਵਿੱਚ ਨਵੀਂ ਰੂਹ ਫੂਕਣ ਦੀ ਵੱਡੀ ਕੋਸ਼ਿਸ਼ ਵਜੋਂ ਲਿਆ ਜਾ ਰਿਹਾ ਹੈ।
