ਅੰਮ੍ਰਿਤਸਰ ‘ਚ ਅਕਾਲੀ ਬੁਲਾਰਾ ਦਾ ਨਵਜੋਤ ਕੌਰ ਸਿੱਧੂ ‘ਤੇ ਪਲਟਵਾਰ, ਆਰੋਪਾਂ ਦੇ ਮੰਗੇ ਸਬੂਤ; ਘਿਰਾਓ ਦੀ ਚੇਤਾਵਨੀ
ਪੰਜਾਬ ਦੀ ਸਿਆਸਤ ਵਿੱਚ ਦੋਸ਼ਾਂ ਅਤੇ ਜਵਾਬੀ ਹਮਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬੁਲਾਰਾ ਰੂਪ ਕੌਰ ਸੰਧੂ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਕੀਤੀਆਂ ਗਈਆਂ ਟਿੱਪਣੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਰੂਪ ਕੌਰ ਨੇ ਨਾ ਸਿਰਫ਼ ਸਿਆਸੀ ਮਰਯਾਦਾ ਦੀ ਯਾਦ ਦਿਵਾਈ, ਸਗੋਂ ਤੱਥਾਂ ਅਤੇ ਸਬੂਤਾਂ ਦੇ ਆਧਾਰ 'ਤੇ ਪਰਦਾਫਾਸ਼ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ।
ਪੰਜਾਬ ਦੀ ਸਿਆਸਤ ਵਿੱਚ ਦੋਸ਼ਾਂ ਅਤੇ ਜਵਾਬੀ ਹਮਲਿਆਂ ਦਾ ਦੌਰ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਬੁਲਾਰਾ ਰੂਪ ਕੌਰ ਸੰਧੂ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਕੀਤੀਆਂ ਗਈਆਂ ਟਿੱਪਣੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਰੂਪ ਕੌਰ ਨੇ ਨਾ ਸਿਰਫ਼ ਸਿਆਸੀ ਮਰਯਾਦਾ ਦੀ ਯਾਦ ਦਿਵਾਈ, ਸਗੋਂ ਤੱਥਾਂ ਅਤੇ ਸਬੂਤਾਂ ਦੇ ਆਧਾਰ ‘ਤੇ ਪਰਦਾਫਾਸ਼ ਕਰਨ ਦੀ ਸਖ਼ਤ ਚਿਤਾਵਨੀ ਵੀ ਦਿੱਤੀ।
ਦਰਅਸਲ, ਡਾ. ਨਵਜੋਤ ਕੌਰ ਸਿੱਧੂ ਨੇ ਬੀਤੇ ਸ਼ੁੱਕਰਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਇੱਕ ਵੀਡੀਓ ਰਾਹੀਂ ਤਿੱਖਾ ਹਮਲਾ ਬੋਲਿਆ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀ ਕਰਦਿਆਂ ਸੁਖਬੀਰ ਬਾਦਲ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ ਅਤੇ ਉਨ੍ਹਾਂ ਦੀ ਕਾਰਜਸ਼ੈਲੀ ‘ਤੇ ਸਵਾਲ ਖੜ੍ਹੇ ਕੀਤੇ ਸਨ।
ਸਿਆਸੀ ਮਰਯਾਦਾ ਅਤੇ ਪੱਧਰ ‘ਤੇ ਚੁੱਕੇ ਸਵਾਲ
ਰੂਪ ਕੌਰ ਸੰਧੂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਸਿੱਧੇ ਹਮਲੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮਹਿਲਾ ਹੋਣ ਦੇ ਨਾਤੇ ਉਹ ਹੁਣ ਤੱਕ ਇਸ ਲਈ ਚੁੱਪ ਸਨ ਕਿਉਂਕਿ ਸਮਾਜ ਅਤੇ ਰਾਜਨੀਤੀ ਵਿੱਚ ਇੱਕ ਮਰਯਾਦਾ ਹੁੰਦੀ ਹੈ। ਉਨ੍ਹਾਂ ਨਵਜੋਤ ਕੌਰ ਸਿੱਧੂ ‘ਤੇ ਤੰਜ਼ ਕੱਸਦਿਆਂ ਕਿਹਾ, “ਸ਼ਾਇਦ ਤੁਸੀਂ ਇਹ ਉਮੀਦ ਕਰ ਰਹੇ ਹੋਵੋਗੇ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੁਹਾਨੂੰ ਜਵਾਬ ਦੇਣਗੇ, ਪਰ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਤੁਹਾਡਾ ਇੰਨਾ ਸਿਆਸੀ ਪੱਧਰ ਨਹੀਂ ਹੈ ਕਿ ਉਹ ਤੁਹਾਨੂੰ ਜਵਾਬ ਦੇਣ।”
ਨਿੱਜੀ ਹਮਲਿਆਂ ‘ਤੇ ਘਿਰਾਓ ਦੀ ਚਿਤਾਵਨੀ
ਰੂਪ ਕੌਰ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ, “ਮੈਂ ਸਿਰਫ਼ ਸੋਸ਼ਲ ਮੀਡੀਆ ‘ਤੇ ਬੋਲਣ ਵਾਲਿਆਂ ਵਿੱਚੋਂ ਨਹੀਂ ਹਾਂ। ਅਸੀਂ ਇੱਕੋ ਸ਼ਹਿਰ ਵਿੱਚ ਰਹਿੰਦੇ ਹਾਂ; ਜੇਕਰ ਤੁਸੀਂ ਆਪਣੇ ਦੋਸ਼ ਸਾਬਤ ਨਾ ਕੀਤੇ, ਤਾਂ ਸਾਨੂੰ ਤੁਹਾਡੇ ਘਰ ਦਾ ਘਿਰਾਓ ਕਰਨਾ ਚੰਗੀ ਤਰ੍ਹਾਂ ਆਉਂਦਾ ਹੈ।” ਉਨ੍ਹਾਂ ਨੇ ਇਸ ਨੂੰ ਆਪਣੀ ਪਹਿਲੀ ਅਤੇ ਆਖਰੀ ਚਿਤਾਵਨੀ ਕਰਾਰ ਦਿੱਤਾ।
ਧਰਮ ਅਤੇ ਪਾਰਟੀ ਦੇ ਸਤਿਕਾਰ ਦੀ ਰਾਖੀ
ਨਵਜੋਤ ਕੌਰ ਸਿੱਧੂ ਵੱਲੋਂ ਗੁਰੂ ਸਾਹਿਬ ਦੀ ਮਰਯਾਦਾ ਅਤੇ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਚੁੱਕੇ ਸਵਾਲਾਂ ‘ਤੇ ਰੂਪ ਕੌਰ ਨੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਦੋਸ਼ ਲਾਇਆ ਕਿ ਨਵਜੋਤ ਕੌਰ ਸਿੱਧੂ ਸਿਰਫ਼ ‘ਪਬਲੀਸਿਟੀ’ ਅਤੇ ‘ਪੀ.ਆਰ.’ ਸਟੰਟ ਲਈ ਸੁਖਬੀਰ ਸਿੰਘ ਬਾਦਲ ਦੇ ਨਾਂ ਦਾ ਇਸਤੇਮਾਲ ਕਰ ਰਹੀ ਹੈ, ਕਿਉਂਕਿ ਸਿੱਧੂ ਪਰਿਵਾਰ ਕੋਲ ਹੁਣ ਆਪਣਾ ਕਹਿਣ ਨੂੰ ਕੁਝ ਨਹੀਂ ਬਚਿਆ।
ਇਹ ਵੀ ਪੜ੍ਹੋ
ਘੁਟਾਲਿਆਂ ਦਾ ਕੱਚਾ ਚਿੱਠਾ ਖੋਲ੍ਹਣ ਦੀ ਧਮਕੀ
ਰੂਪ ਕੌਰ ਨੇ ਸ਼ਹਿਰ ਵਿੱਚ ਹੋਏ ਕਥਿਤ ਘੁਟਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਬੂਤਾਂ ਦਾ ਅੰਬਾਰ ਹੈ। ਉਨ੍ਹਾਂ ਕਿਹਾ, “ਮੈਂ ਨਹੀਂ ਚਾਹੁੰਦੀ ਕਿ ਇੱਕ ਔਰਤ ਦੂਜੀ ਔਰਤ ਨੂੰ ਸਮਾਜ ਵਿੱਚ ਨੰਗਾ ਕਰੇ, ਕਿਉਂਕਿ ਪਰਿਵਾਰਾਂ ਵਿੱਚ ਪਰਦੇ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਆਪਣੀ ਜ਼ੁਬਾਨ ਨੂੰ ਲਗਾਮ ਨਾ ਦਿੱਤੀ, ਤਾਂ ਅਗਲੀ ਵਾਰ ਮੈਂ ਦਸਤਾਵੇਜ਼ਾਂ ਅਤੇ ਵੀਡੀਓ ਸਬੂਤਾਂ ਨਾਲ ਲਾਈਵ ਆਵਾਂਗੀ ਅਤੇ ਤੁਹਾਡੇ ਪਰਿਵਾਰ ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਾਂਗੀ।”
ਸਿਹਤ ਅਤੇ ਵਿਵਹਾਰ ‘ਤੇ ਕਟਾਖਸ਼
ਅੰਤ ਵਿੱਚ ਰੂਪ ਕੌਰ ਨੇ ਡਾ. ਨਵਜੋਤ ਕੌਰ ਸਿੱਧੂ ਦੀ ਬਿਮਾਰੀ (ਕੈਂਸਰ) ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਿਕਵਰੀ ਤਾਂ ਹੋ ਗਈ ਹੈ, ਪਰ ਸ਼ਾਇਦ ਉਨ੍ਹਾਂ ਨੂੰ ਮਾਨਸਿਕ ਜਾਂਚ (MRI) ਦੀ ਲੋੜ ਹੈ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਸਿੱਧੂ ਕਰ ਰਹੇ ਹਨ, ਉਸ ‘ਤੇ ਤਰਸ ਆਉਂਦਾ ਹੈ।


