ਕਾਂਗਰਸ ਨੂੰ ਝਟਕਾ, ਜਲੰਧਰ 'ਚ ਰਾਣਾ ਗੁਰਜੀਤ ਦੇ ਭਤੀਜੇ ਆਪ 'ਚ ਸ਼ਾਮਲ ਤਾਂ ਬਠਿੰਡਾ 'ਚ ਵੀ ਕਾਂਗਰਸੀ ਵਰਕਰਾਂ ਨੇ ਛੱਡੀ ਪਾਰਟੀ Punjabi news - TV9 Punjabi

ਕਾਂਗਰਸ ਨੂੰ ਝਟਕਾ, ਜਲੰਧਰ ‘ਚ ਰਾਣਾ ਗੁਰਜੀਤ ਦੇ ਭਤੀਜੇ ਆਪ ‘ਚ ਸ਼ਾਮਲ ਤਾਂ ਬਠਿੰਡਾ ‘ਚ ਵੀ ਕਾਂਗਰਸੀ ਵਰਕਰਾਂ ਨੇ ਛੱਡੀ ਪਾਰਟੀ

Updated On: 

28 Apr 2023 19:22 PM

ਬਠਿੰਡਾ ਅਤੇ ਜਲੰਧਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਨੂੰ ਪਾਰਟੀ ਦਾ ਹੱਥ ਛੱਡ ਦਿੱਤਾ ਤਾਂ ਬਠਿੰਡਾ ਵਿੱਚ ਵੀ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਕਈ ਸਮਰਥਕਾਂ ਨੇ ਕਾਂਗਰਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਜਲੰਧਰ ਤੋਂ ਦਵਿੰਦਰ ਬੱਸੀ ਅਤੇ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ

ਕਾਂਗਰਸ ਨੂੰ ਝਟਕਾ, ਜਲੰਧਰ ਚ ਰਾਣਾ ਗੁਰਜੀਤ ਦੇ ਭਤੀਜੇ ਆਪ ਚ ਸ਼ਾਮਲ ਤਾਂ ਬਠਿੰਡਾ ਚ ਵੀ ਕਾਂਗਰਸੀ ਵਰਕਰਾਂ ਨੇ ਛੱਡੀ ਪਾਰਟੀ
Follow Us On

ਜਲੰਧਰ ਨਿਊਜ: ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਦਲ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ (Rana Gurjit Singh) ਦੇ ਭਤੀਜੇ ਹਰਦੀਪ ਸਿੰਘ ਰਾਣਾ ‘ਆਪ’ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਵੀ ਆਪ ਦਾ ਹੱਥ ਫੜ ਲਿਆ। ਇਸ ਤੋਂ ਇਲਾਵਾ ਕਾਂਗਰਸ ਦੇ ਕਈ ਅਹੁਦੇਦਾਰਾਂ ਅਤੇ ਕੌਂਸਲਰਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਮੈਂਬਰਸ਼ਿੱਪ ਦਿੱਤੀ।

ਇਸ ਮੌਕੇ ਹਰਦੀਪ ਸਿੰਘ ਰਾਣਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਜੋ ਵੀ ਜਿੰਮੇਦਾਰੀ ਉਨ੍ਹਾਂ ਨੂੰ ਦੇਵੇਗੀ, ਉਸਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਉੱਧਰ, ਬਠਿੰਡਾ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਛੇ ਮਿਊਂਸਪਲ ਕੌਂਸਲਰਾਂ ਨੇ ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ਤੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਕੌਂਸਲਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਫਾਦਾਰ ਹਨ, ਜਿਨ੍ਹਾਂ ਨੇ ਹੁਣ ਭਾਜਪਾ ਦਾ ਕਮਲ ਫੜ ਲਿਆ ਹੈ। ਕਾਂਗਰਸ ਛੱਡਣ ਵਾਲੇ ਕੌਂਸਲਰਾਂ ਵਿੱਚ ਬਲਜੀਤ ਕੌਰ (ਵਾਰਡ ਨੰ: 3), ਬਲਜੀਤ ਸਿੰਘ ਰਾਜੂ ਸਰਾਂ (ਵਾਰਡ ਨੰ. 10), ਅਸੀਸਰ ਪਾਸਵਾਨ (ਵਾਰਡ ਨੰ. 12), ਵੀਰਪਾਲ ਕੌਰ (ਵਾਰਡ ਨੰ. 9), ਸ਼ਾਮ ਲਾਲ ਜੈਨ (ਵਾਰਡ ਨੰ. 24) ਅਤੇ ਸੰਦੀਪ ਕੁਮਾਰ ਬੌਬੀ (ਵਾਰਡ ਨੰ. 26) ਸ਼ਾਮਲ ਹਨ।

ਵਰਕਰਾਂ ਦਾ ਕਾਂਗਰਸ ‘ਤੇ ਇਲਜਾਮ

ਇਹ ਸਾਰੇ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਣਗੇ, ਇਸ ਬਾਰੇ ਇਨ੍ਹਾਂ ਨੇ ਅਜੇ ਅਧਿਕਾਰਤ ਤੌਰ ‘ਤੇ ਕੋਈ ਸੰਕੇਤ ਨਹੀਂ ਦਿੱਤਾ ਹੈ, ਪਰ ਭਾਜਪਾ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਕੌਂਸਲਰ ਜਲੰਧਰ ਸੰਸਦੀ ਹਲਕੇ ਦੇ ਸ਼ਾਹਕੋਟ ਖੇਤਰ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਅਟਵਾਲ (Inder Iqbal Atwal)ਲਈ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ। ਇਸ ਮਾਮਲੇ ਤੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਵੀਰਵਾਰ ਨੂੰ ਕਾਂਗਰਸ ਛੱਡਣ ਵਾਲੀ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਬਲਜੀਤ ਕੌਰ ਦੇ ਪਤੀ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ, ਅਸੀਂ ਸਾਰੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਹਾਂ ਅਤੇ ਇਸ ਲਈ ਕਾਂਗਰਸ ਹੁਣ ਤੱਕ ਸਾਡੇ ਨਾਲ ਬਾਹਰੀ ਲੋਕਾਂ ਵਾਂਗ ਵਿਵਹਾਰ ਕਰ ਰਹੀ ਹੈ। ਅਸੀਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਤੇ ਰਾਜਾ ਵੜਿੰਗ ਦੇ ਕੰਮਕਾਜ ਤੋਂ ਘੁਟਣ ਮਹਿਸੂਸ ਕਰ ਰਹੇ ਸੀ, ਇਸ ਲਈ ਅਸੀਂ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਅਸੀਂ ਜਨਤਾ ਦੀ ਸੇਵਾ ਕਰਦੇ ਰਹਾਂਗੇ ਪਰ ਅਸੀਂ ਹੁਣ ਤੱਕ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਯੋਜਨਾ ਨਹੀਂ ਬਣਾਈ ਹੈ।

ਦੱਸ ਦੇਈਏ ਕਿ ਮਨਪ੍ਰੀਤ ਸਿੰਘ ਬਾਦਲ 2017-2022 ਤੱਕ ਬਠਿੰਡਾ ਸ਼ਹਿਰੀ ਦੇ ਵਿਧਾਇਕ ਸਨ ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਸਨ। ਇਸ ਤੋਂ ਪਹਿਲਾਂ 23 ਫਰਵਰੀ ਨੂੰ ਕਾਂਗਰਸ ਨੇ ਚਾਰ ਕੌਂਸਲਰਾਂ ਅਤੇ ਬਠਿੰਡਾ ਦੇ ਮੇਅਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਉਹ ਵੀ ਮਨਪ੍ਰੀਤ ਦੇ ਵਫ਼ਾਦਾਰ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version