ਕਾਂਗਰਸ ਨੂੰ ਝਟਕਾ, ਜਲੰਧਰ ‘ਚ ਰਾਣਾ ਗੁਰਜੀਤ ਦੇ ਭਤੀਜੇ ਆਪ ‘ਚ ਸ਼ਾਮਲ ਤਾਂ ਬਠਿੰਡਾ ‘ਚ ਵੀ ਕਾਂਗਰਸੀ ਵਰਕਰਾਂ ਨੇ ਛੱਡੀ ਪਾਰਟੀ
ਬਠਿੰਡਾ ਅਤੇ ਜਲੰਧਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਨੂੰ ਪਾਰਟੀ ਦਾ ਹੱਥ ਛੱਡ ਦਿੱਤਾ ਤਾਂ ਬਠਿੰਡਾ ਵਿੱਚ ਵੀ ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਕਈ ਸਮਰਥਕਾਂ ਨੇ ਕਾਂਗਰਸ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਜਲੰਧਰ ਤੋਂ ਦਵਿੰਦਰ ਬੱਸੀ ਅਤੇ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ

ਜਲੰਧਰ ਨਿਊਜ: ਜਲੰਧਰ ਜਿਮਨੀ ਚੋਣਾਂ ਨੂੰ ਲੈ ਕੇ ਦਲ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ (Rana Gurjit Singh) ਦੇ ਭਤੀਜੇ ਹਰਦੀਪ ਸਿੰਘ ਰਾਣਾ ‘ਆਪ’ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਨੇ ਵੀ ਆਪ ਦਾ ਹੱਥ ਫੜ ਲਿਆ। ਇਸ ਤੋਂ ਇਲਾਵਾ ਕਾਂਗਰਸ ਦੇ ਕਈ ਅਹੁਦੇਦਾਰਾਂ ਅਤੇ ਕੌਂਸਲਰਾਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਸਾਰਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੀ ਮੈਂਬਰਸ਼ਿੱਪ ਦਿੱਤੀ।
ਇਸ ਮੌਕੇ ਹਰਦੀਪ ਸਿੰਘ ਰਾਣਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਜੋ ਵੀ ਜਿੰਮੇਦਾਰੀ ਉਨ੍ਹਾਂ ਨੂੰ ਦੇਵੇਗੀ, ਉਸਨੂੰ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਉੱਧਰ, ਬਠਿੰਡਾ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਦੇ ਛੇ ਮਿਊਂਸਪਲ ਕੌਂਸਲਰਾਂ ਨੇ ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ ਸੋਸ਼ਲ ਮੀਡੀਆ ਤੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਕੌਂਸਲਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਫਾਦਾਰ ਹਨ, ਜਿਨ੍ਹਾਂ ਨੇ ਹੁਣ ਭਾਜਪਾ ਦਾ ਕਮਲ ਫੜ ਲਿਆ ਹੈ। ਕਾਂਗਰਸ ਛੱਡਣ ਵਾਲੇ ਕੌਂਸਲਰਾਂ ਵਿੱਚ ਬਲਜੀਤ ਕੌਰ (ਵਾਰਡ ਨੰ: 3), ਬਲਜੀਤ ਸਿੰਘ ਰਾਜੂ ਸਰਾਂ (ਵਾਰਡ ਨੰ. 10), ਅਸੀਸਰ ਪਾਸਵਾਨ (ਵਾਰਡ ਨੰ. 12), ਵੀਰਪਾਲ ਕੌਰ (ਵਾਰਡ ਨੰ. 9), ਸ਼ਾਮ ਲਾਲ ਜੈਨ (ਵਾਰਡ ਨੰ. 24) ਅਤੇ ਸੰਦੀਪ ਕੁਮਾਰ ਬੌਬੀ (ਵਾਰਡ ਨੰ. 26) ਸ਼ਾਮਲ ਹਨ।
