ਸੀਐਮ ਭਗਵੰਤ ਮਾਨ ‘ਤੇ ਰਾਹੁਲ ਗਾਂਧੀ ਦੇ ਇਲਜ਼ਾਮਾਂ ਨੂੰ ਲੈ ਕੇ ਭੜਕੀ ‘ਆਪ’, ਕਿਹਾ- ਕੀ ਯੋਗੀ ਤੇ ਧਾਮੀ ‘ਤੇ ਕਦੇ ਕੀਤਾ ਅਜਿਹਾ ਘਟੀਆ ਹਮਲਾ?
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਨੂੰ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਕਰਾਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਕਾਂਗਰਸ ਤੇ ਭਾਜਪਾ ਦੀ ਆਪਸੀ ਸਾਂਝ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਕਿਸੇ ਵੀ ਸੂਬੇ ‘ਚ ਗੈਰ-ਭਾਜਪਾ ਤੇ ਗੈਰ-ਕਾਂਗਰਸੀ ਸਰਕਾਰ ਬਰਦਾਸ਼ਤ ਨਹੀਂ ਹੋ ਰਹੀ। ਪੰਜ ਸੂਬਿਆਂ ‘ਚ ਚੋਣਾਂ ਹੋਣ ਦੇ ਬਾਵਜੂਦ ਰਾਹੁਲ ਗਾਂਧੀ ਉੱਤਰ ਪ੍ਰਦੇਸ਼, ਉੱਤਰਾਖੰਡ ਜਾਂ ਗੋਆ ਵਰਗੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ‘ਤੇ ਹਮਲਾ ਕਰਨ ਤੋਂ ਬਚ ਰਹੇ ਹਨ ਤੇ ਸਿਰਫ਼ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਤੱਕ ਦੋਵੇਂ ਪਾਰਟੀਆਂ ਮਿਲ ਕੇ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਕਰਨਗੀਆਂ, ਕਿਉਂਕਿ ਇਨ੍ਹਾਂ ਨੂੰ ਬਾਕੀ ਸੂਬਿਆਂ ਦੀ ਜਨਤਾ ਤੇ ਅਸਲ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ ਹੈ।
ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਬੁੱਧਵਾਰ ਨੂੰ ਸੌਰਭ ਭਾਰਦਵਾਜ ਨੇ ਕਿਹਾ ਕਿ ਰਾਹੁਲ ਗਾਂਧੀ ‘ਤੇ ਵੀ ਨਸ਼ਾ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ, ਪਰ ਸਿਰਫ਼ ਇਲਜ਼ਾਮ ਲਗਾਉਣ ਨਾਲ ਕੁਝ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਅਹੁਦੇ ਤੇ ਪੱਧਰ ਮੁਤਾਬਕ ਅਜਿਹੀਆਂ ਹਲਕੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।
ਕਾਂਗਰਸ ਸਿਰਫ਼ ਪੰਜਾਬ ਨੂੰ ਬਣਾ ਰਹੀ ਹੈ ਨਿਸ਼ਾਨਾ: ‘ਆਪ’
ਸੌਰਭ ਭਾਰਦਵਾਜ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਪੰਜ ਸੂਬਿਆਂ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਕੀ ਰਾਹੁਲ ਗਾਂਧੀ ਨੇ ਕਦੇ ਯੋਗੀ ਆਦਿੱਤਿਆਨਾਥ, ਪੁਸ਼ਕਰ ਸਿੰਘ ਧਾਮੀ ਜਾਂ ਗੋਆ ਦੇ ਮੁੱਖ ਮੰਤਰੀ ‘ਤੇ ਇਸ ਤਰ੍ਹਾਂ ਦਾ ਘਟੀਆ ਹਮਲਾ ਕੀਤਾ ਹੈ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਇਸ ਤਰ੍ਹਾਂ ਦੀ ਟਿੱਪਣੀ ਉਨ੍ਹਾਂ ਦੀ ਹੇਠਲੇ ਪੱਧਰ ਦੀ ਰਾਜਨੀਤੀ ਨੂੰ ਦਰਸਾਉਂਦੀ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਹੋਵੇ ਜਾਂ ਕਾਂਗਰਸ, ਇਨ੍ਹਾਂ ਨੂੰ ਬਾਕੀ ਸੂਬਿਆਂ ਦੀਆਂ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੋਵਾਂ ਪਾਰਟੀਆਂ ਨੇ ਸਿਰਫ਼ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੋਵੇਂ ਪਾਰਟੀਆਂ ਸਿਰਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਕਿਉਂਕਿ ਪੰਜਾਬ ‘ਚ ਇੱਕ ਵਿਰੋਧੀ ਪਾਰਟੀ ਦਾ ਮੁੱਖ ਮੰਤਰੀ ਸਰਕਾਰ ਚਲਾ ਰਿਹਾ ਹੈ।
ਪੰਜਾਬ ‘ਚ ਰਾਹੁਲ ਗਾਂਧੀ ਨੇ ਸੀਐਮ ਮਾਨ ਬਾਰੇ ਕੀ ਕਿਹਾ?
ਦਰਅਸਲ, ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਭਗਵੰਤ ਮਾਨ ਹਰ ਸ਼ਾਮ ਸ਼ਰਾਬ ਪੀਂਦੇ ਹਨ ਤੇ ਇਸ ਦੇ ਨਸ਼ੇ ‘ਚ ਰਹਿੰਦੇ ਹਨ, ਜਦਕਿ ਪੰਜਾਬ ਇਸ ਸਮੇਂ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਰਾਹੁਲ ਗਾਂਧੀ ਨੇ ਇਹ ਗੱਲਾਂ ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਦਿਆਂ ਕਹੀਆਂ। ਇਨ੍ਹਾਂ ਚੋਣਾਂ ‘ਚ ਕਾਂਗਰਸ ਦਾ ਮੁਕਾਬਲਾ ਆਪਣੇ ‘ਇੰਡੀਆ’ (INDIA) ਗਠਜੋੜ ਦੇ ਸਹਿਯੋਗੀ ਆਮ ਆਦਮੀ ਪਾਰਟੀ ਨਾਲ ਹੋਵੇਗਾ।
ਇਹ ਵੀ ਪੜ੍ਹੋ
4 ਨਵੰਬਰ ਨੂੰ ਸੰਗਰੂਰ ‘ਚ ਕਾਂਗਰਸ ਦੀ ‘ਇਨਸਾਫ਼ ਰੈਲੀ’ ਨੂੰ ਸੰਬੋਧਨ ਕਰਦਿਆਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਸ ਸਮੇਂ ਨੂੰ ਯਾਦ ਕੀਤਾ, ਜਦੋਂ ਉਹ ਤੇ ਭਗਵੰਤ ਮਾਨ ਦੋਵੇਂ ਸੰਸਦ ਮੈਂਬਰ ਹੁੰਦੇ ਸਨ। ਰਾਹੁਲ ਗਾਂਧੀ ਨੇ ਕਿਹਾ, “ਮੈਂ ਉਨ੍ਹਾਂ ਨਾਲ ਲੋਕ ਸਭਾ ‘ਚ ਸੀ। ਉਹ ਸਾਡੇ ਨਾਲ ਬੈਠਦੇ ਸਨ ਤੇ ਸਾਡੇ ਵਿਚਕਾਰ ਹੀ ਬੈਠ ਕੇ ਚੁਟਕਲੇ ਸੁਣਾਉਂਦੇ ਸਨ। ਸਵੇਰੇ 11 ਵਜੇ ਤੱਕ ਹੀ ਉਨ੍ਹਾਂ ਦੇ ਸਾਹਾਂ ‘ਚੋਂ ਸ਼ਰਾਬ ਦੀ ਬਦਬੂ ਆਉਣ ਲੱਗ ਜਾਂਦੀ ਸੀ।”
ਉਨ੍ਹਾਂ ਅੱਗੇ ਕਿਹਾ, “ਮੈਂ ਇਹ ਨਹੀਂ ਕਹਿ ਰਿਹਾ ਕਿ ਭਗਵੰਤ ਮਾਨ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਜੇਕਰ ਉਹ ਸ਼ਰਾਬ ਪੀਣਾ ਚਾਹੁੰਦੇ ਹਨ ਤਾਂ ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਆਪਣੀ ਮਰਜ਼ੀ ਹੈ, ਪਰ ਜੇਕਰ ਤੁਸੀਂ ਸੱਚਮੁੱਚ ਨਸ਼ਿਆਂ ਦੀ ਸਮੱਸਿਆ ਨਾਲ ਲੜਨਾ ਚਾਹੁੰਦੇ ਹੋ ਤਾਂ ਤੁਹਾਡਾ ਮੁੱਖ ਮੰਤਰੀ ਹਰ ਸ਼ਾਮ ਨਸ਼ੇ ਦੀ ਹਾਲਤ ‘ਚ ਨਹੀਂ ਹੋ ਸਕਦਾ। ਤੁਹਾਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਪੰਜਾਬ ਲਈ ਲੜੇ, ਜੋ ਨਸ਼ਿਆਂ ਕਾਰਨ ਹੋਣ ਵਾਲੇ ਦਰਦ ਨੂੰ ਸੱਚਮੁੱਚ ਮਹਿਸੂਸ ਕਰੇ ਤੇ ਪੰਜਾਬ ਦੇ ਦਰਦ ਨੂੰ ਆਪਣੇ ਦਿਲ ‘ਚ ਰੱਖੇ।”
