ਮੋਹਾਲੀ ‘ਚ ਪਰਲ ਗਰੁੱਪ ਦੇ ਪਲਾਟ ਖਰੀਦਦਾਰਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, 5 ਕੈਟਾਗਰੀਆਂ ‘ਚ ਵੰਡੇ ਗਏ ਨਿਵੇਸ਼ਕ

Published: 

26 Nov 2026 17:08 PM IST

ਮੋਹਾਲੀ ਦੇ ਸੈਕਟਰ-100 ਅਤੇ ਸੈਕਟਰ-104 ਵਿੱਚ ਵਿਕਸਿਤ ਕੀਤੇ ਗਏ ਪਰਲ ਗਰੁੱਪ (Pearls Group) ਦੇ ਪ੍ਰੋਜੈਕਟਾਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਦੇ ਇਸ ਫ਼ੈਸਲੇ ਦੀ ਖੁਸ਼ੀ ਵਿੱਚ ਪਲਾਟ ਧਾਰਕਾਂ ਵੱਲੋਂ ਇਲਾਕੇ ਵਿੱਚ ਜਿੱਤ ਦੇ ਪੋਸਟਰ ਵੀ ਲਗਾਏ ਗਏ ਹਨ।

ਮੋਹਾਲੀ ਚ ਪਰਲ ਗਰੁੱਪ ਦੇ ਪਲਾਟ ਖਰੀਦਦਾਰਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ, 5 ਕੈਟਾਗਰੀਆਂ ਚ ਵੰਡੇ ਗਏ ਨਿਵੇਸ਼ਕ

ਮੋਹਾਲੀ ਦੇ ਸੈਕਟਰ-100 ਅਤੇ ਸੈਕਟਰ-104 ਵਿੱਚ ਵਿਕਸਿਤ ਕੀਤੇ ਗਏ ਪਰਲ ਗਰੁੱਪ (Pearls Group) ਦੇ ਪ੍ਰੋਜੈਕਟਾਂ ਵਿੱਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਅਦਾਲਤ ਦੇ ਇਸ ਫ਼ੈਸਲੇ ਦੀ ਖੁਸ਼ੀ ਵਿੱਚ ਪਲਾਟ ਧਾਰਕਾਂ ਵੱਲੋਂ ਇਲਾਕੇ ਵਿੱਚ ਜਿੱਤ ਦੇ ਪੋਸਟਰ ਵੀ ਲਗਾਏ ਗਏ ਹਨ। ਸੁਪਰੀਮ ਕੋਰਟ ਨੇ ਪਲਾਟ ਖਰੀਦਦਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ 5 ਵੱਖ-ਵੱਖ ਕੈਟਾਗਰੀਆਂ (ਸ਼੍ਰੇਣੀਆਂ) ਵਿੱਚ ਵੰਡਿਆ ਹੈ।

ਅਦਾਲਤੀ ਹੁਕਮਾਂ ਅਨੁਸਾਰ, ਸਾਰੇ ਖਰੀਦਦਾਰਾਂ ਨੂੰ ਉਨ੍ਹਾਂ ਦੀ ਸਬੰਧਤ ਕੈਟਾਗਰੀ ਦੇ ਹਿਸਾਬ ਨਾਲ ਹੀ ਬਣਦਾ ਲਾਭ ਦਿੱਤਾ ਜਾਵੇਗਾ। ਇਸ ਫ਼ੈਸਲੇ ਵਿੱਚ ਨਕਦ (ਕੈਸ਼) ਭੁਗਤਾਨ ਕਰਨ ਵਾਲਿਆਂ ਨੂੰ ਕੋਈ ਸਿੱਧੀ ਛੋਟ ਨਹੀਂ ਦਿੱਤੀ ਗਈ ਹੈ, ਹਾਲਾਂਕਿ ਉਹ ਆਪਣੀ ਰਕਮ ਦੀ ਵਸੂਲੀ ਲਈ ਸਿਵਲ ਕੋਰਟ ਵਿੱਚ ਕੇਸ ਦਾਇਰ ਕਰ ਸਕਦੇ ਹਨ। ਦੂਜੇ ਪਾਸੇ, ਬੈਂਕਿੰਗ ਪ੍ਰਣਾਲੀ ਰਾਹੀਂ ਭੁਗਤਾਨ ਕਰਨ ਵਾਲੇ ਖਰੀਦਦਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ।

ਇਹ ਨੇ 5 ਕੈਟੇਗਰੀ

ਕੈਟਾਗਰੀ-1: ਇਸ ਪਹਿਲੀ ਸ਼੍ਰੇਣੀ ਵਿੱਚ ਅਜਿਹੇ ਖਰੀਦਦਾਰਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਪਲਾਟ ਦੀ ਪੂਰੀ ਕੀਮਤ ਬੈਂਕ ਦੇ ਮਾਧਿਅਮ ਰਾਹੀਂ ਅਦਾ ਕੀਤੀ ਹੈ। ਅਜਿਹੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪਲਾਟ ਦਾ ਪੂਰਾ ਮਾਲਕਾਨਾ ਹੱਕ ਦਿੱਤਾ ਜਾਵੇਗਾ। ਇਸ ਸ਼੍ਰੇਣੀ ਵਿੱਚ ਕਰੀਬ 333 ਪਲਾਟ ਧਾਰਕ ਸ਼ਾਮਲ ਹਨ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇੱਕ ਵਿਸ਼ੇਸ਼ ਆਡਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਅਗਲੇ 8 ਹਫ਼ਤਿਆਂ ਦੇ ਅੰਦਰ ਇਨ੍ਹਾਂ ਪਲਾਟ ਧਾਰਕਾਂ ਨੂੰ ਸੇਲ ਸਰਟੀਫਿਕੇਟ ਅਤੇ ਕਬਜ਼ਾ ਸਰਟੀਫਿਕੇਟ ਮੁਹੱਈਆ ਕਰਵਾਏਗੀ।

ਕੈਟਾਗਰੀ-2: ਦੂਜੀ ਕੈਟਾਗਰੀ ਵਿੱਚ ਉਨ੍ਹਾਂ ਪਲਾਟ ਧਾਰਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਪਲਾਟ ਦੀ ਕੁੱਲ ਕੀਮਤ ਦਾ 50 ਫ਼ੀਸਦੀ ਤੋਂ ਵੱਧ ਭੁਗਤਾਨ ਬੈਂਕ ਰਾਹੀਂ ਕੀਤਾ ਹੈ। ਅਜਿਹੇ ਖਰੀਦਦਾਰਾਂ ਦੀ ਗਿਣਤੀ ਲਗਭਗ 365 ਹੈ। ਇਨ੍ਹਾਂ ਪਲਾਟਾਂ ਨੂੰ ਵੀ ਵਿਕਿਆ ਹੋਇਆ ਮੰਨਿਆ ਜਾਵੇਗਾ, ਪਰ ਸਬੰਧਤ ਧਾਰਕਾਂ ਨੂੰ ਆਪਣੀ ਬਕਾਇਆ ਰਕਮ ਅਤੇ ਅੰਦਰੂਨੀ ਵਿਕਾਸ ਖਰਚੇ ਜਮ੍ਹਾਂ ਕਰਵਾਉਣੇ ਹੋਣਗੇ।

ਇਸ ਸਬੰਧੀ ਕਮੇਟੀ ਵੱਲੋਂ 8 ਹਫ਼ਤਿਆਂ ਵਿੱਚ ਆਡਿਟ ਰਿਪੋਰਟ ਜਾਰੀ ਕੀਤੀ ਜਾਵੇਗੀ ਅਤੇ ਰਿਪੋਰਟ ਆਉਣ ਤੋਂ ਬਾਅਦ ਪਲਾਟ ਧਾਰਕਾਂ ਨੂੰ 1 ਮਹੀਨੇ ਦੇ ਅੰਦਰ-ਅੰਦਰ ਬਕਾਇਆ ਪੈਸੇ ਜਮ੍ਹਾਂ ਕਰਵਾਉਣੇ ਹੋਣਗੇ। ਜੇਕਰ ਕਿਸੇ ਖਰੀਦਦਾਰ ਕੋਲ ਦੇਰੀ ਦਾ ਕੋਈ ਠੋਸ ਅਤੇ ਜਾਇਜ਼ ਕਾਰਨ ਹੈ, ਤਾਂ ਉਹ ਵਾਧੂ 30 ਦਿਨਾਂ ਦਾ ਸਮਾਂ ਲੈ ਸਕਦਾ ਹੈ। ਜੇਕਰ ਨਿਰਧਾਰਤ ਸਮੇਂ ਵਿੱਚ ਪੈਸੇ ਜਮ੍ਹਾਂ ਨਹੀਂ ਕਰਵਾਏ ਜਾਂਦੇ, ਤਾਂ ਪਲਾਟ ਧਾਰਕਾਂ ਨੂੰ ਉਨ੍ਹਾਂ ਵੱਲੋਂ ਜਮ੍ਹਾਂ ਕਰਵਾਈ ਗਈ ਰਕਮ ਵਾਪਸ ਕਰ ਦਿੱਤੀ ਜਾਵੇਗੀ।

ਕੈਟਾਗਰੀ-3: ਤੀਜੀ ਸ਼੍ਰੇਣੀ ਵਿੱਚ ਅਜਿਹੇ ਖਪਤਕਾਰਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਪਲਾਟ ਦੀ ਕੀਮਤ ਦਾ 50 ਫ਼ੀਸਦੀ ਤੋਂ ਘੱਟ ਭੁਗਤਾਨ ਕੀਤਾ ਹੈ। ਅਜਿਹੇ ਪਲਾਟਾਂ ਨੂੰ ਅਣਵਿਕਿਆ (Unsold) ਮੰਨਿਆ ਜਾਵੇਗਾ ਅਤੇ ਇਨ੍ਹਾਂ ਦੀ ਨਿਲਾਮੀ ਕੀਤੀ ਜਾਵੇਗੀ। ਜਿਨ੍ਹਾਂ ਖਰੀਦਦਾਰਾਂ ਨੇ ਬੈਂਕ ਰਾਹੀਂ ਇਹ ਅੰਸ਼ਕ ਭੁਗਤਾਨ ਕੀਤਾ ਸੀ, ਉਨ੍ਹਾਂ ਨੂੰ 8 ਫ਼ੀਸਦੀ ਸਾਲਾਨਾ ਵਿਆਜ ਸਮੇਤ ਉਨ੍ਹਾਂ ਦਾ ਪੈਸਾ ਵਾਪਸ ਮਿਲ ਜਾਵੇਗਾ। ਇਹ ਰਕਮ ਨਿਲਾਮੀ ਪ੍ਰਕਿਰਿਆ ਪੂਰੀ ਹੋਣ ਤੋਂ 3 ਹਫ਼ਤਿਆਂ ਬਾਅਦ ਜਾਰੀ ਕੀਤੀ ਜਾਵੇਗੀ। ਰਿਫੰਡ ਪ੍ਰਾਪਤ ਕਰਨ ਤੋਂ ਬਾਅਦ ਸਬੰਧਤ ਵਿਅਕਤੀ ਪਲਾਟ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕਰ ਸਕਣਗੇ।

ਕੈਟਾਗਰੀ-4: ਇਸ ਸ਼੍ਰੇਣੀ ਵਿੱਚ ਉਨ੍ਹਾਂ ਖਰੀਦਦਾਰਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਨੇ ਪਲਾਟ ਦਾ ਭੁਗਤਾਨ ਨਕਦ ਰੂਪ ਵਿੱਚ ਕੀਤਾ ਹੈ ਜਾਂ ਫਿਰ ਸੁਪਰੀਮ ਕੋਰਟ ਵਿੱਚ ਕੇਸ ਜਾਣ ਦੀ ਤਰੀਕ (2 ਫਰਵਰੀ 2016) ਤੋਂ ਬਾਅਦ ਬੈਂਕ ਰਾਹੀਂ ਪੈਸੇ ਜਮ੍ਹਾਂ ਕਰਵਾਏ ਹਨ। ਅਜਿਹੇ ਪਲਾਟਾਂ ਨੂੰ ਵੀ ਅਣਵਿਕਿਆ ਮੰਨਿਆ ਜਾਵੇਗਾ ਅਤੇ ਇਹ ਖਰੀਦਦਾਰ ਆਪਣੀ ਰਕਮ ਦੀ ਵਸੂਲੀ ਲਈ ਸਿਵਲ ਕੋਰਟ ਵਿੱਚ ਰਿਕਵਰੀ ਦਾ ਕੇਸ ਦਾਇਰ ਕਰ ਸਕਦੇ ਹਨ।

ਕੈਟਾਗਰੀ-5: ਇਸ ਆਖਰੀ ਸ਼੍ਰੇਣੀ ਵਿੱਚ ਅਜਿਹੇ ਪਲਾਟ ਧਾਰਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਕੰਪਨੀ ਤੋਂ ਪਲਾਟ ਖਰੀਦਣ ਤੋਂ ਬਾਅਦ ਅੱਗੇ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੇ ਸਨ। ਅਜਿਹੇ ਮਾਮਲਿਆਂ ਵਿੱਚ ਪਿਛਲੀਆਂ 4 ਕੈਟਾਗਰੀਆਂ ਦੇ ਤੈਅ ਨਿਯਮਾਂ ਅਨੁਸਾਰ ਹੀ ਬਣਦਾ ਲਾਭ ਦਿੱਤਾ ਜਾਵੇਗਾ।

ਕੀ ਹੈ ਪਰਲ ਗਰੁੱਪ ਦਾ ਪੂਰਾ ਮਾਮਲਾ?

ਜ਼ਿਕਰਯੋਗ ਹੈ ਕਿ ਪਰਲ ਗਰੁੱਪ ਵੱਲੋਂ ਆਮ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਉਨ੍ਹਾਂ ਨੂੰ ਰਿਹਾਇਸ਼ੀ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਪੰਜਾਬ ਦੇ ਮੋਹਾਲੀ ਅਤੇ ਬਠਿੰਡਾ ਵਿਖੇ ‘ਪਰਲ ਸਿਟੀ’ ਵਿਕਸਿਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕੰਪਨੀ ‘ਤੇ ਚਿੱਟਫੰਡ ਘੁਟਾਲੇ ਦੇ ਗੰਭੀਰ ਦੋਸ਼ ਲੱਗੇ, ਜਿਸ ਤੋਂ ਬਾਅਦ ਕੰਪਨੀ ਦੇ ਸਾਰੇ ਪ੍ਰੋਜੈਕਟ ਵਿਚਾਲੇ ਹੀ ਰੁਕ ਗਏ ਸਨ। ਸਾਲ 2016 ਵਿੱਚ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਵਾਉਣ ਲਈ ਸੁਪਰੀਮ ਕੋਰਟ ਵੱਲੋਂ ਸਾਬਕਾ ਚੀਫ਼ ਜਸਟਿਸ ਆਰ.ਐੱਸ. ਲੋਢਾ ਦੀ ਅਗਵਾਈ ਹੇਠ ਇੱਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਦੀ ਰਿਪੋਰਟ ਦੇ ਆਧਾਰ ‘ਤੇ ਹੁਣ ਨਿਵੇਸ਼ਕਾਂ ਨੂੰ ਇਹ ਰਾਹਤ ਮਿਲੀ ਹੈ।

Loading...
Unable to load recommendations.
Follow Us