ਮੋਗਾ ‘ਚ ਖੁਸ਼ਹਾਲ ਪੰਜਾਬ ਰੈਲੀ, ਕੇਜਰੀਵਾਲ ਬੋਲੇ- ਨੇਤਾ ਨਹੀਂ ਆਮ ਆਦਮੀ ਚਲਾਵੇਗਾ ਦੇਸ਼

Published: 

26 Nov 2026 14:47 PM IST

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਇਸ ਦਿਨ ਹੋਣ ਪਿੱਛੇ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉੱਪਰ ਵਾਲੇ ਨੇ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰਕੇ ਸੰਵਿਧਾਨ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਮੋਗਾ ਚ ਖੁਸ਼ਹਾਲ ਪੰਜਾਬ ਰੈਲੀ, ਕੇਜਰੀਵਾਲ ਬੋਲੇ- ਨੇਤਾ ਨਹੀਂ ਆਮ ਆਦਮੀ ਚਲਾਵੇਗਾ ਦੇਸ਼

ਅਰਵਿੰਦ ਕੇਜਰੀਵਾਲ

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (AAP) ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਮੋਗਾ ਦੇ ਪਿੰਡ ਮਟਵਾਣੀ ਵਿਖੇ ਖੁਸ਼ਹਾਲ ਪੰਜਾਬ ਮਹਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ‘ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਕਈ ਆਗੂ ਮੌਜੂਦ ਰਹੇ।

ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸਮਾਗਮ ‘ਚ ਕਰੀਬ 2 ਲੱਖ ਲੋਕ ਪਹੁੰਚ ਚੁੱਕੇ ਹਨ ਤੇ ਵੱਡੀ ਗਿਣਤੀ ‘ਚ ਲੋਕ ਅਜੇ ਵੀ ਰਸਤੇ ‘ਚ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਰੈਲੀ ਪਹਿਲਾਂ ਕਦੇ ਨਹੀਂ ਹੋਈ।

26 ਨਵੰਬਰ ਦਾ ਦਿਨ ਸੰਵਿਧਾਨ ਤੇ AAP ਲਈ ਖ਼ਾਸ: ਕੇਜਰੀਵਾਲ

ਕੇਜਰੀਵਾਲ ਨੇ ਕਿਹਾ ਕਿ 26 ਨਵੰਬਰ, 1949 ਨੂੰ ਡਾ. ਬੀ.ਆਰ. ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ, ਜਦਕਿ 26 ਨਵੰਬਰ, 2012 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਤਫ਼ਾਕ ਨਹੀਂ, ਸਗੋਂ ਉੱਪਰ ਵਾਲੇ ਦਾ ਇੱਕ ਸੰਯੋਗ ਤੇ ਇਸ਼ਾਰਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਅੱਜ ਦੇਸ਼ ‘ਚ ਸੰਵਿਧਾਨ ਨੂੰ ਰੌਂਦਿਆ ਤੇ ਉਸ ਦਾ ਅਪਮਾਨ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਇਸ ਦਿਨ ਹੋਣ ਪਿੱਛੇ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉੱਪਰ ਵਾਲੇ ਨੇ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰਕੇ ਸੰਵਿਧਾਨ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਬਰਾਬਰੀ ਤੇ ਸੰਵਿਧਾਨਕ ਅਧਿਕਾਰਾਂ ਦੀ ਗੱਲ ਕੀਤੀ ਸੀ। ਡਾ. ਅੰਬੇਡਕਰ ਨੇ 1949 ਨੂੰ ਸਭ ਦੀ ਬਰਾਬਰੀ ਦੀ ਗੱਲ ਕਹੀ ਸੀ ਤੇ 2012 ‘ਚ ਆਮ ਆਦਮੀ ਪਾਰਟੀ ਨੇ ਇਹ ਜ਼ਿੰਮੇਵਾਰੀ ਲਈ ਤੇ ਕਿਹਾ ਕਿ ਹੁਣ ਦੇਸ਼ ਆਮ ਆਦਮੀ ਦੀ ਵਾਰੀ ਹੈ ਤੇ ਹੁਣ ਦੇਸ਼ ਨੇਤਾ ਨਹੀਂ ਸਗੋਂ ਆਮ ਆਦਮੀ ਚਲਾਉਣਗੇ।

ਪੰਜਾਬ ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ: ਕੇਜਰੀਵਾਲ

ਪੰਜਾਬ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਪੰਜ ਸਾਲ ਪਹਿਲਾਂ ਪੰਜਾਬ ਆਏ ਸਨ ਤਾਂ ਲੋਕਾਂ ਨੂੰ ਕਈ ਗਾਰੰਟੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਲੋਕ ਇਨ੍ਹਾਂ ਨੂੰ ‘ਕੇਜਰੀਵਾਲ ਦੀ ਗਾਰੰਟੀ’ ਕਹਿੰਦੇ ਸਨ, ਜਿਸ ਦਾ ਮਤਲਬ ਸੀ ਕਿ ਇਹ ਪੱਕਾ ਵਾਅਦਾ ਹੈ ਤੇ ਇਸ ‘ਚ ਕੋਈ ਧੋਖਾ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਅੱਜ ਉਹ ਲੋਕਾਂ ਦੇ ਸਾਹਮਣੇ ਇਸ ਲਈ ਖੜ੍ਹੇ ਹਨ ਕਿਉਂਕਿ ਉਨ੍ਹਾਂ ਦੇ ਛੋਟੇ ਭਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਹਨ।

ਕੇਜਰੀਵਾਲ ਨੇ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਮੁਫ਼ਤ ਇਲਾਜ ਲਈ 10 ਲੱਖ ਰੁਪਏ ਦੇ ਬੀਮਾ ਕਵਰ ਦੀ ਯੋਜਨਾ, ਸਿੱਖਿਆ ਦੇ ਪੱਧਰ ‘ਚ ਸੁਧਾਰ, ਮਹਿਲਾਵਾਂ ਨੂੰ ਵਿੱਤੀ ਸਹਾਇਤਾ ਤੇ ਤੀਰਥ ਯਾਤਰਾ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ।

ਮਹਿਲਾਵਾਂ ਦੀ ਯੋਜਨਾ ‘ਚ ਦੇਰੀ ਦਾ ਵੀ ਦੱਸਿਆ ਕਾਰਨ

ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਹੋਈ ਦੇਰੀ ਬਾਰੇ ਗੱਲ ਕਰਦਿਆਂ ਕੇਜਰੀਵਾਲ ਨੇ ਮੰਨਿਆ ਕਿ ਮਹਿਲਾਵਾਂ ਦੇ ਖਾਤਿਆਂ ‘ਚ ਪੈਸੇ ਪਹੁੰਚਾਉਣ ‘ਚ ਸਮਾਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇਰੀ ਦਾ ਕਾਰਨ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕਰਨਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਤੇ ਵਿਦੇਸ਼ਾਂ ‘ਚ ਖਾਤੇ, ਬੰਗਲੇ, ਜਾਇਦਾਦਾਂ ਅਤੇ ਗੱਡੀਆਂ ਬਣਾਈਆਂ।

ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਤਾਂ ਪੰਜਾਬ ਦਾ ਖਜ਼ਾਨਾ ਖਾਲੀ ਸੀ। ਉਨ੍ਹਾਂ ਮੁਤਾਬਕ ਸਰਕਾਰ ਨੇ ਇਮਾਨਦਾਰੀ ਨਾਲ ਇੱਕ-ਇੱਕ ਰੁਪਇਆ ਬਚਾ ਕੇ ਖਜ਼ਾਨਾ ਭਰਿਆ, ਜਿਸ ‘ਚ ਕਰੀਬ ਚਾਰ ਸਾਲ ਲੱਗੇ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਆਪਣੀ ਆਖ਼ਰੀ ਗਾਰੰਟੀ ਮਾਵਾਂ-ਧੀਆਂ ਸਤਿਕਾਰ ਯੋਜਨਾ ਵੀ ਪੂਰੀ ਕਰ ਦਿੱਤੀ ਹੈ।

ਸਮਾਰਟ ਰਾਸ਼ਨ ਕਾਰਡ ਯੋਜਨਾ ਦੀ ਵੀ ਸ਼ੁਰੂਆਤ

ਇਸ ਮਹਾ ਰੈਲੀ ਦੌਰਾਨ ਪੰਜਾਬ ਸਰਕਾਰ ਦੀ ਸਮਾਰਟ ਰਾਸ਼ਨ ਕਾਰਡ ਯੋਜਨਾ ਵੀ ਸ਼ੁਰੂ ਹੋਵੇਗੀ। ਸਰਕਾਰ ਵੱਲੋਂ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।

ਮੋਗਾ ਦੇ ਪਿੰਡ ਮਟਵਾਣੀ ਵਿੱਚ ਹੋ ਰਹੀ ਇਹ ਮਹਾ ਰੈਲੀ ਆਮ ਆਦਮੀ ਪਾਰਟੀ ਲਈ ਸਿਆਸੀ ਤੇ ਸਰਕਾਰੀ ਪ੍ਰੋਗਰਾਮਾਂ ਦੇ ਪੱਖੋਂ ਅਹਿਮ ਮੰਨੀ ਜਾ ਰਹੀ ਹੈ। ਪਾਰਟੀ ਵੱਲੋਂ ਇਸ ਰੈਲੀ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਤਿਆਰੀਆਂ ਤੇ ਸਰਕਾਰ ਦੇ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ।

Loading...
Unable to load recommendations.
Follow Us