ਮੇਰੀ ਲੋੜ ਹੈ ਵੀ ਜਾਂ ਨਹੀਂ… ਭਾਜਪਾ ‘ਚ ਆਪਣੀ ਅਣਦੇਖੀ ਤੋਂ ਨਾਰਾਜ਼ ਕੈਪਟਨ ਅਮਰਿੰਦਰ ਦਾ PM ਮੋਦੀ ਨੂੰ ਸਵਾਲ

Updated On: 

26 Nov 2026 12:08 PM IST

Captain Amrinder Singh : ਕੈਪਟਨ ਨੇ ਆਪਣੇ ਕਰੀਬ 60 ਸਾਲਾਂ ਦੇ ਸਿਆਸੀ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਦੇ ਕੰਮਕਾਜ ਲਈ ਤੇਲੰਗਾਨਾ ਤੋਂ ਆਗੂ ਭੇਜ ਦਿੰਦੀ ਹੈ, ਪਰ ਜਿਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਸਮਝ ਹੈ, ਉਨ੍ਹਾਂ ਲਈ ਸਮਾਂ ਨਹੀਂ ਕੱਢਿਆ ਜਾਂਦਾ।

ਮੇਰੀ ਲੋੜ ਹੈ ਵੀ ਜਾਂ ਨਹੀਂ... ਭਾਜਪਾ ਚ ਆਪਣੀ ਅਣਦੇਖੀ ਤੋਂ ਨਾਰਾਜ਼ ਕੈਪਟਨ ਅਮਰਿੰਦਰ ਦਾ PM ਮੋਦੀ ਨੂੰ ਸਵਾਲ

ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਪਾਰਟੀ ਵਿੱਚ ਆਪਣੀ ਅਣਦੇਖੀ ਨੂੰ ਲੈ ਕੇ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਕੈਪਟਨ ਨੇ ਭਾਜਪਾ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦਿਆਂ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ‘ਚ ਸ਼ਾਮਲ ਹੋਏ ਲਗਭਗ ਪੰਜ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਦਿੱਲੀ ਤੇ ਨਾ ਹੀ ਪੰਜਾਬ ਵਿੱਚ ਕਿਸੇ ਨੇ ਉਨ੍ਹਾਂ ਨਾਲ ਸਿਆਸੀ ਮੁੱਦਿਆਂ ‘ਤੇ ਕੋਈ ਗੰਭੀਰ ਚਰਚਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਮੁਤਾਬਕ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਵੀ ਰੱਖ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕੀਤਾ ਸੀ ਕਿ ਪੰਜਾਬ ‘ਚ ਉਨ੍ਹਾਂ ਦੀ ਕੋਈ ਲੋੜ ਹੈ ਜਾਂ ਨਹੀਂ।

PM ਮੋਦੀ ਨੂੰ ਕੈਪਟਨ ਨੇ ਪੁੱਛਿਆ ਇਹ ਸਵਾਲ

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਕਿਹਾ ਮੇਰੀ ਕੋਈ ਲੋੜ ਹੈ? ਇਸ ‘ਤੇ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਇਸ ਦਾ ਕੀ ਮਤਲਬ ਹੈ? ਤਾਂ ਕੈਪਟਨ ਨੇ ਜਵਾਬ ਦਿੱਤਾ ਕਿ ਭਾਜਪਾ ‘ਚ ਆਏ ਉਨ੍ਹਾਂ ਨੂੰ ਪੰਜ ਸਾਲ ਹੋ ਗਏ ਹਨ, ਪਰ ਪੰਜਾਬ ਵਿੱਚ ਪਾਰਟੀ ਨੇ ਅਜੇ ਤੱਕ ਉਨ੍ਹਾਂ ਦੀ ਲੋੜ ਮਹਿਸੂਸ ਨਹੀਂ ਕੀਤੀ।

ਕੈਪਟਨ ਨੇ ਆਪਣੇ ਕਰੀਬ 60 ਸਾਲਾਂ ਦੇ ਸਿਆਸੀ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਦੇ ਕੰਮਕਾਜ ਲਈ ਤੇਲੰਗਾਨਾ ਤੋਂ ਆਗੂ ਭੇਜ ਦਿੰਦੀ ਹੈ, ਪਰ ਜਿਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦੀ ਸਮਝ ਹੈ, ਉਨ੍ਹਾਂ ਲਈ ਸਮਾਂ ਨਹੀਂ ਕੱਢਿਆ ਜਾਂਦਾ।

ਭਾਜਪਾ ਦੀ ਕਾਰਜਸ਼ੈਲੀ ਬਾਰੇ ਦਿੱਤਾ ਇਹ ਬਿਆਨ

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੀ ਕਾਰਜਸ਼ੈਲੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਮੁਤਾਬਕ ਭਾਜਪਾ ਮੁੱਖ ਤੌਰ ‘ਤੇ ਆਪਣੇ ਬੰਦਿਆ ‘ਤੇ ਹੀ ਭਰੋਸਾ ਕਰਦੀ ਹੈ ਤੇ ਉਨ੍ਹਾਂ ਨੂੰ ਹੀ ਅੱਗੇ ਵਧਾਉਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਸਿਖਰਲੇ ਆਗੂਆਂ ਨਾਲ ਮੁਲਾਕਾਤ ਲਈ ਸਮਾਂ ਲੈਣਾ ਬੇਹੱਦ ਮੁਸ਼ਕਲ ਹੈ। ਕਈ ਵਾਰ ਤਾਂ ਸਾਲ ‘ਚ ਇੱਕ ਵਾਰ ਹੀ ਮੁਲਾਕਾਤ ਹੋ ਪਾਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਰਗੇ ਸੂਬੇ ‘ਚ ਪਾਰਟੀ ਨੂੰ ਸਥਾਨਕ ਤਜਰਬੇ ਅਤੇ ਸਿਆਸੀ ਸਮਝ ਵਾਲੇ ਆਗੂਆਂ ਦੀ ਸਲਾਹ ਨੂੰ ਮਹੱਤਵ ਦੇਣਾ ਚਾਹੀਦਾ ਹੈ।

ਅਕਾਲੀ ਦਲ-ਭਾਜਪਾ ਗਠਜੋੜ ਦੇ ਐਲਾਨ ਸਮੇਂ ਵੀ ਨਜ਼ਰ ਨਹੀਂ ਆਏ ਕੈਪਟਨ

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕਰੀਬ ਛੇ ਸਾਲਾਂ ਬਾਅਦ ਮੁੜ ਇਕੱਠੇ ਆਉਣ ਨਾਲ ਪੰਜਾਬ ਦੀ ਸਿਆਸਤ ‘ਚ ਨਵੇਂ ਸਮੀਕਰਨ ਬਣਨ ਲੱਗੇ ਹਨ। ਪਰ ਇਸ ਗਠਜੋੜ ਦੇ ਐਲਾਨ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਮੌਜੂਦਗੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਖਾਸ ਗੱਲ ਇਹ ਹੈ ਕਿ ਕੈਪਟਨ ਲੰਬੇ ਸਮੇਂ ਤੋਂ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗਠਜੋੜ ਦੀ ਵਕਾਲਤ ਕਰਦੇ ਆ ਰਹੇ ਸਨ। ਉਨ੍ਹਾਂ ਦਾ ਮੰਨਣਾ ਰਿਹਾ ਹੈ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ‘ਚ ਭਾਜਪਾ ਲਈ ਇਕੱਲਿਆਂ ਸੱਤਾ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਜੇਕਰ ਭਾਜਪਾ ਨੇ ਅਕਾਲੀ ਦਲ ਨਾਲ ਗਠਜੋੜ ਨਹੀਂ ਕੀਤਾ ਤਾਂ 2027 ਹੀ ਨਹੀਂ, ਸਗੋਂ 2032 ਤੇ 2037 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਪਾਰਟੀ ਲਈ ਸੱਤਾ ਤੱਕ ਪਹੁੰਚਣਾ ਮੁਸ਼ਕਲ ਹੋ ਸਕਦਾ ਹੈ।

ਕੀ ਭਾਜਪਾ ਵਿੱਚ ਕੈਪਟਨ ਦੀ ਭੂਮਿਕਾ ਹੋ ਰਹੀ ਹੈ ਸੀਮਤ?

ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਈ ਵਾਰ ਭਾਜਪਾ ‘ਚ ਆਪਣੀ ਅਣਦੇਖੀ ਦਾ ਮੁੱਦਾ ਚੁੱਕ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ‘ਚ ਲਗਭਗ ਛੇ ਦਹਾਕਿਆਂ ਦਾ ਤਜਰਬਾ ਹੋਣ ਤੇ ਦੋ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਪਾਰਟੀ ਉਨ੍ਹਾਂ ਦੇ ਤਜਰਬੇ ਦਾ ਲੋੜੀਂਦਾ ਲਾਭ ਨਹੀਂ ਲੈ ਰਹੀ।

Loading...
Unable to load recommendations.
Follow Us