ਪੰਜਾਬ ‘ਚ ਅੱਜ ਤੋਂ ਭਾਰੀ ਬਾਰਿਸ਼, 19 ਅਗਸਤ ਤੱਕ ਯੈਲੋ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ

Published: 

14 Aug 2026 07:16 AM IST

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (14 ਅਗਸਤ) ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਖੇਤਰ ਵਿੱਚ ਲਗਾਤਾਰ ਭਾਰੀ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 19 ਅਗਸਤ ਤੱਕ ਜਾਰੀ ਰਹੇਗਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ (IMD) ਨੇ ਇਸ ਸਬੰਧੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਪੰਜਾਬ ਚ ਅੱਜ ਤੋਂ ਭਾਰੀ ਬਾਰਿਸ਼, 19 ਅਗਸਤ ਤੱਕ ਯੈਲੋ ਅਲਰਟ ਜਾਰੀ; ਜਾਣੋ ਮੌਸਮ ਦਾ ਹਾਲ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (14 ਅਗਸਤ) ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਖੇਤਰ ਵਿੱਚ ਲਗਾਤਾਰ ਭਾਰੀ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 19 ਅਗਸਤ ਤੱਕ ਜਾਰੀ ਰਹੇਗਾ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ (IMD) ਨੇ ਇਸ ਸਬੰਧੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ, ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦੀ ਬੜ੍ਹਤ ਦਰਜ ਕੀਤੀ ਗਈ ਹੈ, ਜਿਸ ਨਾਲ ਹੁਣ ਇਹ ਔਸਤ ਤਾਪਮਾਨ ਨਾਲੋਂ 2.7 ਡਿਗਰੀ ਵਧ ਗਿਆ ਹੈ। ਪੂਰੇ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 37.2 ਡਿਗਰੀ ਸੈਲਸੀਅਸ ਪਟਿਆਲਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਅਨੁਸਾਰ, ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਈ ਥਾਈਂ ਹਲਕੇ ਤੋਂ ਮੱਧਮ ਦਰਜੇ ਦੇ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜਦਕਿ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਇੱਕ-ਦੋ ਥਾਵਾਂ ‘ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੇ ਆਸਾਰ ਹਨ।

ਬੱਦਲਵਾਈ ਅਤੇ ਤੇਜ਼ ਹਵਾਵਾਂ ਨਾਲ ਮੀਂਹ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰਪਾਲ ਅਨੁਸਾਰ, ਮਾਨਸੂਨ ਦੀ ਟਰੱਫ਼ ਲਾਈਨ ਇਸ ਸਮੇਂ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚੋਂ ਲੰਘ ਰਹੀ ਹੈ। ਇਸ ਦੇ ਨਾਲ ਹੀ ਬੰਗਾਲ ਦੀ ਖਾੜੀ ਦੇ ਆਸ-ਪਾਸ ਘੱਟ ਦਬਾਅ ਦਾ ਖੇਤਰ (Low Pressure Area) ਬਣਿਆ ਹੋਇਆ ਹੈ। ਇਹ ਸਾਰੇ ਮੌਸਮੀ ਬਦਲਾਅ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ‘ਤੇ ਸਿੱਧਾ ਅਸਰ ਪਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਦੇ ਪ੍ਰਭਾਵ ਨਾਲ ਕਈ ਇਲਾਕਿਆਂ ਵਿੱਚ ਅਸਮਾਨ ਵਿੱਚ ਛਾਏ ਬੱਦਲਾਂ ਦੇ ਨਾਲ ਹਲਕੇ ਤੋਂ ਮੱਧਮ ਦਰਜੇ ਦੀ ਬਾਰਿਸ਼ ਹੋਵੇਗੀ। ਕੁਝ ਥਾਵਾਂ ‘ਤੇ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਦੇ ਨਾਲ ਹੀ ਪੱਛਮੀ ਵਿਖੋਭ (Western Disturbance) ਵੀ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਪਾਰ ਅੱਪੜੀ

ਹੁੰਮਸ ਅਤੇ ਗਰਮੀ ਦੇ ਵਿਚਕਾਰ 13 ਅਗਸਤ ਦੀ ਰਾਤ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 13,915 ਮੈਗਾਵਾਟ ਤੱਕ ਪਹੁੰਚ ਗਈ। ਇਸ ਮੰਗ ਨੂੰ ਪੂਰਾ ਕਰਨ ਲਈ 8,808 ਮੈਗਾਵਾਟ ਬਿਜਲੀ ਬਾਹਰੀ ਸਰੋਤਾਂ ਤੋਂ ਖਰੀਦੀ ਗਈ, ਜਦਕਿ ਪੰਜਾਬ ਦੇ ਆਪਣੇ ਪਾਵਰ ਪਲਾਂਟਾਂ ਵਿੱਚ 5,109 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ। ਤੈਅ ਸ਼ਡਿਊਲ 8,298 ਮੈਗਾਵਾਟ ਸੀ, ਪਰ ਵਧਦੀ ਖਪਤ ਕਾਰਨ 510 ਮੈਗਾਵਾਟ ਵਾਧੂ ਬਿਜਲੀ ਲੈਣੀ ਪਈ। ਇਸ ਦੌਰਾਨ ਬਿਜਲੀ ਦੀ ਫ੍ਰੀਕੁਐਂਸੀ 49.95 ਹਰਟਜ਼ ਦਰਜ ਕੀਤੀ ਗਈ।

Loading...
Unable to load recommendations.
Follow Us