Punjab Budget Session: ਸੁਖਪਾਲ ਖਹਿਰਾ ਦੀ ਵਿਵਾਦਤ ਪੋਸਟ ‘ਤੇ ਹੰਗਾਮਾ, ਨਿੰਦਾ ਮਤਾ ਪਾਸ, ਬਾਜਵਾ ਦੇ ਬਿਆਨ ‘ਤੇ ਵੀ ਮੁਆਫੀ ਦੀ ਮੰਗ

Updated On: 

10 Mar 2026 12:28 PM IST

Punjab Vidhansabha Hungama: 6 ਮਾਰਚ ਨੂੰ ਸ਼ੁਰੂ ਹੋਏ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਤਣਾਅ ਚੱਲ ਰਿਹਾ ਹੈ। ਵਿਧਾਨ ਸਭਾ ਦੀ ਕਾਰਵਾਈ ਅੱਜ ਵੀ ਦਿਨ ਭਰ ਜਾਰੀ ਰਹੇਗੀ। ਸੋਮਵਾਰ ਨੂੰ ਵਿਰੋਧੀ ਧਿਰ ਨੇ ਸਰਕਾਰ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ, ਪਰ ਜਿਵੇਂ ਹੀ ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੋਇਆ, ਉਨ੍ਹਾਂ ਨੇ ਵਾਕਆਊਟ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।

Punjab Budget Session: ਸੁਖਪਾਲ ਖਹਿਰਾ ਦੀ ਵਿਵਾਦਤ ਪੋਸਟ ਤੇ ਹੰਗਾਮਾ, ਨਿੰਦਾ ਮਤਾ ਪਾਸ, ਬਾਜਵਾ ਦੇ ਬਿਆਨ ਤੇ ਵੀ ਮੁਆਫੀ ਦੀ ਮੰਗ

Photo@AAPPunjab

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਚੌਥਾ ਦਿਨ ਜਿਵੇਂ ਹੀ ਸ਼ੁਰੂ ਹੋਇਆ, ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਇੱਕ ਬਿਆਨ ਨੂੰ ਲੈ ਕੇ ਵਿਧਾਨ ਸਭਾ ਵਿੱਚ ਹੰਗਾਮਾ ਸ਼ੁਰੂ ਹੋ ਗਿਆ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਖਹਿਰਾ ਨੇ 1,000 ਰੁਪਏ ਦੇਣ ਤੇ ਮਹਿਲਾ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਵਾਦਪੂਰਨ ਪੋਸਟ ਪਾਈ ਹੈ। ਇਹ ਦਲਿਤ ਔਰਤਾਂ ਦਾ ਅਪਮਾਨ ਸੀ। ਚੀਮਾ ਨੇ ਕਿਹਾ ਕਿ ਕਾਂਗਰਸੀ ਮੈਂਬਰ ਹਰ ਵਾਰ ਔਰਤਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ “ਬੈਂਡ ਬਾਜਾ” ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਹੱਦ ਪਾਰ ਕਰ ਦਿੱਤੀ ਹੈ। ਹੰਗਾਮਾ ਵਧਣ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ।

ਦਰਅਸਲ ਖਹਿਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ 1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ। ਚੀਮਾ ਨੇ ਪੁੱਛਿਆ, “ਕੀ ਤੁਸੀਂ ਮੁਆਫ਼ੀ ਮੰਗੋਗੇ?” ਚੀਮਾ ਨੇ ਕਿਹਾ, “ਜੇ ਅਸੀਂ ਆਮ ਔਰਤਾਂ ਅਤੇ ਦਲਿਤ ਔਰਤਾਂ ਦਾ ਸਤਿਕਾਰ ਕਰਦੇ ਹਾਂ, ਤਾਂ ਇਸਦਾ ਮਤਲਬ ਇਹ ਨਹੀਂ ਕਿ ਜੇਕਰ ਵਿਰੋਧੀ ਧਿਰ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਈ ਹੈ ਤਾਂ ਉਨ੍ਹਾਂ ਨੂੰ ਔਰਤਾਂ ਦਾ ਅਪਮਾਨ ਕਰਨ ਦਾ ਅਧਿਕਾਰ ਕਿਸਨੇ ਦਿੱਤਾ?” ਉੱਧਰ ਪਾਰਟੀ ਦੀਆਂ ਸਾਰੀਆਂ ਮਹਿਲਾਂ ਵਿਧਾਇਕਾ ਨੇ ਵੀ ਖਹਿਰਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਸਦਨ ਵਿੱਚ ਉਨ੍ਹਾਂ ਖਿਲਾਫ ਨਿੰਦਾ ਮਤਾ ਪੇਸ਼ ਕੀਤਾ, ਜਿਸਨੂੰ ਪਾਸ ਕਰ ਦਿੱਤਾ ਗਿਆ।

ਖਹਿਰਾ ਦੇ ਬਿਆਨ ‘ਤੇ ਭੜਕੀਆਂ ਮਹਿਲਾ ਵਿਧਾਇਕ

‘ਆਪ’ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਸ ਮਾਮਲੇ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, “ਅਸੀਂ ਦਿਖਾਵਾਂਗੇ ਕਿ ਗਰੀਬ ਕਿਵੇਂ ਸੂਰਮਾ ਪੈਦਾ ਕਰਨਗੇ। ਅਸੀਂ ਇਸ ਮੁੱਦੇ ਨੂੰ ਰਾਜ ਪੱਧਰ ‘ਤੇ ਲੈ ਕੇ ਜਾਵਾਂਗੇ। ਨਾਲ ਹੀ ਮਹਿਲਾ ਕਮਿਸ਼ਨ ਨੂੰ ਵੀ ਇਸਦੀ ਸ਼ਿਕਾਇਤ ਕੀਤੀ ਜਾਵੇਗਾ। ਇਸ ਮਾਮਲੇ ਤੇ ਕਾਰਵਾਈ ਹੋਵੇਗੀ।” ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਔਰਤਾਂ ਦਾ ਅਪਮਾਨ ਕਰਦੀ ਆਈ ਹੈ। ਜੇਕਰ ਸਰਕਾਰ ਵੱਲੋਂ ਮਿਲਣ ਵਾਲੀ ਕਿਸੇ ਮਦਦ ਨੂੰ ਖਹਿਰਾ ਨੇ ਔਰਤਾਂ ਦੀ ਕੁੱਖ ਨਾਲ ਜੋੜ ਕੇ ਵੇਖਿਆ। ਇਹ ਕਾਂਗਰਸ ਦੀ ਘਿਣੌਨੀ ਸੋਚ ਹੈ। ਉਨ੍ਹਾਂ ਦੀ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕੀ ਹੈ। ਇਨ੍ਹਾਂ ਦੀ ਵਿਚਾਰਧਾਰੀ ਕੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸਨੂੰ ਉਦੋਂ ਤੱਕ ਖਤਮ ਨਹੀਂ ਹੋਣ ਦੇਵਾਂਗੇ, ਜਦੋਂ ਤੱਕ ਇਸ ਮਾਮਲੇ ਤੇ ਮੁਆਫ਼ੀ ਨਹੀਂ ਮੰਗੀ ਜਾਵੇਗੀ। ਅਸੀਂ ਇਸਨੂੰ ਵਿਸ਼ਵਵਿਆਪੀ ਬਣਾ ਕੇ ਸਾਹ ਲਵਾਂਗੇ।

‘ਕਾਂਗਰਸ ਦੀ ਸਮੂਚੀ ਲੀਡਰਸ਼ਿਪ ਨੂੰ ਮੰਗਣੀ ਹੋਵੇਗੀ ਮੁਆਫੀ’

ਆਪ ਆਗੂ ਮੈਡਮ ਅਮਨ ਅਰੋੜਾ ਨੇ ਕਿਹਾ ਆਮ ਆਦਮੀ ਪਾਰਟੀ ਦੀਆਂ ਸਾਰੀਆਂ 11 ਵਿਧਾਇਕਾ ਅਤੇ ਪਾਰਟੀ ਦੀ ਪੂਰੀ ਮਹਿਲਾਂ ਵਿੰਗ ਇਨ੍ਹਾਂ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਖਹਿਰਾ ਦੀ ਇਹ ਪੋਸਟ ਦਰਸਾਉਂਦੀ ਹੈ ਕਿ ਇਨ੍ਹਾਂ ਦੀ ਔਰਤਾਂ ਪ੍ਰਤੀ ਕਿਸ ਤਰ੍ਹਾਂ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖਹਿਰਾ ਸਮੇਤ ਪੰਜਾਬ ਦੀ ਸਾਰੀ ਲੀਡਰਸ਼ਿਪ ਇਸ ਪੋਸਟ ਤੇ ਮੁਆਫੀ ਨਹੀਂ ਮੰਗ ਲੈਂਦੇ, ਸਾਨੂੰ ਜਿੱਥੇ ਤੱਕ ਜਾਣਾ ਪਿਆ ਜਾਵਾਂਗੇ ਅਤੇ ਇਨ੍ਹਾਂ ਤੋਂ ਮੁਆਫੀ ਮੰਗਵਾ ਕੇ ਹੀ ਰਹਾਂਗੇ। ਨਾਲ ਹੀ ਇਨ੍ਹਾਂ ਨੂੰ ਸਮਝਾਵਾਂਗੇ ਕਿ ਜਿਨ੍ਹਾਂ ਗਰੀਬਾਂ ਦੀਆਂ ਵੋਟਾਂ ਲੈ ਕੇ ਤੁਸੀਂ ਇੱਥੋਂ ਤੱਕ ਪਹੰਚੇ ਹੋ, ਉਨ੍ਹਾਂ ਦਾ ਹੀ ਮਜਾਕ ਉਡਾ ਰਹੇ ਹੋ। ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਾਜਵਾ ਦੇ ਬਿਆਨ ‘ਤੇ ਵੀ ਭਾਰੀ ਹੰਗਾਮਾ

ਉੱਧਰ ਇਸ ਸੈਸ਼ਨ ਦੌਰਾਨ, ਮੈਡੀਕਲ ਕਾਲਜਾਂ ਦੀ ਉਸਾਰੀ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ। ਕਾਂਗਰਸ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਸਵਾਲ ਉਠਾਉਂਦੇ ਹੋਏ ਕਿਹਾ, “ਮੈਂ ਸਰਕਾਰੀ ਮੈਡੀਕਲ ਕਾਲਜਾਂ ਬਾਰੇ ਪੁੱਛਿਆ ਸੀ, ਪਰ ਉਹ ਪ੍ਰਾਈਵੇਟ ਕਹਿ ਰਹੇ ਹਨ।” ਸਿਹਤ ਮੰਤਰੀ ਬਲਬੀਰ ਸਿੱਧੂ ਨੇ ਜਵਾਬ ਦਿੱਤਾ, “ਅਸੀਂ ਪ੍ਰਾਈਵੇਟ ਕਾਲਜਾਂ ਨੂੰ ਵੀ ਸਹਾਇਤਾ ਪ੍ਰਦਾਨ ਕਰਦੇ ਹਾਂ।”

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਆਪਣੇ ਬਣਾਏ ਮੈਡੀਕਲ ਕਾਲਜਾਂ ਬਾਰੇ ਗੱਲ ਕਰਨ। ਮੰਤਰੀ ਅਮਨ ਅਰੋੜਾ ਜਵਾਬ ਦੇਣ ਲਈ ਖੜ੍ਹੇ ਹੋਏ, ਪਰ ਬਾਜਵਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਿਰਫ਼ ਸਿਹਤ ਮੰਤਰੀ ਹੀ ਜਵਾਬ ਦੇ ਸਕਦਾ ਹੈ, ਕੋਈ ਹੋਰ ਮੰਤਰੀ ਜਾਂ ਪਾਰਟੀ ਪ੍ਰਧਾਨ ਨਹੀਂ। ਸਪੀਕਰ ਨੇ ਇੱਕ ਸੰਵਿਧਾਨਕ ਵਿਵਸਥਾ ਦਾ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਸਾਰੇ ਮੰਤਰੀ ਕਿਸੇ ਵੀ ਮਾਮਲੇ ਲਈ ਜਵਾਬਦੇਹ ਹਨ। ਪਰ ਇਸਤੋਂ ਬਾਅਦ ਵੀ ਸਦਨ ਵਿੱਚ ਹੰਗਾਮਾ ਜਾਰੀ ਰਿਹਾ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 75 ਸਾਲਾ ਵਿਰੋਧੀ ਧਿਰ ਦੇ ਨੇਤਾ ਨੇ ਗਾਲੀ-ਗਲੋਚ ਵਾਲੀ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਬਾਜਵਾ ਮੁਆਫ਼ੀ ਮੰਗਣ। ਉਨ੍ਹਾਂ ਨੇ ਸਾਡੇ ਲੋਕਾਂ ਨਾਲ ਦੁਰਵਿਵਹਾਰ ਕੀਤਾ। ਉਹ ਗੁੰਡਾਗਰਦੀ ਕਰ ਰਹੇ ਹਨ। ਇਨ੍ਹਾਂ ਨੂੰ ਮੈਂਟਲ ਹਸਪਤਾਲ ਵਿੱਚ ਦਾਖਲ ਕਰਵਾਓ। ਇਸ ਸਦਨ ਵਿੱਚ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Follow Us