ਖੇਡਾਂ ਵਤਨ ਪੰਜਾਬ ਦੀਆਂ ਪ੍ਰੋਗਰਾਮ ‘ਚ ਮੀਕਾ ਸਿੰਘ ਨੇ ਬੰਨ੍ਹਿਆ ਰੰਗ, ਗਿੱਧੇ ਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਸ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲਕਦਮੀ ਸਿਰਫ਼ ਮੁਕਾਬਲਿਆਂ ਅਤੇ ਤਗ਼ਮਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਮਕਸਦ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਪਛਾਣ ਕਰਨਾ, ਵੱਖ-ਵੱਖ ਪੀੜ੍ਹੀਆਂ ਨੂੰ ਇੱਕੋ ਖੇਡ ਮੈਦਾਨ ਵਿੱਚ ਇਕੱਠਾ ਕਰਨਾ ਹੈ।
ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਸੀਜ਼ਨ ਦੀ ਸਮਾਪਤੀ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੇਤੂ ਟੀਮ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਖੇਡਾਂ ਨੂੰ ਲੋਕ ਲਹਿਰ ਬਣਾਉਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਸਮਾਪਤੀ ਸਮਾਰੋਹ ਪੰਜਾਬ ਦੀਆਂ ਮਹਾਨ ਖੇਡ ਪ੍ਰਾਪਤੀਆਂ, ਅਮੀਰ ਸੱਭਿਆਚਾਰ ਅਤੇ ਸ਼ਾਨਦਾਰ ਰਵਾਇਤਾਂ ਦੇ ਜਸ਼ਨ ਨਾਲ ਲਬਰੇਜ਼ ਹੋ ਗਿਆ, ਜਿੱਥੇ ਪ੍ਰਸਿੱਧ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੀ ਦਮਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਸ਼ਾਮ ਵੇਲੇ ਪੰਜਾਬ ਦੇ ਲੋਕ ਵਿਰਸੇ ਨੂੰ ਦਰਸਾਉਂਦੀਆਂ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਂ ਬੰਨ੍ਹ ਦਿੱਤਾ। ਜਿੱਥੇ ਕਲਾਕਾਰਾਂ ਨੇ ਰਵਾਇਤੀ ਗਿੱਧਾ ਅਤੇ ਭੰਗੜਾ ਪਾ ਕੇ ਪੂਰੇ ਮਾਹੌਲ ਨੂੰ ਪੰਜਾਬੀ ਸੰਗੀਤ, ਨਾਚ ਅਤੇ ਜੋਸ਼ ਨਾਲ ਭਰ ਦਿੱਤਾ।
ਇਸ ਮੌਕੇ ਦੀ ਮਹੱਤਤਾ ਨੂੰ ਵਧਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਲਈ ਖੁਦ ਇਨਾਮ ਵੰਡੇ ਅਤੇ ਉਨ੍ਹਾਂ ਨੂੰ ਸੂਬੇ ਦਾ ਨਾਮ ਰੌਸ਼ਨ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਚਾਰੋਂ ਸੀਜ਼ਨਾਂ ਦੀ ਸਫ਼ਲਤਾ ਲਈ ਖੇਡ ਵਿਭਾਗ ਦੇ ਅਧਿਕਾਰੀਆਂ ਦਾ ਵੀ ਸਨਮਾਨ ਕੀਤਾ। ਇਸ ਸਮਾਰੋਹ ਨੇ ਖਿਡਾਰੀਆਂ, ਕਲਾਕਾਰਾਂ, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਪੰਜਾਬ ਦੀ ਖੇਡ ਭਾਵਨਾ, ਸੱਭਿਆਚਾਰਕ ਵਿਲੱਖਣਤਾ ਅਤੇ ਮਾਣਮੱਤੀ ਸਾਂਝ ਦੇ ਮੰਚ ਤੇ ਇਕੱਠਾ ਕੀਤਾ।
CM ਨੇ ਖੇਤੀਬਾੜੀ ਖੇਤਰੀ ਦੀਆਂ ਪ੍ਰਾਪਤੀਆਂ ਦਾ ਕੀਤਾ ਜ਼ਿਕਰ
ਖੇਤੀਬਾੜੀ ਖੇਤਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਨਹਿਰੀ ਪਾਣੀ ਹੇਠ ਸਿੰਚਾਈ ਵਧਣ ਨਾਲ ਇਸ ਸਾਲ ਸੂਬੇ ਵਿੱਚ ਬੰਪਰ ਫ਼ਸਲ ਹੋਈ ਹੈ ਜੋ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਈ ਹੈ। ਨਹਿਰੀ ਪਾਣੀ ਖੇਤਾਂ ਲਈ ਦੇਸੀ ਘਿਓ ਵਾਂਗ ਹੈ ਅਤੇ ਸਰਕਾਰ ਨੇ ਇਸ ਦੀ ਵਰਤੋਂ ਵਿੱਚ ਵੱਡਾ ਵਾਧਾ ਕੀਤਾ ਹੈ। ਹੁਣ ਸੂਬੇ ਦੇ ਖੇਤੀਬਾੜੀ ਜਲ ਸਪਲਾਈ ਯਤਨਾਂ ਦਾ 80 ਫ਼ੀਸਦੀ ਤੋਂ ਵੱਧ ਹਿੱਸਾ ਨਹਿਰੀ ਸਿੰਚਾਈ ਵੱਲ ਲਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, ਸਰਕਾਰ ਸਿੱਖਿਆ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ, ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀ ਲਗਾਤਾਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ।
ਮੈਰਿਟ ਦੇ ਆਧਾਰ ਤੇ ਕੁੱਲ 71,777 ਸਰਕਾਰੀ ਨੌਕਰੀਆਂ ਦਿੱਤੀਆਂ
ਮੈਰਿਟ ਦੇ ਆਧਾਰ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ, ਬਿਨਾਂ ਕਿਸੇ ਰਿਸ਼ਵਤ ਜਾਂ ਵਿਤਕਰੇ ਦੇ ਨਿਰੋਲ ਮੈਰਿਟ ਦੇ ਆਧਾਰ ਤੇ ਕੁੱਲ 71,777 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਪੰਜਾਬ ਸੰਤਾਂ, ਮਹਾਨ ਗੁਰੂਆਂ ਅਤੇ ਸੂਰਬੀਰਾਂ ਦੀ ਅਮੀਰ ਵਿਰਾਸਤ ਵਾਲੀ ਧਰਤੀ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਇੱਕ ਖੁਸ਼ਹਾਲ, ਅਗਾਂਹਵਧੂ ਅਤੇ ਰੰਗਲਾ ਸੂਬਾ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਕੁਦਰਤ, ਧਰਤੀ ਅਤੇ ਵਾਤਾਵਰਣ ਪ੍ਰਤੀ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦੀਆਂ ਹਨ।
