ਖੰਨਾ ਕੈਟਲ ਫੀਡ ਪਲਾਂਟ ‘ਚ ਕਰੋੜਾਂ ਦਾ ਯੂਰੀਆ ਘੁਟਾਲਾ, CM ਮਾਨ ਦੇ ਐਕਸ਼ਨ ਤੋਂ ਬਾਅਦ FIR ਦਰਜ

Published: 

01 Jul 2026 16:14 PM IST

ਪੰਜਾਬ ਵਿੱਚ ਖੇਤੀਬਾੜੀ ਲਈ ਸਬਸਿਡੀ 'ਤੇ ਮਿਲਣ ਵਾਲੀ ਯੂਰੀਆ ਦੀ ਕਥਿਤ ਉਦਯੋਗਿਕ ਵਰਤੋਂ ਅਤੇ ਦੁਰਵਰਤੋਂ ਦੇ ਮਾਮਲੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਹੈ।

ਖੰਨਾ ਕੈਟਲ ਫੀਡ ਪਲਾਂਟ ਚ ਕਰੋੜਾਂ ਦਾ ਯੂਰੀਆ ਘੁਟਾਲਾ, CM ਮਾਨ ਦੇ ਐਕਸ਼ਨ ਤੋਂ ਬਾਅਦ FIR ਦਰਜ

ਸੰਕੇਤਕ ਤਸਵੀਰ

ਪੰਜਾਬ ਵਿੱਚ ਖੇਤੀਬਾੜੀ ਲਈ ਸਬਸਿਡੀ ‘ਤੇ ਮਿਲਣ ਵਾਲੀ ਯੂਰੀਆ ਦੀ ਕਥਿਤ ਉਦਯੋਗਿਕ ਵਰਤੋਂ ਅਤੇ ਦੁਰਵਰਤੋਂ ਦੇ ਮਾਮਲੇ ਵਿੱਚ ਇੱਕ ਬਹੁਤ ਵੱਡੀ ਕਾਰਵਾਈ ਸਾਹਮਣੇ ਆਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਖੰਨਾ ਦੇ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਇਸ ਸਬੰਧੀ ਮਾਮਲਾ ਦਰਜ ਕਰਵਾਇਆ ਹੈ।

ਇਸ ਹਾਈ-ਪ੍ਰੋਫਾਈਲ ਮਾਮਲੇ ਵਿੱਚ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ ਸਮੇਤ ਕਈ ਹੋਰ ਉੱਚ ਅਧਿਕਾਰੀਆਂ ਅਤੇ ਯੂਰੀਆ ਦੀ ਸਪਲਾਈ ਕਰਨ ਵਾਲੀਆਂ ਗਿੱਦੜਬਾਹਾ ਤੇ ਨਵੀਂ ਦਿੱਲੀ ਦੀਆਂ ਕੰਪਨੀਆਂ ਦੇ ਮਾਲਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਖੇਤੀਬਾੜੀ ਵਿਕਾਸ ਅਫ਼ਸਰ ਦੇ ਬਿਆਨਾਂ ‘ਤੇ ਦਰਜ ਹੋਇਆ ਮਾਮਲਾ

ਇਹ ਕਾਰਵਾਈ ਖੰਨਾ ਦੇ ਸਿਟੀ ਥਾਣਾ-2 ਵਿੱਚ ਖੇਤੀਬਾੜੀ ਵਿਕਾਸ ਅਫ਼ਸਰ (ADO) ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਅਮਲ ਵਿੱਚ ਲਿਆਂਦੀ ਗਈ ਹੈ। ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਦਰਜ ਕੀਤੀ ਗਈ ਇਸ ਐਫ.ਆਈ.ਆਰ. ਵਿੱਚ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ ਸੁਰਜੀਤ ਸਿੰਘ ਭਦੌੜ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਗਿੱਦੜਬਾਹਾ ਦੀ ਇੱਕ ਨਾਮੀ ਕੰਪਨੀ ਦੇ ਮਾਲਕ ਅਤੇ ਨਵੀਂ ਦਿੱਲੀ ਸਥਿਤ ਮੈਸਰਜ਼ ਮਨੀਸ਼ਾ ਟਰੇਡਿੰਗ ਕੰਪਨੀ ਨਾਲ ਜੁੜੇ ਅਹਿਮ ਲੋਕਾਂ ਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਪਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਅਧਿਕਾਰੀਆਂ ਤੇ ਸਬੰਧਤ ਧਿਰਾਂ ਦੇ ਨਾਮ ਵੀ ਇਸ ਵਿੱਚ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਹੈ।

ਤਕਨੀਕੀ ਯੂਰੀਆ ਦੀ ਥਾਂ ‘ਨੀਮ-ਕੋਟਿਡ’ ਯੂਰੀਆ ਦੀ ਖੇਡ

ਮੁਢਲੀ ਪੜਤਾਲ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਪਲਾਂਟ ਵਿੱਚ ਉਦਯੋਗਿਕ ਵਰਤੋਂ ਲਈ ਲੋੜੀਂਦੇ ‘ਟੈਕਨੀਕਲ ਗ੍ਰੇਡ ਯੂਰੀਆ’ ਦੀ ਜਗ੍ਹਾ ਖੇਤੀਬਾੜੀ ਲਈ ਸਰਕਾਰ ਵੱਲੋਂ ਦਿੱਤੇ ਜਾਂਦੇ ਸਬਸਿਡੀ ਵਾਲੇ ‘ਨੀਮ-ਕੋਟਿਡ ਯੂਰੀਆ’ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਦੋਸ਼ ਹਨ ਕਿ ਸਰਕਾਰੀ ਸਬਸਿਡੀ ਵਾਲੀ ਇਸ ਯੂਰੀਆ ਨੂੰ ਉਦਯੋਗਿਕ ਉਦੇਸ਼ਾਂ ਲਈ ਵਰਤ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ ਅਤੇ ਨਾਜਾਇਜ਼ ਮੁਨਾਫ਼ਾ ਕਮਾਇਆ ਗਿਆ। ਇਸ ਕਥਿਤ ਘੁਟਾਲੇ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਖੇਤੀਬਾੜੀ ਵਿਭਾਗ ਦੀ ਛਾਪੇਮਾਰੀ ਦੌਰਾਨ ਫੜੀ ਗਈ ਚੋਰੀ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਖੇਤੀਬਾੜੀ ਵਿਭਾਗ ਦੀ ਇੱਕ ਵਿਸ਼ੇਸ਼ ਟੀਮ ਨੇ ਖੰਨਾ ਕੈਟਲ ਫੀਡ ਪਲਾਂਟ ਵਿੱਚ ਅਚਨਚੇਤ ਛਾਪੇਮਾਰੀ ਕਰਕੇ ਯੂਰੀਆ ਦੇ ਸੈਂਪਲ ਲਏ ਸਨ। ਲੈਬਾਰਟਰੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉੱਥੇ ਰੱਖੇ ਟੈਕਨੀਕਲ ਗ੍ਰੇਡ ਯੂਰੀਆ ਦੇ ਬੋਰਿਆਂ ਦੇ ਅੰਦਰ ਅਸਲ ਵਿੱਚ ਖੇਤੀਬਾੜੀ ਵਾਲੀ ਸਬਸਿਡੀ ਵਾਲੀ ਨੀਮ-ਕੋਟਿਡ ਯੂਰੀਆ ਭਰੀ ਹੋਈ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਹਿਲਾਂ ਹੀ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ (ਏ.ਐਚ.), ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ ਅਤੇ ਸੀਨੀਅਰ ਸਹਾਇਕ ਸਮੇਤ ਕਈ ਵੱਡੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਜਾ ਚੁੱਕਾ ਹੈ।

Follow Us