ਪੰਜਾਬ ‘ਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ, ਹੁਣ ਤੱਕ 266 FIR; 17 ਲੱਖ ਦਾ ਜੁਰਮਾਨਾ
Stubble Burning: ਸਰਕਾਰੀ ਸਖ਼ਤੀਆਂ ਦੇ ਬਾਵਜੂਦ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਸੀਜ਼ਨ 'ਚ ਹੁਣ ਤੱਕ ਕੁੱਲ 743 ਮਾਮਲੇ ਸਾਹਮਣੇ ਆਏ ਹਨ। ਤਰਨਤਾਰਨ ਜ਼ਿਲ੍ਹਾ ਸਭ ਤੋਂ ਅੱਗੇ ਹੈ, ਪੰਜਾਬ ਦੇ ਕਈ ਸ਼ਹਿਰਾਂ 'ਚ AQI ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕ ਨਹੀਂ ਲੱਗ ਰਹੀ। ਸਰਕਾਰ ਦੇ ਸਖ਼ਤ ਉਪਾਵਾਂ ਤੇ ਕਾਰਵਾਈਆਂ ਦੇ ਬਾਵਜੂਦ, ਪਰਾਲੀ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਐਤਵਾਰ ਨੂੰ ਇਸ ਸੀਜ਼ਨ ‘ਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਇਸ ਦਿਨ 122 ਨਵੇਂ ਮਾਮਲੇ ਸਾਹਮਣੇ ਆਉਣ ਨਾਲ, ਪੰਜਾਬ ‘ਚ ਇਸ ਸੀਜ਼ਨ ‘ਚ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 743 ਹੋ ਗਈ ਹੈ।
ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਵੀ ਜਾਰੀ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਹੁਣ ਤੱਕ ਕੁੱਲ 16 ਲੱਖ ਤੇ 80 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ। 266 ਮਾਮਲਿਆਂ ‘ਚ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ 296 ਮਾਮਲਿਆਂ ‘ਚ ਕਿਸਾਨਾਂ ਦੀ ਜ਼ਮੀਨ ਦੇ ਮਾਲੀਆ ਰਿਕਾਰਡ ‘ਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ।
ਤਰਨਤਾਰਨ ਜ਼ਿਲ੍ਹਾ ਸਭ ਤੋਂ ਅੱਗੇ
ਪੰਜਾਬ ਦਾ ਤਰਨਤਾਰਨ ਜ਼ਿਲ੍ਹੇ ‘ਚ ਹੁਣ ਤੱਕ 224 ਮਾਮਲੇ ਦਰਜ ਕੀਤੇ ਗਏ ਹਨ, ਜੋ ਪਰਾਲੀ ਸਾੜਨ ਦੇ ਮਾਮਲਿਆਂ ‘ਚ ਟਾਪ ‘ਤੇ ਹੈ। ਉੱਥੇ ਹੀ, ਦੂਜੇ ਨੰਬਰ ‘ਤੇ ਅੰਮ੍ਰਿਤਸਰ ਹੈ ਜਿੱਥੇ ਹੁਣ ਤੱਕ ਕੁੱਲ 154 ਮਾਮਲੇ ਸਾਹਮਣੇ ਆਏ ਹਨ। ਆਉਣ ਵਾਲੇ ਦਿਨਾਂ ‘ਚ ਝੋਨੇ ਦੀ ਕਟਾਈ ‘ਚ ਤੇਜ਼ੀ ਆਵੇਗੀ, ਇਸ ਲਈ ਇਨ੍ਹਾਂ ਮਾਮਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪਿਛਲੇ ਛੇ ਦਿਨਾਂ ‘ਚ ਹੀ ਪੰਜਾਬ ‘ਚ ਪਰਾਲੀ ਸਾੜਨ ਦੇ ਕੁੱਲ 328 ਮਾਮਲੇ ਸਾਹਮਣੇ ਆ ਚੁੱਕੇ ਹਨ।
ਪਰਾਲੀ ਸਾੜਨ ਕਾਰਨ AQI ਵਧ ਰਿਹਾ
ਪਰਾਲੀ ਨੂੰ ਲਗਾਤਾਰ ਸਾੜਨ ਕਾਰਨ ਪੰਜਾਬ ਦੇ ਕਈ ਸ਼ਹਿਰਾਂ ਦਾ AQI ਵਧਿਆ ਹੈ। ਐਤਵਾਰ ਨੂੰ, ਜਲੰਧਰ ‘ਚ AQI 439, ਬਠਿੰਡਾ 321, ਲੁਧਿਆਣਾ 260, ਅੰਮ੍ਰਿਤਸਰ 257, ਪਟਿਆਲਾ 195 ਤੇ ਮੰਡੀ ਗੋਬਿੰਦਗੜ੍ਹ 153 ਦਰਜ ਕੀਤਾ ਗਿਆ।
ਕੀ ਦਿੱਲੀ ‘ਤੇ ਵੀ ਹੋ ਰਿਹਾ ਪਰਾਲੀ ਸਾੜਨ ਦਾ ਅਸਰ?
ਰਾਜਧਾਨੀ ਦਿੱਲੀ ਦਾ AQI ਵੀ ਇੱਕ ਗੰਭੀਰ ਪੱਧਰ ‘ਤੇ ਪਹੁੰਚ ਗਿਆ ਹੈ, ਕਈ ਥਾਵਾਂ ‘ਤੇ 400 ਤੋਂ ਵੱਧ ਹੈ। ਕਈ ਸਮੂਹ ਇਸ ਲਈ ਪੰਜਾਬ ਤੇ ਹਰਿਆਣਾ ‘ਚ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਦਿੱਲੀ ਦਾ ਪ੍ਰਦੂਸ਼ਣ ਵਧ ਗਿਆ ਸੀ। ਪਰ ਜਿਵੇਂ-ਜਿਵੇਂ ਫਸਲਾਂ ਦੀ ਕਟਾਈ ਹੋ ਰਹੀ ਹੈ, ਪੰਜਾਬ ਤੇ ਹਰਿਆਣਾ ਵਰਗੇ ਰਾਜਾਂ ‘ਚ ਪਰਾਲੀ ਸਾੜਨ ਦੇ ਮਾਮਲੇ ਵਧ ਰਹੇ ਹਨ।


