Punjab Police ਦਾ ਦਾਅਵਾ, ਨਸ਼ਿਆਂ ਦੀ ਬਰਾਮਦਗੀ ਵਧੀ, ਅਪਰਾਧਕ ਕਾਰਵਾਈਆਂ ਘਟੀਆਂ
DGP Gaurav Yadav ਨੇ ਦੱਸਿਆ ਕਿ ਡਿਸਪੋਜ਼ਡ ਰਾਕੇਟ ਲਾਂਚਰ ਦੀਆਂ ਦੋ ਸਲੀਵਸ, 30 ਡਰੋਨ ਅਤੇ ਇੱਕ ਲੋਡਿਡ ਰਾਕੇਟ ਪ੍ਰੋਪੇਲਡ ਗ੍ਰੇਨੇਡ ਦੀ ਬਰਾਮਦਗੀ ਨਾਲ 168 ਅੱਤਵਾਦੀ/ਕੱਟੜਪੰਥੀਆਂ ਨੂੰ ਗ੍ਰਿਫਤਾਰ ਕਰਕੇ 26 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।
ਚੰਡੀਗੜ੍ਹ ਨਿਊਜ: ਪੰਜਾਬ ਪੁਲਿਸ (Punjab Police) ਦਾ ਦਾਅਵਾ ਹੈ ਕਿ ਪਿਛਲੇ ਕਰੀਬ ਇੱਕ ਸਾਲ ਦੌਰਾਨ ਸੂਬੇ ਵਿੱਚ ਅਪਰਾਧਕ ਕਾਰਵਾਈਆਂ ਵਿੱਚ ਜਿੱਥੇ ਕਮੀ ਆਈ ਹੈ, ਉਥੇ ਹੀ ਨਸ਼ਿਆਂ ਦੀ ਬਰਾਮਦਗੀ ਵਿੱਚ ਵਾਧਾ ਹੋਇਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਅਨੁਸਾਰ 16 ਮਾਰਚ 2022 ਤੋਂ 15 ਮਾਰਚ 2023 ਤੱਕ ਦੇ ਅਧਿਕਾਰਤ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਪੁਲਿਸ ਨੇ 31 ਰਾਈਫਲਾਂ, 201 ਰਿਵਾਲਵਰ/ਪਿਸਟਲ, 9 ਟਿਫਿਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED), 8.72 ਕਿਲੋ RDX ਅਤੇ ਹੋਰ ਵਿਸਫੋਟਕ ਸਮੱਗਰੀ, 11 ਹੈਂਡ ਗ੍ਰਨੇਡ ਬਰਾਮਦ ਹੋਏ ਹਨ।
ਡੀਜੀਪੀ ਯਾਦਵ ਨੇ ਦਿੱਤਾ ਵਾਰਦਾਤਾਂ ਬਾਰੇ ਜਾਣਕਾਰੀ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਸੂਬੇ ਵਿੱਚ ਛੇ ਵੱਡੀਆਂ ਘਿਨਾਉਣੀਆਂ ਵਾਰਦਾਤਾਂ ਹੋਈਆਂ ਜਿਨ੍ਹਾਂ ਵਿੱਚ ਮੋਹਾਲੀ ਵਿਖੇ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ‘ਤੇ ਆਰਪੀਜੀ ਹਮਲਾ; ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ; ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਪਰਦੀਪ ਕੁਮਾਰ ਦਾ ਕਤਲ; ਤਰਨਤਾਰਨ ਦੇ ਥਾਣਾ ਸਰਹਾਲੀ ਵਿਖੇ ਆਰ.ਪੀ.ਜੀ ਹਮਲਾ; ਸੁਧੀਰ ਸੂਰੀ ਅਤੇ ਭੁਪਿੰਦਰ ਸਿੰਘ ਚਾਵਲਾ ਉਰਫ ਟਿੰਮੀ ਚਾਵਲਾ ਦੀਆਂ ਹੱਤਿਆਵਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਰਿਕਾਰਡ ਸਮੇਂ ਵਿੱਚ ਇਹਨਾਂ ਸਾਰੇ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਨਸ਼ਿਆਂ ਵਿਰੁੱਧ ਪੁਲਿਸ ਦੀ ਫੈਸਲਾਕੁੰਨ ਜੰਗ
ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਛੇੜੀ ਹੈ ਜਿਸ ਦੇ ਨਤੀਜੇ ਵਜੋਂ 16 ਮਾਰਚ 2022 ਤੋਂ 13094 ਐਫਆਈਆਰ ਦਰਜ ਕਰਕੇ 17568 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸਿਰਫ਼ ਇੱਕ ਸਾਲ ਵਿੱਚ ਹੀ ਰਿਕਾਰਡ 863.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਫੜੇ ਗਏ ਨਸ਼ਿਆਂ ਬਾਰੇ ਵੀ ਡੀਜੀਪੀ ਨੇ ਦਿੱਤੀ ਜਾਣਕਾਰੀ
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ‘ਚੋਂ 716.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਹੈਰੋਇਨ ਦੀ ਕੁੱਲ ਰਿਕਵਰੀ 863.9 ਕਿਲੋ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 888 ਕਿਲੋ ਅਫੀਮ, 1229 ਕਿਲੋ ਗਾਂਜਾ, 464 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਓਡ ਦੀਆਂ 70.16 ਲੱਖ ਗੋਲੀਆਂ/ਕੈਪਸੂਲ/ਟੀਕੇ/ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ।
ਪੁਲਿਸ ਨੇ ਬੀਤੇ ਇੱਕ ਸਾਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਐਨਡੀਪੀਐਸ ਕੇਸਾਂ ਵਿੱਚ ਭਗੌੜੇ ਅਪਰਾਧੀਆਂ (ਪੀਓਜ਼)/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ 16 ਮਾਰਚ, 2022 ਤੋਂ ਹੁਣ ਤੱਕ 828 ਪੀਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ
ਡੀਜੀਪੀ ਗੌਰਵ ਯਾਦਵ ਨੇ ਦੁਹਰਾਇਆ ਕਿ ਪੰਜਾਬ ਪੁਲਿਸ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ ਹੈ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਸਮੇਂ-ਸਮੇਂ ‘ਤੇ ਕਈ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।