ਨਸ਼ਾ ਮੁਕਤ ਹੋਇਆ ਫ਼ਤਹਿਗੜ੍ਹ ਸਾਹਿਬ ਦਾ ਪਿੰਡ ਖਰੌੜੀ, ਪੁਲਿਸ ਟੀਮ ਦਾ ਕੀਤਾ ਗਿਆ ਸਨਮਾਨ
ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖਰੌੜੀ ਦੀ ਪੰਚਾਇਤ ਵੱਲੋਂ ਪੂਰੇ ਪਿੰਡ ਨੂੰ ਨਸ਼ਾ ਮੁਕਤ ਐਲਾਨ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਚ ਭਾਰੀ ਉਤਸ਼ਾਹ ਹੈ।
ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦਾ ਅਸਰ ਵਿਖਣਾ ਸ਼ੁਰੂ ਹੋ ਗਿਆ ਹੈ। ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਖਰੌੜੀ ਦੀ ਪੰਚਾਇਤ ਵੱਲੋਂ ਪੂਰੇ ਪਿੰਡ ਨੂੰ ਨਸ਼ਾ ਮੁਕਤ ਐਲਾਨ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਚ ਭਾਰੀ ਉਤਸ਼ਾਹ ਹੈ।
ਪੰਚਾਇਤ ਵੱਲੋਂ ਮਦਦ ਦਾ ਭਰੋਸਾ
ਖਰੌੜੀ ਨੂੰ ਨਸ਼ਾ ਮੁਕਤ ਐਲਾਣਨ ਤੋਂ ਬਾਅਦ ਪਿੰਡ ਦੇ ਸਰਪੰਚ ਹਰਪਿੰਦਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੂਰੀ ਪੁਲਿਸ ਟੀਮ ਨੂੰ ਸਿਰੋਪਾਓ ਭੇਂਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਸਰਪੰਚ ਹਰਪਿੰਦਰ ਸਿੰਘ ਨੇ ਪੰਚਾਇਤ ਦੀ ਤਰਫੋਂ ਪੰਜਾਬ ਨੂੰ ਵੀ ਨਸ਼ਾ ਮੁਕਤ ਸੂਬਾ ਬਣਾਉਣ ਦੀ ਇਸ ਜੰਗ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉੱਧਰ, ਸਥਾਨਕ ਲੋਕ ਵੀ ਪੁਲਿਸ ਦੀ ਇਸ ਪਹਿਲ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰੰਗਲੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਹਕੀਕੀ ਰੂਪ ਦੇਣ ਲਈ ਉਹ ਹਰ ਸਮੇਂ ਪੁਲਿਸ ਅਤੇ ਸਰਕਾਰ ਦੀ ਮਦਦ ਲਈ ਤਿਆਰ ਹਨ।
ਪੁਲਿਸ ਨੇ ਚਲਾਈਆਂ ਤਲਾਸ਼ੀ ਮੁਹਿੰਮਾਂ
ਜਿਕਰਯੋਗ ਹੈ ਕਿ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀਤੇ ਦਿਨ ਪੁਲਿਸ ਟੀਮਾਂ ਨੇ ਫ਼ਤਹਿਗੜ੍ਹ ਸਾਹਿਬ ਦੇ ਨਾਲ-ਨਾਲ ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਦਿਹਾਤੀ ਸਮੇਤ ਪੰਜ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ ਖਿਲਾਫ ਤਲਾਸ਼ੀ ਮੁਹਿੰਮਾਂ ਚਲਾਈਆਂ ਸਨ। ਪੁਲਿਸ ਦੀਆਂ ਇਹ ਟੀਮਾਂ ਮੁੜ ਵਸੇਬਾ ਕੇਂਦਰਾਂ ‘ਚ ਇਲਾਜ ਕਰਵਾ ਰਹੇ ਲੋਕਾਂ ਨੂੰ ਵੀ ਮੁੜ ਤੋਂ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ।