ਬਹੁ-ਕਰੋੜੀ ਬੈਂਕ ਘੁਟਾਲੇ ਦਾ ਮੁਲਜ਼ਮ ਅਮਿਤ ਢੀਂਗਰਾ ਗ੍ਰਿਫ਼ਤਾਰ, ਖਾਤਿਆਂ ਵਿੱਚ ਕੀਤੀ ਸਨ ਬੇਨਿਯਮੀਆਂ
Punjab Police Arrested Amit Dhingra: ਪੰਜਾਬ ਪੁਲਿਸ ਨੇ ਫਰੀਦਕੋਟ ਦੇ ਸਟੇਟ ਬੈਂਕ ਆਫ ਇੰਡੀਆ ਦੇ ਕਲਰਕ ਅਮਿਤ ਢੀਂਗਰਾ ਨੂੰ 100 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਹ ਮਥੁਰਾ ਵਿੱਚ ਲੁਕਿਆ ਹੋਇਆ ਸੀ। ਢੀਂਗਰਾ ਨੇ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਪੈਸੇ ਗ਼ੈਰ-ਕਾਨੂੰਨੀ ਢੰਗ ਨਾਲ ਕੱਢੇ ਸਨ।
ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿੱਚ ਕੰਮ ਕਰਨ ਵਾਲਾ ਕਲਰਕ ਅਮਿਤ ਢੀਂਗਰ ਕਰੋੜਾਂ ਰੁਪਏ ਦੇ ਖਾਤਾਧਾਰਕਾਂ ਦੇ ਖਾਤਿਆਂ, ਲਿਮਟਾਂ, ਐੱਫਡੀ ਆਦਿ ਦੀ ਠੱਗੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਜਿਸ ਨੂੰ ਪੁਲਿਸ ਨੇ ਯੂਪੀ ਦੇ ਮਥੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
3 ਘੰਟਿਆਂ ਦੇ ਹਾਈ ਵੋਲਟੇਜ ਡਰਾਮਾ ਤੋਂ ਬਾਅਦ ਕੀਤਾ ਗ੍ਰਿਫ਼ਤਾਰ
ਇਸ ਫਰਾਰ ਮੁਲਜ਼ਮ ਨੇ ਮਥੁਰਾ ਦੇ ਥਾਣਾ ਹਾਈਵੇਅ ਇਲਾਕੇ ਦੀ ਇੱਕ ਪਾਸ਼ ਕਲੋਨੀ ਰਾਧਾ ਵੈਲੀ ਵਿੱਚ 3 ਘੰਟੇ ਤੱਕ ਇੱਕ ਹਾਈ ਵੋਲਟੇਜ ਡਰਾਮਾ ਕੀਤਾ। ਪੰਜਾਬ ਪੁਲਿਸ ਇੱਥੇ ਇਸ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਇਸ ਦੌਰਾਨਮੁਲਜ਼ਮ ਨੇ 9ਵੀਂ ਮੰਜ਼ਿਲ ‘ਤੇ ਸਥਿਤ ਫਲੈਟ ਦੀ ਬਾਲਕੋਨੀ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਉੱਪਰੋਂ ਛਾਲ ਮਾਰਨ ਦੀ ਧਮਕੀ ਦੇਣ ਲੱਗ ਪਿਆ। ਪੁਲਿਸ ਅਤੇ ਫਾਇਰ ਟੀਮ ਨੇ 3 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰ ਲਿਆ।
ਦੱਸ ਦਈਏ ਕਿ ਮੁਲਜ਼ਮ ਅਮਿਤ ਨੇ ਰਾਧਾ ਵੈਲੀ ਦੇ ਨਿਰਮਲਾ ਵਿੰਗ ਦੇ ਸੀ ਬਲਾਕ ਦੀ 9ਵੀਂ ਮੰਜ਼ਿਲ ‘ਤੇ ਸਥਿਤ ਫਲੈਟ ਨੰਬਰ 903 ਕਿਰਾਏ ‘ਤੇ ਲਿਆ ਸੀ। 22 ਜੁਲਾਈ ਨੂੰ ਅਮਿਤ ਦੇ ਦੋਸਤ ਨੇ ਇਹ ਫਲੈਟ ਕਿਰਾਏ ‘ਤੇ ਲਿਆ ਸੀ।
ਸੌ ਕਰੋੜ ਦੀ ਧੋਖਾਧੜੀ ਦਾ ਮਾਮਲਾ
ਜ਼ਿਕਰਯੋਗ ਹੈ ਕਿ ਅਮਿਤ ਫਰੀਦਕੋਟ ਦੇ ਕਸਬਾ ਸਾਦਿਕ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿੱਚ ਕੰਮ ਕਰਦਾ ਸੀ। ਉਸ ਨੇ ਉੱਥੇ ਸੌ ਕਰੋੜ ਦੀ ਧੋਖਾਧੜੀ ਕੀਤੀ ਸੀ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮ ਦੀ ਭਾਲ ਕਰ ਰਹੀ ਸੀ। ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਹ ਮਥੁਰਾ ਵਿੱਚ ਲੁਕਿਆ ਹੋਇਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਮਥੁਰਾ ਆਈ ਅਤੇ ਮੁਲਜਮ ਨੂੰ ਫੜ ਲਿਆ।


