ਪੰਜਾਬ ਭਾਜਪਾ ਨੂੰ ਬਹੁਤ ਛੇਤੀ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ
ਸੁਨੀਲ ਜਾਖੜ (Sunil Jakhar) ਦਾ ਨਾਂ ਤਕਰੀਬਨ ਤਕਰੀਬਨ ਫਾਈਨਲ ਹੋ ਚੁੱਕਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਅਸ਼ਵਨੀ ਸ਼ਰਮਾ (Ashwini Sharma) ਨੇ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਬਣਾਉਣ ਦੀ ਚਰਚਾ ਬੀਤੇ ਦਿਨੀਂ ਗੁਰਦਾਸਪੁਰ ਚ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰਦਾਸਪੁਰ ‘ਚ ਜਿਸ ਤਰ੍ਹਾਂ ਨਾਲ ਸੁਨੀਲ ਜਾਖੜ ਨੂੰ ਮੰਚ ‘ਤੇ ਪੇਸ਼ ਕੀਤਾ ਗਿਆ, ਉਸਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਭਾਜਪਾ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਲਈ ਵੀ ਟਿਕਟ ਮਿਲ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ, ਅਮਿਤ ਸ਼ਾਹ ਵੱਲੋਂ ਕੇਂਦਰੀ ਮੰਤਰੀ
ਗਜੇਂਦਰ ਸਿੰਘ ਸ਼ੇਖਾਵਤ (Gajender Singh Shekhwat) ਨੂੰ ਇਹ ਜਿੰਮੇਦਾਰੀ ਸੌਂਪੀ ਗਈ ਸੀ ਕਿ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਪਾਰਟੀ ਵਿੱਚ ਚੱਲ ਰਹੇ ਇਸ ਅੰਦਰੂਨੀ ਵਿਰੋਧ ਨੂੰ ਸ਼ਾਂਤ ਕਰਨ। ਇਸ ਬਦਲਾਅ ਪਿੱਛੇ ਭਾਜਪਾ ਦਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਦਾ ਹੈ।
ਪੰਜਾਬ ‘ਚ ਭਾਜਪਾ ਦਾ ਵਧਿਆ ਹੈ ਕੁਨਬਾ
ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਬੀਤੇ ਕੁੱਝ ਮਹੀਨਿਆਂ ਦੌਰਾਨ ਇਥੋਂ ਦੇ ਸੱਤ ਵੱਡੇ ਚਿਹਰੇ ਭਾਜਪਾ ‘ਚ ਸ਼ਾਮਲ ਹੋਏ ਹਨ। ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸੁਨੀਲ ਜਾਖੜ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਰਾਜਕੁਮਾਰ ਵੇਰਕਾ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸੋਢੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਨ ਤੋਂ ਬਾਅਦ ਪਾਰਟੀ ਨੂੰ ਪੂਰੀ ਉਮੀਦ ਹੈ ਇਹ ਲੋਕ ਆਉਂਦਿਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ 13 ਲੋਕ ਸਭਾ ਸੀਟਾਂ ਦੇ ਟੀਚੇ ਤੱਕ ਪਹੁੰਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ