New Punjab BJP Chief: ਪੰਜਾਬ ਭਾਜਪਾ ਪ੍ਰਧਾਨ ਲਈ ਸੁਨੀਲ ਜਾਖੜ ਦਾ ਨਾਂ ਫਾਈਨਲ!, ਅਸ਼ਵਨੀ ਸ਼ਰਮਾ ਨੇ ਛੱਡਿਆ ਅਹੁਦਾ
New Punjab BJP Chief: ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਦੇਣ ਦੀ ਖ਼ਬਰ ਜਦੋਂ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਵਿਚਾਲੇ ਵਿਰੋਧ ਸ਼ੁਰੂ ਹੋ ਗਿਆ। ਦੱਸਿਆ ਜਾ ਰਿਹਾ ਹੈ ਉਸਦੇ ਬਾਅਦ ਤੋਂ ਹੀ ਹਾਈਕਮਾਂਡ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਨੂੰ ਮਨਾਉਣ ਵਿੱਚ ਰੁੱਝੀ ਹੋਈ ਹੈ।

ਪੰਜਾਬ ਭਾਜਪਾ ਨੂੰ ਬਹੁਤ ਛੇਤੀ ਨਵਾਂ ਪ੍ਰਧਾਨ ਮਿਲ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਸੁਨੀਲ ਜਾਖੜ (Sunil Jakhar) ਦਾ ਨਾਂ ਤਕਰੀਬਨ ਤਕਰੀਬਨ ਫਾਈਨਲ ਹੋ ਚੁੱਕਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਅਸ਼ਵਨੀ ਸ਼ਰਮਾ (Ashwini Sharma) ਨੇ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਬਣਾਉਣ ਦੀ ਚਰਚਾ ਬੀਤੇ ਦਿਨੀਂ ਗੁਰਦਾਸਪੁਰ ਚ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰਦਾਸਪੁਰ ‘ਚ ਜਿਸ ਤਰ੍ਹਾਂ ਨਾਲ ਸੁਨੀਲ ਜਾਖੜ ਨੂੰ ਮੰਚ ‘ਤੇ ਪੇਸ਼ ਕੀਤਾ ਗਿਆ, ਉਸਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਭਾਜਪਾ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਲਈ ਵੀ ਟਿਕਟ ਮਿਲ ਸਕਦੀ ਹੈ।
ਮਿਲੀ ਜਾਣਕਾਰੀ ਮੁਤਾਬਕ, ਅਮਿਤ ਸ਼ਾਹ ਵੱਲੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajender Singh Shekhwat) ਨੂੰ ਇਹ ਜਿੰਮੇਦਾਰੀ ਸੌਂਪੀ ਗਈ ਸੀ ਕਿ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਉਹ ਪਾਰਟੀ ਵਿੱਚ ਚੱਲ ਰਹੇ ਇਸ ਅੰਦਰੂਨੀ ਵਿਰੋਧ ਨੂੰ ਸ਼ਾਂਤ ਕਰਨ। ਇਸ ਬਦਲਾਅ ਪਿੱਛੇ ਭਾਜਪਾ ਦਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਵੱਧ ਤੋਂ ਵੱਧ ਸੀਟਾਂ ਜਿੱਤਣ ਦਾ ਹੈ।