ਅਮਿਤ ਸ਼ਾਹ ਦੀ ਰੈਲੀ ‘ਚ ਸੁਨੀਲ ਜਾਖੜ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪੇਸ਼ ਕੀਤੀ ਦਾਅਵੇਦਾਰੀ
Sunil Jakhar in Shah Rally: ਜਾਖੜ ਨੇ ਜਿਸ ਤਰ੍ਹਾਂ ਲੋਕ ਸਭਾ ਹਲਕੇ ਦੇ ਮੁੱਦੇ ਉਠਾਉਣ ਤੋਂ ਇਲਾਵਾਂ ਹਲਕੇ ਦੇ ਲੋਕਾਂ ਦੀ ਤਾਰੀਫ਼ ਕੀਤੀ, ਉਸ ਤੋਂ ਸਾਫ਼ ਹੈ ਕਿ ਉਹ ਗੁਰਦਾਸਪੁਰ ਤੋਂ ਚੋਣ ਲੜਨ ਦੇ ਚਾਹਵਾਨ ਹਨ। ਸ਼ਾਹ ਦੀ ਰੈਲੀ ਰਾਹੀਂ ਉਨ੍ਹਾਂ ਨੇ ਲੋਕ ਸਭਾ ਸੀਟ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ।

ਗੁਰਦਾਸਪੁਰ ਨਿਊਜ਼: 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਗੁਰਦਾਸਪੁਰ ਵਿੱਚ ਵੱਡੀ ਰੈਲੀ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰੈਲੀ ‘ਚ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਆਪਣੇ ਸੰਬੋਧਨ ‘ਚ ਕੇਂਦਰ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਨਜ਼ਰ ਆਏ, ਉੱਥੇ ਹੀ 2019 ਦੀਆਂ ਲੋਕ ਸਭਾ ਚੋਣਾਂ ‘ਚ ਸੰਨੀ ਦਿਓਲ (Sunny Deol) ਖਿਲਾਫ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸੁਨੀਲ ਜਾਖੜ (Sunil Jakhar) ਨੇ ਗੁਰਦਾਸਪੁਰ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਦੇ ਵੀ ਦਿਖਾਈ ਦਿੱਤੇ।
ਜਾਖੜ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਗੁਰਦਾਸਪੁਰ ਦੇ ਲੋਕਾਂ ਨੇ ਉਨ੍ਹਾਂ ਨੂੰ ‘ਸਾਡਾ ਜਾਖੜ’ ਵਜੋਂ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਭਾਜਪਾ ਦੇ ਸਵਰਨ ਸਲਾਰੀਆ ਨੂੰ 1,93,219 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਲੋਕ ਸਭਾ ਮੈਂਬਰ ਬਣੇ ਸਨ।
ਸ਼ਾਹ ਦੀ ਰੈਲੀ ‘ਚ ਜਾਖੜ ਦੇ ਦਾਅਵੇ
ਸੁਨੀਲ ਜਾਖੜ ਨੇ ਭਾਜਪਾ ਦੀ ਰੈਲੀ ਦੌਰਾਨ ਕਿਹਾ ਕਿ ਗੁਰਦਾਸਪੁਰ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਗੁਰਦਾਸਪੁਰ ਵਿੱਚ ਲੀਚੀ ਅਤੇ ਗੰਨੇ ਦੀ ਖੇਤੀ ਵਧੇਰੇ ਹੁੰਦੀ ਹੈ। ਬਟਾਲਾ ਵਿੱਚ ਫਾਊਂਡਰੀ ਇੰਡਸਟਰੀ ਅਤੇ ਧਾਰੀਵਾਲ ਵਿੱਚ ਅੰਗਰੇਜ਼ਾਂ ਦੇ ਦੌਰ ਦੀ ਵੂਲਨ ਮਿੱਲ ਹੈ। ਉਨ੍ਹਾਂ ਵੂਲਨ ਮਿੱਲ ਫਾਊਂਡਰੀ ਇੰਡਸਟਰੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਮਿਹਨਤੀ ਹਨ, ਲੋੜ ਸਿਰਫ਼ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਅਤੇ ਮੌਕੇ ਦੇਣ ਦੀ ਹੈ। ਖੇਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਸਰਹੱਦ ਪਾਰਲੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਅੱਜ ਵੀ ਸਰਹੱਦ ਪਾਰਲੇ ਕਿਸਾਨਾਂ ਦੀਆਂ ਜ਼ਮੀਨਾਂ ਕਿਸਾਨਾਂ ਦੇ ਨਾਂ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੌ ਭੇਜੀ ਕੋਈ ਮਦਦ ਨਹੀਂ ਮਿਲਦੀ। ਇਸ ਸਮੱਸਿਆ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਸੁਨੀਲ ਕੁਮਾਰ ਜਾਖੜ ਨੇ ਗੁਰਦਾਸਪੁਰ ਤੋਂ ਇਲਾਵਾ ਪਠਾਨਕੋਟ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ।
ਢਾਈ ਸਾਲ ਤੱਕ ਗੁਰਦਾਸਪੁਰ ਤੋਂ ਐੱਮਪੀ ਰਹੇ ਹਨ ਜਾਖੜ
ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਕਰੀਬ ਢਾਈ ਸਾਲ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ। ਇਸ ਦੌਰਾਨ ਉਹ ਲੋਕ ਸਭਾ ਵਿੱਚ ਕਾਫੀ ਸਰਗਰਮ ਰਹੇ। ਜਾਖੜ ਦੀ ਸੰਸਦ ਵਿੱਚ ਹਾਜ਼ਰੀ 87 ਫੀਸਦੀ ਰਹੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੁੱਲ 22 ਸਵਾਲ ਪੁੱਛੇ, ਜਿਨ੍ਹਾਂ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ, ਰੱਖਿਆ, ਵਾਤਾਵਰਣ ਸੁਰੱਖਿਆ ਅਤੇ ਘਰੇਲੂ ਮਾਮਲਿਆਂ ਦੇ ਵਿਸ਼ੇ ਪ੍ਰਮੁੱਖ ਸਨ। 14 ਮਈ 2022 ਨੂੰ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ। ਉਹ ਭਾਜਪਾ ਦੇ ਕੇਂਦਰੀ ਮੰਤਰੀ ਜੇਪੀ ਨੱਡਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਉਦੋਂ ਤੋਂ ਉਹ ਭਾਜਪਾ ਦੀ ਰਾਜਨੀਤੀ ਵਿੱਚ ਕਾਫੀ ਸਰਗਰਮ ਨਜ਼ਰ ਆ ਰਹੇ ਹਨ।