ਗੁਰਦਾਸਪੁਰ ‘ਚ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ, ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਸੜਕ ਹਾਦਸਾ
ਗੁਰਦਾਸਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਤੇ ਕਾਰ ਵਿੱਚ ਜਾਂਦੇ ਚਾਰ ਦੋਸਤਾਂ ਵਿੱਚੋਂ ਤਿੰਨ ਦੀ ਮੌਤ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਨਸ਼ਿਹਰਾ ਮੱਝਾਂ ਸਿੰਘ ਨੇੜੇ ਟਰੈਕਟਰ ਟ੍ਰਾਲੀ ਨਾਲ ਇਨ੍ਹਾਂ ਦੀ ਕਾਰ ਟਕਰਾਉਣ ਨਾਲ ਇਹ ਹਾਦਸਾ ਵਾਪਰਿਆ ਹੈ।
ਗੁਰਦਾਸਪੁਰ। ਅੰਮ੍ਰਿਤਸਰ-ਪਠਾਨਕੋਟ (Pathankot) ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਨਸ਼ਿਹਰਾ ਮੱਝਾਂ ਸਿੰਘ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ ਹੈ। ਘਟਨਾ ਊਸ ਵੇਲੇ ਵਾਪਰੀ ਜਦੋ ਇਹ ਚਾਰੋ ਦੋਸਤ ਆਪਣੀ ਕਾਰ ‘ਚ ਸਵਾਰ ਹੋਕੇ ਦੇਰ ਰਾਤ ਕਸਬਾ ਧਾਰੀਵਾਲ ਤੋ ਬਟਾਲਾ ਦੀ ਤਰਫ ਆ ਰਹੇ ਸੀ ਕਿ ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਹਨਾਂ ਦੀ ਕਾਰ ਨਾਲ ਟਕਰਾ ਗਈ।
ਇਸ ਕਾਰਨ ਕਾਰ ਦੇ ਪਰਖੱਚੇ ਉਡ ਗਏ ਤਿੰਨ ਦੌਸਤਾਂ ਦੀ ਮੌਤ ਹੋ ਗਈ। ਤਿੰਨੋਂ ਮ੍ਰਿਤਕ ਕਸਬਾ ਧਾਰੀਵਾਲ ਦੇ ਹੀ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੌਜਵਾਨ ਪੰਕਜ ਕੁਮਾਰ ਪੇਸ਼ੇ ਵਜੋਂ ਅਧਿਆਪਕ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰ ਸੀ। ਫਿਲਹਾਲ ਗੁਰਦਾਸਪੁਰ ਪੁਲਿਸ (Gurdaspur Police) ਨੇ ਟਰੈਕਟਰ ਟਰਾਲੀ ਚਾਲਕ ਜਸਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੋਪੋਕੇ ਤੇ ਮਾਮਲਾ ਦਰਜ ਕੇ ਉਸਦੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਜਦਕਿ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ
ਚਾਰੇ ਦੋਸਤ ਘਰੋਂ ਬਟਾਲਾ ਲਈ ਨਿਕਲੇ ਸਨ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਚਾਰੋਂ ਦੋਸਤ ਸ਼ਾਮ ਨੂੰ ਘਰੋਂ ਬਟਾਲਾ (Batala) ਦੇ ਲਈ ਨਿਕਲੇ ਸਨ। ਅਤੇ ਬਟਾਲਾ ਨੂੰ ਜਾਂਦੇ ਸਮੇਂ ਪਿੰਡ ਨੌਸ਼ਹਿਰਾ, ਮੱਜਾ ਸਿੰਘ ਨੇੜੇ ਇਹਨਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਜਖਮੀ ਹੋਏ ਪੰਕਜ ਕੁਮਾਰ ਨੇ ਹੀ ਉਹਨਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਕਾਰ ਇਕ ਟਰਾਲੀ ਦੇ ਪਿੱਛੇ ਵਜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਜ਼ਖ਼ਮੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ
ਟਰੈਕਟਰ ਚਾਲਕ ਦੱਸਿਆ ਜਾ ਰਿਹਾ ਫਰਾਰ
ਇੱਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇਹ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਭੇਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਜਾ ਰਹੀ ਹੈ। ਪਰ ਚਾਲਕ ਹਾਲੇ ਫਰਾਰ ਹੈ।