ਪੰਜਾਬੀ ਗਾਇਕ ਸਿੰਗਾ ਨੇ ਲਾਈਵ ਹੋ ਕੇ ਲਾਇਆ ਵੱਡਾ ਇਲਜ਼ਾਮ, ਕਿਹਾ – ਮਾਮਲਾ ਰਫਾ-ਦਫ਼ਾ ਕਰਨ ਲਈ ਮੰਗ ਰਹੇ 10 ਲੱਖ
ਗਾਇਕ ਸਿੰਘਾ ਨੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਕੀਲ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਖਿਲਾਫ ਪਹਿਲਾਂ ਕਪੂਰਥਲਾ ਅਤੇ ਫਿਰ ਅਜਨਾਲਾ 'ਚ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਨੂੰ ਰਫਾ-ਦਫਾ ਕਰਨ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਪਰਿਵਾਰ ਬਹੁਤ ਪਰੇਸ਼ਾਨ ਹੈ।
ਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੇ ਲਾਈਵ ਹੋ ਕੇ ਵੱਡਾ ਦੋਸ਼ ਲਾਇਆ ਹੈ। ਜਿਸ ਵਿੱਚ ਸਿੰਗਰ ਨੇ ਥਾਣਾ ਸਿਟੀ ਕਪੂਰਥਲਾ ਅਤੇ ਫਿਰ ਅਜਨਾਲਾ ਵਿੱਚ ਅਗਸਤ ਮਹੀਨੇ ਵਿੱਚ ਦਰਜ ਹੋਏ ਕੇਸ ਨੂੰ ਰਫਾ ਦਫਾ ਕਰਨ ਲਈ 10 ਲੱਖ ਰੁਪਏ ਦੀ ਮੰਗ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਗਾਇਕ ਨੇ ਕਾਰ ਵਿਚ ਲਾਈਵ ਹੁੰਦੇ ਹੋਏ ਇਹ ਵੀ ਖੁਲਾਸਾ ਕੀਤਾ ਹੈ ਕਿ ਪੈਸੇ ਨਾ ਦੇਣ ‘ਤੇ ਉਸ ਨੂੰ ਸਟੇਜ ਤੋਂ ਚੁੱਕ ਕੇ ਲੈ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਐਸਐਸਪੀ ਕਪੂਰਥਲਾ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।
ਗਾਇਕ ਸਿੰਗਾ ਦਾ ਨਵਾਂ ਗੀਤ ਸਟਿਲ ਅਲਾਈਵ ਲਾਂਚ ਹੋਇਆ ਸੀ। ਜਿਸ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਅਤੇ ਅਸ਼ਲੀਲਤਾ ਫੈਲਾਉਣ ਦੇ ਆਰੋਪ ‘ਚ ਭੀਮ ਰਾਓ ਯੁਵਾ ਫੋਰਸ ਦੇ ਮੁਖੀ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਕਪੂਰਥਲਾ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਕਪੂਰਥਲਾ ‘ਚ ਧਾਰਾ 294 ਅਤੇ 120ਬੀ ਤਹਿਤ ਉਸ ਸਮੇਤ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਸਿੰਗਾ ਖਿਲਾਫ ਦਰਜ ਕਰਵਾਈ ਗਈ ਸੀ ਸ਼ਿਕਾਇਤ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਘਾ ਵਾਸੀ ਪਿੰਡ ਜਗਨੀਵਾਲ ਹੁਸ਼ਿਆਰਪੁਰ ਪਿਛਲੇ ਸਮੇਂ ਦੌਰਾਨ ਹਥਿਆਰਾਂ ਵਾਲੇ ਗੀਤਾਂ ਨੂੰ ਵਧਾਵਾ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਜਾਣ ਲਈ ਉਕਸਾਉਂਦਾ ਰਿਹਾ ਹੈ। ਹੁਣ ਉਸਨੇ ਆਪਣੀ ਟੀਮ ਦੇ ਨਿਰਮਾਤਾ ਬਿੱਗ.ਕੇ ਸਿੰਘ, ਨਿਰਦੇਸ਼ਕ ਅਮਨਦੀਪ ਸਿੰਘ, ਡੀਓਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਅਤੇ ਸੰਪਾਦਨ ਜਤਿਨ ਅਰੋੜਾ ਦੇ ਨਾਲ ਇੱਕ ਨਵਾਂ ਗੀਤ ਸਟਿਲ ਅਲਾਈਵ ਲਾਂਚ ਕੀਤਾ ਹੈ। ਜਿਸ ਵਿੱਚ ਅਸ਼ਲੀਲਤਾ ਅਤੇ ਗੈਰ ਮਰਿਆਦਿਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਗੀਤ ਨੂੰ ਪਰਿਵਾਰ ਸਮੇਤ ਬੈਠ ਕੇ ਨਹੀਂ ਦੇਖਿਆ ਜਾ ਸਕਦਾ।
ਸਿੰਗਾ ਨੇ ਕਿਹਾ ਕਿ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਚੱਲਦੇ ਸਟੇਜ ਸ਼ੋਅ ਤੋਂ ਚੁੱਕ ਲਿਆ ਜਾਵੇਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਕਦੇ ਇਸ ਥਾਣੇ ਤੇ ਕਦੇ ਉਸ ਥਾਣੇ ਦੇ ਚੱਕਰ ਲਗਾ ਰਹੇ ਹਨ। ਪਿਛਲੇ ਚਾਰ ਮਹੀਨਿਆਂ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਹੋ ਰਹੀ ਹੈ। ਤਾਂ ਜੋ ਉਹ ਆਪਣਾ ਪੱਖ ਪੇਸ਼ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਬਹੁਤ ਹੋ ਗਿਆ, ਉਹ ਹੁਣ ਆਪਣੇ ਪਰਿਵਾਰ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਲਈ ਉਹ ਲਾਈਵ ਹੋ ਰਹੇ ਹਨ।
‘ਬਲੈਕਮੇਲ ਕਰਨ ਵਾਲਿਆਂ ਖਿਲਾਫ਼ ਹੋਵੇ ਕਾਰਵਾਈ’
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ ਅਤੇ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਨ੍ਹਾਂ ਦੀ ਈ-ਮੇਲ 21 ਲੋਕਾਂ ਦੇ ਨਾਂ ‘ਤੇ ਹੈ, ਜੋ ਇਸ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਜੇਕਰ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੂੰ ਸਜ਼ਾ ਦਿਓ, ਪਰ ਅਜਿਹ ਬਲੈਕਮੇਲ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਅਜਿਹੀਆਂ ਝੂਠੀਆਂ ਐਫਆਈਆਰਜ਼ ਸਿਰਫ਼ ਬਲੈਕਮੇਲਿੰਗ ਲਈ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਗੰਭੀਰ ਵਰਤਾਰਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਸਿੰਗਾ ਦੇ ਲਾਈਵ ‘ਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਉਸ ਤੋਂ ਪੈਸੇ ਦੀ ਮੰਗ ਕਰ ਰਹੀ ਸੀ ਜਾਂ ਸ਼ਿਕਾਇਤਕਰਤਾ, ਜੋ ਕਿ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਮੀਡੀਆ ਰਾਹੀਂ ਆਇਆ ਹੈ। ਉਹ ਲਾਈਵ ਵੀਡੀਓ ਦੇਖ ਕੇ ਮਾਮਲੇ ਦੀ ਪੁਸ਼ਟੀ ਕਰਨਗੇ। ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।