ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਹੁਣ ਜਰਮਨੀ, ਫਰਾਂਸ ਤੇ ਆਸਟ੍ਰੇਲੀਆ ਦੀ ਤਰਜ਼ ‘ਤੇ ਵਿਸ਼ਵ ਪੱਧਰੀ ਸੜਕੀ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਦੀਆਂ ਅੰਦਰੂਨੀ ਸੜਕਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਸੜਕ ਕਿਨਾਰੇ ਬੈਠਣ ਲਈ ਬੈਂਚ, ਸਟਰੀਟ ਲਾਈਟਾਂ, ਬੱਸ ਸਟਾਪ, ਸੈਂਟਰ, ਚਾਰਜਿੰਗ ਸਿਸਟਮ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਹਰੇਕ ਵਰਗ ਦੇ ਵਾਹਨਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੱਖ-ਵੱਖ ਲੇਨ ਨਿਰਧਾਰਿਤ ਕੀਤੀ ਜਾਵੇਗੀ। ਹਰ ਗਲੀ ਵਿੱਚ ਸਾਈਨ ਬੋਰਡ ਤੇ ਦਿਸ਼ਾ ਨਿਰਦੇਸ਼ ਬੋਰਡ ਲਗਾਏ ਜਾਣਗੇ। ਇਸ ਪੂਰੇ ਢਾਂਚੇ ਨੂੰ ਗੂਗਲ ਮੈਪ ‘ਤੇ ਅਪਡੇਟ ਕੀਤਾ ਜਾਵੇਗਾ।
ਇਹ ਪ੍ਰਾਜੈਕਟ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਵੱਡੀਆਂ ਕੰਪਨੀਆਂ ਨੂੰ ਸੌਂਪਿਆ ਜਾਵੇਗਾ। ਸੜਕਾਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਅਗਲੇ ਦਸ ਸਾਲਾਂ ਤੱਕ ਇਨ੍ਹਾਂ ਦੀ ਦੇਖਭਾਲ ਕਰਨਗੀਆਂ। ਪ੍ਰਾਜੈਕਟ ਸਬੰਧੀ ਲੋਕਾਂ ਤੋਂ ਫੀਡਬੈਕ ਲਈ ਜਾਵੇਗੀ ਤੇ ਲੋੜ ਪੈਣ ਤੇ ਇਸ ਵਿੱਚ ਸੁਧਾਰ ਵੀ ਕੀਤੇ ਜਾਣਗੇ।
ਇਹ ਪ੍ਰੋਜੈਕਟ ਅੱਠ ਮਹੀਨਿਆਂ ਵਿੱਚ ਪੂਰਾ ਹੋਵੇਗਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ। ਇਸ ਨਾਲ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ, ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਰੋਡ ਲਾਈਨਿੰਗ ਸਿਸਟਮ ਅਪਣਾਇਆ ਜਾਵੇਗਾ, ਉਸ ਵਿੱਚ ਹਰ ਤਿੰਨ ਮਹੀਨੇ ਬਾਅਦ ਰੀ-ਲਾਈਨਿੰਗ ਹੋਵੇਗੀ। ਇਸ ਤਹਿਤ ਬਣਨ ਵਾਲੀਆਂ ਸੜਕਾਂ ਦੀ ਉਮਰ ਦਸ ਸਾਲ ਹੋਵੇਗੀ।
ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰੇ ਨਾਲੀਆਂ ਅਤੇ ਨਿਕਾਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ, ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਸੜਕਾਂ ਦਾ ਸੁੰਦਰੀਕਰਨ ਤੇ ਲੈਂਡਸਕੇਪਿੰਗ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਅੰਤਰਰਾਸ਼ਟਰੀ ਪੱਧਰ ਦੇ ਯੋਜਨਾਕਾਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਸਬੰਧੀ ਅੱਜ ਹੀ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਪੂਰੇ ਪ੍ਰਾਜੈਕਟ ਨੂੰ ਅੱਠ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਤਿੰਨ ਸ਼ਹਿਰਾਂ ਦੇ ਕੁਝ ਖੇਤਰ ਸ਼ਾਮਲ ਕੀਤੇ ਗਏ ਹਨ। ਜਿੱਥੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਜੋ ਕਿ ਇਸ ਪ੍ਰਕਾਰ ਹੈ-
ਅੰਮ੍ਰਿਤਸਰ
ਕੁੱਲ ਅੱਪਗ੍ਰੇਡੇਸ਼ਨ: 17.5 ਕਿਲੋਮੀਟਰ
ਮਜੀਠਾ ਰੋਡ (ਫੋਰ ਐਸ ਚੌਕ ਤੋਂ ਗੁਰੂ ਨਾਨਕ ਹਸਪਤਾਲ) 3 ਕਿਲੋਮੀਟਰ
ਕੋਰਟ ਰੋਡ (ਰਿਆਲਟੋ ਚੌਕ ਤੋਂ ਕੁਈਨਜ਼ ਰੋਡ) 1 ਕਿਲੋਮੀਟਰ
ਸ਼ੁਭਮ ਰੋਡ (ਹਾਲ ਗੇਟ ਦੇ ਬਾਹਰ, ਸਰਕੂਲਰ ਰੋਡ) 7 ਕਿਲੋਮੀਟਰ
ਅੰਮ੍ਰਿਤਸਰ ਕੈਂਟ ਰੋਡ (ਕੈਂਟ ਚੌਕ ਤੋਂ ਕਚਰੀ ਚੌਕ ਤੋਂ ਰਤਨ ਸਿੰਘ ਚੌਕ) 1.5 ਕਿਲੋਮੀਟਰ
ਰੇਸ ਕੋਰਸ ਰੋਡ (ਦਸੌਂਦਾ ਸਿੰਘ ਰੋਡ ਤੋਂ ਲਾਰੈਂਸ ਰੋਡ ਤੋਂ ਕੂਪਰ ਰੋਡ) 3 ਕਿਲੋਮੀਟਰ
ਗੋਲਬਾਗ ਰੋਡ (ਹਾਥੀ ਗੇਟ ਚੌਕ ਤੋਂ ਭਗਵਾਨ ਪਰਸ਼ੂਰਾਮ ਚੌਕ ਤੋਂ ਕੁਸ਼ਤੀ ਸਟੇਡੀਅਮ ਤੋਂ ਹਾਲ ਗੇਟ) 1.5 ਕਿਲੋਮੀਟਰ
ਜੀਟੀ ਰੋਡ (ਭੰਡਾਰੀ ਤੋਂ ਹਾਲ ਗੇਟ) 0.5 ਕਿਲੋਮੀਟਰ
ਲੁਧਿਆਣਾ
ਕੁੱਲ ਅੱਪਗ੍ਰੇਡੇਸ਼ਨ: 12.4 ਕਿਲੋਮੀਟਰ
ਪੁਰਾਣੀ ਜੀ.ਟੀ. ਰੋਡ (ਸ਼ੇਰਪੁਰ ਚੌਂਕ ਤੋਂ ਜਗਰਾਉਂ ਪੁਲ) 6.5 ਕਿਲੋਮੀਟਰ
ਚੌੜਾ ਬਾਜ਼ਾਰ (ਘੰਟਾਘਰ ਤੋਂ ਸ਼ੁਰੂ) 1.7 ਕਿਲੋਮੀਟਰ
ਘੁਮਾਰ ਮੰਡੀ ਰੋਡ (ਫੁਹਾਰਾ ਚੌਕ ਤੋਂ ਆਰਤੀ ਸਿਨੇਮਾ) 4.2 ਕਿਲੋਮੀਟਰ
ਜਲੰਧਰ
ਕੁੱਲ ਅੱਪਗ੍ਰੇਡੇਸ਼ਨ: 12.3 ਕਿਲੋਮੀਟਰ
HMV ਰੋਡ (ਮਕਸੂਦਨ ਚੌਕ ਤੋਂ ਜੇਲ੍ਹ ਚੌਕ) 3.4 ਕਿਲੋਮੀਟਰ
ਆਦਰਸ਼ ਨਗਰ ਰੋਡ ਤੇ ਟਾਂਡਾ ਰੋਡ (ਜੇਲ੍ਹ ਚੌਂਕ ਤੋਂ ਪਠਾਨਕੋਟ ਰੋਡ ਵਾਇਆ ਪੁਰਾਣਾ ਸ਼ਹਿਰ) 1.4 ਕਿਲੋਮੀਟਰ
ਪਠਾਨਕੋਟ ਰੋਡ (ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ) 2.3 ਕਿ.ਮੀ.
ਮਾਡਲ ਟਾਊਨ ਮੇਨ ਰੋਡ (ਗੁਰੂ ਅਮਰਦਾਸ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ ਚੌਕ, ਚੁਨਮੁਨ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ ਚੌਕ, ਮਾਡਲ ਟਾਊਨ ਟੀ-ਜੰਕਸ਼ਨ ਤੋਂ ਸ਼ਿਵਾਨੀ ਪਾਰਕ ਐਗਜ਼ਿਟ) 2 ਕਿਲੋਮੀਟਰ
ਨਕੋਦਰ-ਜਲੰਧਰ ਰੋਡ (ਵਡਾਲਾ ਚੌਕ ਤੋਂ ਨਕੋਦਰ ਚੌਕ) 3.2 ਕਿਲੋਮੀਟਰ