ਇਸਾਈ ਭਾਈਚਾਰੇ ਦੀ ਚਰਨ ਕੌਰ ਪੁਤਲਾ ਮਾਮਲੇ ‘ਚ ਮੁਸੇਵਾਲਾ ਪਰਿਵਾਰ ਨਾਲ ਮੁਲਾਕਾਤ, ਮੰਗੀ ਮਾਫ਼ੀ
Christian Community Meets Mooewala Family: ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਸਿੱਧੂ ਪਰਿਵਾਰ ਨੇ ਆਪਣੇ ਵਕੀਲ ਗੁਰਵਿੰਦਰ ਸੰਧੂ ਰਾਹੀਂ ਕਰਿਸਚਨ ਗਲੋਬਲ ਐਕਸ਼ਨ ਕਮੇਟੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰਾ ਘਟਨਾ-ਕ੍ਰਮ ਕਿਸੇ ਦੇ ਇਸ਼ਾਰੇ ਤੇ ਕੀਤਾ ਗਿਆ। ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਲਿਖਤੀ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ।
ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜੁੜੇ ਵਿਵਾਦ ਨੂੰ ਲੈ ਕੇ ਇਸਾਈ ਭਾਈਚਾਰੇ ਦੇ ਮੈਂਬਰ ਸ਼ਨੀਵਾਰ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਲੰਬੀ ਮੀਟਿੰਗ ਕੀਤੀ ਅਤੇ ਪਿਛਲੇ ਦਿਨਾਂ ਹੋਈ ਘਟਨਾ ਨੂੰ ਲੈ ਕੇ ਪਰਿਵਾਰ ਤੋਂ ਮਾਫ਼ੀ ਮੰਗੀ। ਮੁਲਾਕਾਤ ਦੌਰਾਨ ਦੋਹਾਂ ਪੱਖਾਂ ਵਿਚਕਾਰ ਗੱਲਬਾਤ ਰਾਹੀਂ ਗਲਤਫਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਲੰਧਰ ਵਿੱਚ ਹੋਇਆ ਸੀ ਵਿਵਾਦਤ ਪ੍ਰਦਰਸ਼ਨ
ਇਹ ਮਾਮਲਾ ਉਸ ਸਮੇਂ ਗਰਮਾਇਆ ਜਦੋਂ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਬਚਾਓ ਮੋਰਚਾ ਵੱਲੋਂ ਤੇਜਸਵੀ ਮਿੰਹਾਸ ਅਤੇ ਮਾਨਾ ਸਿੱਧੂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਪ੍ਰਦਰਸ਼ਨ ਦੌਰਾਨ ਇਸਾਈ ਭਾਈਚਾਰੇ ਵੱਲੋਂ ਮਾਤਾ ਚਰਨ ਕੌਰ ਦਾ ਪੁਤਲਾ ਲਿਆਂਦਾ ਗਿਆ ਸੀ, ਜਿਸ ਨਾਲ ਮਾਮਲਾ ਹੋਰ ਤਣਾਅਪੂਰਨ ਬਣ ਗਿਆ। ਹਾਲਾਂਕਿ ਬਾਅਦ ਵਿੱਚ ਕਰਿਸਚਨ ਭਾਈਚਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਲਈ ਮਾਫ਼ੀ ਵੀ ਮੰਗ ਲਈ ਸੀ।
ਸਿੱਧੂ ਪਰਿਵਾਰ ਵੱਲੋਂ ਭੇਜਿਆ ਗਿਆ ਕਾਨੂੰਨੀ ਨੋਟਿਸ
ਇਸ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਸਿੱਧੂ ਪਰਿਵਾਰ ਨੇ ਆਪਣੇ ਵਕੀਲ ਗੁਰਵਿੰਦਰ ਸੰਧੂ ਰਾਹੀਂ ਇਸਾਈ ਗਲੋਬਲ ਐਕਸ਼ਨ ਕਮੇਟੀ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰਾ ਘਟਨਾ-ਕ੍ਰਮ ਕਿਸੇ ਦੇ ਇਸ਼ਾਰੇ ਤੇ ਕੀਤਾ ਗਿਆ। ਨੋਟਿਸ ਵਿੱਚ 15 ਦਿਨਾਂ ਦੇ ਅੰਦਰ ਲਿਖਤੀ ਮਾਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ।
ਮਾਫ਼ੀਨਾਮਾ ਤੇ ਮੁਆਵਜ਼ੇ ਦੀ ਮੰਗ
ਨੋਟਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮਾਫ਼ੀਨਾਮਾ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਸਾਂਝਾ ਕੀਤਾ ਜਾਵੇ। ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਸੀ। ਨੋਟਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਹ ਸ਼ਰਤਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਤਲੇ ਵਾਲੀ ਗਲਤਫਹਮੀ ਤੇ ਇਸਾਈ ਭਾਈਚਾਰੇ ਦੀ ਸਫ਼ਾਈ
ਗਲੋਬਲ ਐਕਸ਼ਨ ਕਮੇਟੀ ਦੇ ਮੈਂਬਰਾਂ ਬੰਟੀ ਅਜਨਾਲਾ ਅਤੇ ਸੂਰਜ ਨੇ ਕਿਹਾ ਕਿ ਪਿਛਲੇ ਦਿਨਾਂ ਇਹ ਗੱਲ ਫੈਲ ਗਈ ਸੀ ਕਿ ਇਸਾਈ ਭਾਈਚਾਰੇ ਵੱਲੋਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਗਲਤੀ ਨਾਲ ਪੁਤਲੇ ਤੇ ਮਾਤਾ ਚਰਨ ਕੌਰ ਦੀ ਤਸਵੀਰ ਲੱਗ ਗਈ ਸੀ, ਜਿਸਨੂੰ ਪੁਤਲਾ ਸਾੜਨ ਤੋਂ ਪਹਿਲਾਂ ਹੀ ਹਟਾ ਲਿਆ ਗਿਆ ਸੀ।
ਇਹ ਵੀ ਪੜ੍ਹੋ
ਬਲਕੌਰ ਸਿੰਘ ਦਾ ਵੱਡਾ ਬਿਆਨ, ਵਿਵਾਦ ਖਤਮ ਕਰਨ ਦਾ ਐਲਾਨ
ਇਸ ਮਾਮਲੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਇਸ ਵਿਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਪੱਖਾਂ ਦੇ ਦਿਲਾਂ ਵਿੱਚ ਕੋਈ ਵੀ ਮਨਮੁਟਾਅ ਨਹੀਂ ਹੈ। ਜੋ ਕੁਝ ਵੀ ਪਹਿਲਾਂ ਹੋਇਆ, ਉਸਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਹਨ। ਬਲਕੌਰ ਸਿੰਘ ਨੇ ਕਰਿਸਚਨ ਭਾਈਚਾਰੇ ਦੇ ਘਰ ਆ ਕੇ ਮਾਫ਼ੀ ਮੰਗਣ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਮਾਮਲਾ ਇਥੇ ਹੀ ਸਮਾਪਤ ਕੀਤਾ ਜਾਂਦਾ ਹੈ।
