ਚੋਰੀ ਦਾ ਝੂਠਾ ਇਲਜ਼ਾਮ ਬਣਿਆ ਮੌਤ ਦਾ ਕਾਰਨ? ਜਲੰਧਰ ਦੇ ਸਕੂਲ ‘ਚ ਵਿਦਿਆਰਥਣ ਨੇ ਫਾਹਾ ਲੈ ਕੇ ਦਿੱਤੀ ਜਾਨ
ਜਲੰਧਰ ਦੇ ਨੂਰਪੁਰ ਇਲਾਕੇ ਵਿੱਚ ਸਥਿਤ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਇੱਕ 19 ਸਾਲਾ ਵਿਦਿਆਰਥਣ ਵੱਲੋਂ ਸਕੂਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ।
ਚੋਰੀ ਦਾ ਝੂਠਾ ਇਲਜ਼ਾਮ ਬਣਿਆ ਮੌਤ ਦਾ ਕਾਰਨ? ਸਕੂਲ 'ਚ ਵਿਦਿਆਰਥਣ ਨੇ ਲਾਇਆ ਫਾਹਾ
ਜਲੰਧਰ ਦੇ ਨੂਰਪੁਰ ਇਲਾਕੇ ਵਿੱਚ ਸਥਿਤ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਉਸ ਵੇਲੇ ਮਾਤਮ ਪਸਰ ਗਿਆ, ਜਦੋਂ ਇੱਕ 19 ਸਾਲਾ ਵਿਦਿਆਰਥਣ ਵੱਲੋਂ ਸਕੂਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਖੁਸ਼ਪ੍ਰੀਤ ਕੌਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਸਕੂਲ ਸਟਾਫ ‘ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਹਨ।
ਚੋਰੀ ਦਾ ਝੂਠਾ ਇਲਜ਼ਾਮ ਬਣਿਆ ਮੌਤ ਦਾ ਕਾਰਨ: ਪਿਤਾ
ਮ੍ਰਿਤਕਾ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਖੁਸ਼ਪ੍ਰੀਤ ਸਕੂਲ ਵਿੱਚ ਆਪਣਾ ਰੋਲ ਨੰਬਰ ਲੈਣ ਲਈ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਬੇਟੀ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ ਹੈ। ਜਰਨੈਲ ਸਿੰਘ ਅਨੁਸਾਰ, ਉਨ੍ਹਾਂ ਨੂੰ ਸ਼ਿਵਾਨੀ ਨਾਮਕ ਇੱਕ ਅਧਿਆਪਕਾ ਦੇ ਫੋਨ ਨੰਬਰ ਤੋਂ ਕਾਲ ਆਈ ਸੀ, ਜਿਸ ‘ਤੇ ਖੁਸ਼ਪ੍ਰੀਤ ਨੇ ਰੋਂਦੇ ਹੋਏ ਦੱਸਿਆ ਕਿ ਉਸ ‘ਤੇ ਚੋਰੀ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਕੁਝ ਸਮੇਂ ਬਾਅਦ ਉਸੇ ਨੰਬਰ ਤੋਂ ਦੁਬਾਰਾ ਫੋਨ ਆਇਆ ਕਿ ਚੋਰੀ ਕਿਸੇ ਹੋਰ ਵਿਦਿਆਰਥਣ ਨੇ ਕੀਤੀ ਹੈ ਅਤੇ ਉਸ ਦਾ ਪਤਾ ਲੱਗ ਗਿਆ ਹੈ। ਕਰੀਬ 15 ਮਿੰਟ ਬਾਅਦ ਤੀਜੀ ਵਾਰ ਫੋਨ ਆਇਆ ਕਿ ਜਿਸ ਲੜਕੀ ਨੇ ਅਧਿਆਪਕਾ ਦੇ ਪਰਸ ਵਿੱਚੋਂ ਪੈਸੇ ਚੋਰੀ ਕੀਤੇ ਸਨ, ਉਹ ਕੋਈ ਹੋਰ ਸੀ ਅਤੇ ਉਸ ਨੂੰ ਫੜ ਲਿਆ ਗਿਆ ਹੈ। ਜਦੋਂ ਪਿਤਾ ਮੁਹੱਲੇ ਦੇ ਕੁਝ ਲੋਕਾਂ ਨੂੰ ਨਾਲ ਲੈ ਕੇ ਸਕੂਲ ਪਹੁੰਚੇ, ਤਾਂ ਉੱਥੇ ਆਪਣੀ ਧੀ ਦੀ ਲਾਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਸਕੂਲ ਸਟਾਫ ਦਾ ਪੱਖ
ਸਕੂਲ ਦੀ ਸਟਾਫ ਮੈਂਬਰ ਸੁਨੀਤਾ ਨੇ ਦੱਸਿਆ ਕਿ ਬੱਚਿਆਂ ਵੱਲੋਂ ਸ਼ੋਰ ਮਚਾਉਣ ‘ਤੇ ਜਦੋਂ ਉਹ ਕਮਰੇ ਵੱਲ ਗਏ ਤਾਂ ਇੱਕ ਕਮਰਾ ਅੰਦਰੋਂ ਬੰਦ ਸੀ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਖੁਸ਼ਪ੍ਰੀਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਸਕੂਲ ਸਟਾਫ ਅਨੁਸਾਰ ਉਹ ਤੁਰੰਤ ਉਸ ਨੂੰ ਉਤਾਰ ਕੇ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਕੂਲ ਸਟਾਫ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਉਸ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
