ਜਲੰਧਰ ਵਿੱਚ ਪਾਬੰਦੀਸ਼ੂਦਾ ਮੱਛੀ ਦੀ ਖੁੱਲ੍ਹੀ ਵਿਕਰੀ, ਸਟਿੰਗ ਆਪਰੇਸ਼ਨ ਵਿੱਚ ਵੱਡਾ ਖੁਲਾਸਾ

Updated On: 

13 Dec 2025 16:43 PM IST

ਫਿਸ਼ ਵੇਚਣ ਵਾਲੇ ਮੁਤਾਬਕ, ਇਹ ਥਾਏ ਮਾਂਗੁਰ ਮੱਛੀ ਗੰਦੇ ਕਾਲੇ ਪਾਣੀ, ਨਾਲਿਆਂ ਅਤੇ ਗੰਭੀਰ ਤੌਰ ਤੇ ਪ੍ਰਦੂਸ਼ਿਤ ਥਾਵਾਂ ਵਿੱਚ ਪਲਦੀ ਹੈ। ਉਸ ਨੇ ਦੱਸਿਆ ਕਿ ਭਾਵੇਂ ਇਸ ਮੱਛੀ ਦੀ ਵਿਕਰੀ ਤੇ ਪਾਬੰਦੀ ਹੈ, ਪਰ ਫਿਰ ਵੀ ਲੋਕ ਇਸ ਦੀ ਮੰਗ ਕਰਦੇ ਹਨ, ਜਿਸ ਕਾਰਨ ਇਹ ਮੱਛੀ ਵੇਚੀ ਜਾ ਰਹੀ ਹੈ। ਉਸ ਦਾ ਕਹਿਣਾ ਸੀ ਕਿ ਇਹ ਮੱਛੀ ਹੋਰ ਮੱਛੀਆਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਸਰਵਾਈਵ ਕਰ ਜਾਂਦੀ ਹੈ।

ਜਲੰਧਰ ਵਿੱਚ ਪਾਬੰਦੀਸ਼ੂਦਾ ਮੱਛੀ ਦੀ ਖੁੱਲ੍ਹੀ ਵਿਕਰੀ, ਸਟਿੰਗ ਆਪਰੇਸ਼ਨ ਵਿੱਚ ਵੱਡਾ ਖੁਲਾਸਾ
Follow Us On

ਜਲੰਧਰ ਸ਼ਹਿਰ ਵਿੱਚ ਇੱਕ ਐਸੀ ਮੱਛੀ ਦੀ ਖੁੱਲ੍ਹੇਆਮ ਵਿਕਰੀ ਹੋ ਰਹੀ ਹੈ, ਜਿਸ ਤੇ ਪੰਜਾਬ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਪਾਬੰਦੀ ਲੱਗੀ ਹੋਈ ਹੈ। ਇਸ ਮੱਛੀ ਦੀ ਵਿਕਰੀ ਨੂੰ ਲੈ ਕੇ ਸਾਡੀ ਟੀਮ ਵੱਲੋਂ ਸਟਿੰਗ ਆਪਰੇਸ਼ਨ ਕੀਤਾ ਗਿਆ, ਜਿਸ ਦੌਰਾਨ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਮਾਰਕੀਟ ਵਿੱਚ ਫਿਸ਼ ਵੇਚਣ ਵਾਲੇ ਦੁਕਾਨਦਾਰ ਇਸ ਬੈਨਸ਼ੁਦਾ ਮੱਛੀ ਨੂੰ ਬੇਝਿਜਕ ਵੇਚ ਰਹੇ ਹਨ।

ਸਟਿੰਗ ਆਪਰੇਸ਼ਨ ਦੌਰਾਨ ਫਿਸ਼ ਵੇਚਣ ਵਾਲੇ ਦਾ ਕਬੂਲਨਾਮਾ

ਸਟਿੰਗ ਆਪਰੇਸ਼ਨ ਦੌਰਾਨ ਗੁਪਤ ਕੈਮਰੇ ਨਾਲ ਕੀਤੀ ਗਈ ਵੀਡੀਓ ਰਿਕਾਰਡਿੰਗ ਵਿੱਚ ਫਿਸ਼ ਵੇਚਣ ਵਾਲੇ ਵਿਅਕਤੀ ਨੇ ਖੁਦ ਮੰਨਿਆ ਕਿ ਇਹ ਮੱਛੀ ਪੰਜਾਬ ਵਿੱਚ ਬੈਨ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਨੇ ਗਾਹਕ ਨੂੰ ਖੁਦ ਹੀ ਇਹ ਮੱਛੀ ਨਾ ਖਰੀਦਣ ਦੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਇਸ ਮੱਛੀ ਨੂੰ ਖਾਣ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਸਮੇਤ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਹਨ।

ਥਾਏ ਮਾਂਗੁਰ ਮੱਛੀ: ਗੰਦੇ ਪਾਣੀ ਵਿੱਚ ਪਲਣ ਵਾਲੀ ਖ਼ਤਰਨਾਕ ਮੱਛੀ

ਫਿਸ਼ ਵੇਚਣ ਵਾਲੇ ਮੁਤਾਬਕ, ਇਹ ਥਾਏ ਮਾਂਗੁਰ ਮੱਛੀ ਗੰਦੇ ਕਾਲੇ ਪਾਣੀ, ਨਾਲਿਆਂ ਅਤੇ ਗੰਭੀਰ ਤੌਰ ਤੇ ਪ੍ਰਦੂਸ਼ਿਤ ਥਾਵਾਂ ਵਿੱਚ ਪਲਦੀ ਹੈ। ਉਸ ਨੇ ਦੱਸਿਆ ਕਿ ਭਾਵੇਂ ਇਸ ਮੱਛੀ ਦੀ ਵਿਕਰੀ ਤੇ ਪਾਬੰਦੀ ਹੈ, ਪਰ ਫਿਰ ਵੀ ਲੋਕ ਇਸ ਦੀ ਮੰਗ ਕਰਦੇ ਹਨ, ਜਿਸ ਕਾਰਨ ਇਹ ਮੱਛੀ ਵੇਚੀ ਜਾ ਰਹੀ ਹੈ। ਉਸ ਦਾ ਕਹਿਣਾ ਸੀ ਕਿ ਇਹ ਮੱਛੀ ਹੋਰ ਮੱਛੀਆਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਸਰਵਾਈਵ ਕਰ ਜਾਂਦੀ ਹੈ।

ਮੱਛੀ ਵਿਭਾਗ ਤੱਕ ਨਹੀਂ ਪਹੁੰਚੀ ਜਾਣਕਾਰੀ

ਹੈਰਾਨੀ ਦੀ ਗੱਲ ਇਹ ਹੈ ਕਿ ਜਲੰਧਰ ਵਿੱਚ ਮੱਛੀ ਵਿਭਾਗ ਨੂੰ ਇਸ ਬੈਨਸ਼ੁਦਾ ਮੱਛੀ ਦੀ ਵਿਕਰੀ ਬਾਰੇ ਕੋਈ ਢੁੱਕਵੀਂ ਜਾਣਕਾਰੀ ਨਹੀਂ ਸੀ। ਹਾਲਾਂਕਿ ਮੱਛੀ ਵਿਭਾਗ ਨੂੰ ਰੋਜ਼ਾਨਾ ਮੱਛੀ ਉਤਪਾਦਨ ਅਤੇ ਵਿਕਰੀ ਸੰਬੰਧੀ ਜਾਣਕਾਰੀ ਮਿਲਦੀ ਰਹਿੰਦੀ ਹੈ, ਪਰ ਇਸ ਬਾਵਜੂਦ ਬੈਨ ਕੀਤੀ ਗਈ ਥਾਏ ਮਾਂਗੁਰ ਮੱਛੀ ਕਈ ਇਲਾਕਿਆਂ ਵਿੱਚ ਵੇਚੀ ਜਾ ਰਹੀ ਸੀ।

ਮੱਛੀ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਦਾ ਬਿਆਨ

ਮੱਛੀ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਬਿਕਰਮ ਪ੍ਰੀਤ ਸਿੰਘ ਨੇ ਦੱਸਿਆ ਕਿ ਥਾਏ ਮਾਂਗੁਰ ਮੱਛੀ ਤੇ ਪੰਜਾਬ ਸਮੇਤ ਕਈ ਹੋਰ ਰਾਜਾਂ ਵਿੱਚ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮਾਸਾਹਾਰੀ ਮੱਛੀ ਹੈ ਜੋ ਹੋਰ ਮੱਛੀਆਂ ਨੂੰ ਖਾ ਜਾਂਦੀ ਹੈ, ਜਿਸ ਨਾਲ ਨਦੀਆਂ, ਨਾਲਿਆਂ ਅਤੇ ਡੈਮਾਂ ਵਿੱਚ ਹੋਰ ਮੱਛੀਆਂ ਦੀ ਪੈਦਾਵਾਰ ਪ੍ਰਭਾਵਿਤ ਹੁੰਦੀ ਹੈ।

ਬੈਨ ਕਰਨ ਦਾ ਕਾਰਨ ਅਤੇ ਕਾਨੂੰਨੀ ਕਾਰਵਾਈ

ਅਸਿਸਟੈਂਟ ਡਾਇਰੈਕਟਰ ਨੇ ਦੱਸਿਆ ਕਿ ਇਸ ਮੱਛੀ ਨੂੰ ਇਸ ਲਈ ਬੈਨ ਕੀਤਾ ਗਿਆ ਹੈ ਤਾਂ ਜੋ ਹੋਰ ਮੱਛੀ ਪ੍ਰਜਾਤੀਆਂ ਦੀ ਸੁਰੱਖਿਆ ਕੀਤੀ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮੱਛੀ ਨੂੰ ਖਾਣ ਨਾਲ ਕੈਂਸਰ ਜਾਂ ਹੋਰ ਬਿਮਾਰੀਆਂ ਹੋਣ ਬਾਰੇ ਕੋਈ ਵਿਗਿਆਨਕ ਰਿਸਰਚ ਅਜੇ ਤੱਕ ਸਾਬਤ ਨਹੀਂ ਹੋਈ, ਪਰ ਇਸ ਦੀ ਵਿਕਰੀ ਫਿਰ ਵੀ ਗੈਰਕਾਨੂੰਨੀ ਹੈ। ਜੇਕਰ ਕਿਤੇ ਵੀ ਇਸ ਮੱਛੀ ਦੀ ਵਿਕਰੀ ਪਾਈ ਗਈ, ਤਾਂ ਫਿਸ਼ ਐਕਟ ਦੇ ਤਹਿਤ ਜੁਰਮਾਨਾ ਅਤੇ ਸਜ਼ਾ ਦੋਵੇਂ ਹੋ ਸਕਦੇ ਹਨ।

ਜਾਂਚ ਅਤੇ ਚੈਕਿੰਗ ਦੇ ਹੁਕਮ

ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੇ ਨਾਂ ਸਟਿੰਗ ਆਪਰੇਸ਼ਨ ਦੌਰਾਨ ਸਾਹਮਣੇ ਆਏ ਹਨ, ਉਥੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਮੱਛੀ ਆਖ਼ਰ ਆ ਰਹੀ ਕਿੱਥੋਂ ਹੈ। ਵਿਭਾਗ ਨੇ ਯਕੀਨ ਦਿਵਾਇਆ ਹੈ ਕਿ ਜਲੰਧਰ ਵਿੱਚ ਬੈਨਸ਼ੁਦਾ ਮੱਛੀ ਦੀ ਵਿਕਰੀ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।