CM ਮਾਨ ਦਾ ਸਿੱਧੂ ਤੇ ਚੰਨੀ ਸਣੇ ਵਿਰੋਧੀਆਂ ‘ਤੇ ਤਿੱਖਾ ਨਿਸ਼ਾਨਾ, ਕਿਹਾ- ਪਹਿਲਾਂ ਬੇਤਰਤੀਬ ਬਿਆਨ ਫਿਰ ਸਿਆਸਤਦਾਨ ਕਰਦੇ ਹਨ ਸੁਰੱਖਿਆ ਦੀ ਮੰਗ

Published: 

13 Dec 2025 13:23 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਚੋਣਾਂ 'ਚ ਵਿਰੋਧੀ ਧਿਰਾਂ ਹਾਰਦੀਆਂ ਆਪਣੇ ਕਾਰਨਾਂ ਤੋਂ ਹਨ ਪਰ ਹਾਰ ਦਾ ਠੀਕਰਾ ਕਿਸੇ ਹੋਰ ਸਿਰ ਭੰਨ੍ਹ ਦਿੰਦੀਆਂ ਹਨ। ਸਾਬਕਾ ਮੁੱਖ ਮੰਤਰੀ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।

CM ਮਾਨ ਦਾ ਸਿੱਧੂ ਤੇ ਚੰਨੀ ਸਣੇ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ, ਕਿਹਾ- ਪਹਿਲਾਂ ਬੇਤਰਤੀਬ ਬਿਆਨ ਫਿਰ ਸਿਆਸਤਦਾਨ ਕਰਦੇ ਹਨ ਸੁਰੱਖਿਆ ਦੀ ਮੰਗ
Follow Us On

ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਦੇ ਮੁੱਖ ਮੰਤਰੀ ਬਾਰੇ ਬਿਆਨ ‘ਤੇ ਸਿਆਸੀ ਹੰਗਾਮਾ ਲਗਾਤਾਰ ਜਾਰੀ ਹੈ। ਕੱਲ੍ਹ, ਨਵਜੋਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ‘ਤੇ ਤੰਜ ਕੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ। ਜਿਸ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਡਮ ਸਿੱਧੂ ਦੀ ਜਾਨ ਨੂੰ ਖ਼ਤਰਾ ਹੈ, ਤਾਂ ਉਨ੍ਹਾਂ ਨੂੰ ਬੋਲਣ ਤੋਂ ਪਹਿਲਾਂ ਧਿਆਨ ਨਾਲ ਸੋਚਣਾ ਚਾਹੀਦਾ ਸੀ।

ਸੀਐਮ ਮਾਨ ਦਾ ਮੈਡਮ ਸਿੱਧੂ ‘ਤੇ ਨਿਸ਼ਾਨਾ

ਸੀਐਮ ਮਾਨ ਨੇ ਕਿਹਾ ਕਿ ਸਿਆਸਤਦਾਨ ਪਹਿਲਾਂ ਬੇਤਰਤੀਬ ਬਿਆਨ ਦਿੰਦੇ ਹਨ, ਫਿਰ ਮੇਰੇ ਕੋਲ ਆ ਕੇ ਦਾਅਵਾ ਕਰਦੇ ਹਨ ਕਿ ਉਹ ਖ਼ਤਰੇ ਵਿੱਚ ਹਨ। ਨਵਜੋਤ ਕੌਰ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਅਹੁਦਿਆਂ ਦੀ ਕੀਮਤ ਵੀ ਤੈਅ ਕਰ ਦਿੱਤੀ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੈਲਟ ਪੇਪਰਾਂ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਹੁਣ ਉਹ ਬੌਖ਼ਲਾ ਗਏ ਹਨ।

ਉਨ੍ਹਾਂ ਕਿਹਾ ਕਿ 4 ਸਾਲਾਂ ਬਾਅਦ ਸਾਰਿਆਂ ਨੂੰ ਪੰਜਾਬ ਦੀ ਯਾਦ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਚੋਣਾਂ ਲੜ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰੇ ਰੇਟ ਦੱਸੀ ਜਾਂਦੀ ਹੈ ਅਤੇ 4 ਸਾਲਾਂ ਬਾਅਦ ਪਹਾੜਾਂ ‘ਚੋਂ ਜੋਗੀ (ਕੈਪਟਨ ਅਮਰਿੰਦਰ ਸਿੰਘ) ਵੀ ਉਤਰ ਆਇਆ ਹੈ ਅਤੇ ਉਹ ਭਾਜਪਾ ਨੂੰ ਗਾਲ੍ਹਾਂ ਕੱਢੀ ਜਾਂਦੇ ਹਨ।

ਸੁਖਜਿੰਦਰ ਸਿੰਘ ਰੰਧਾਵਾ ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ

ਸੁਖਜਿੰਦਰ ਸਿੰਘ ਰੰਧਾਵਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਨੂੰ ਪੌਣੇ 2 ਕਿਲੋਮੀਟਰ ਦਾ ਮੁੱਖ ਮੰਤਰੀ ਦੱਸਿਆ ਅਤੇ ਉਨ੍ਹਾਂ ਦੀ ਘਰ ਵਾਲੀ ਡੇਰਾ ਬਾਬਾ ਨਾਨਕ ਤੋਂ ਹਾਰ ਗਈ। ਮੁੱਖ ਮੰਤਰੀ ਮਾਨ ਨਵਜੋਤ ਸਿੱਧੂ ‘ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਜਦੋਂ ਸਿੱਧੂ ਕੋਲ ਮੰਤਰਾਲੇ ਤਾਂ ਉਦੋਂ ਪੰਜਾਬ ‘ਚ ਸੁਧਾਰ ਕਰਦੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੰਗੇ ਬੰਦਿਆਂ ਨੂੰ ਹੀ ਵੋਟਾਂ ਪਾਉਣ, ਜਿਨ੍ਹਾਂ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਾਉਣੀਆਂ ਹਨ।