NEET-UG ਪ੍ਰੀਖਿਆਰਥੀਆਂ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਮੁਫ਼ਤ ਸਫ਼ਰ, ਇੰਝ ਲਓ ਫ੍ਰੀ ਸਹੂਲਤ ਦਾ ਲਾਭ

Published: 

20 Jun 2026 19:27 PM IST

NEET-UG ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪ੍ਰੀਖਿਆਰਥੀ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣ, ਇਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ।

NEET-UG ਪ੍ਰੀਖਿਆਰਥੀਆਂ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚ ਮੁਫ਼ਤ ਸਫ਼ਰ, ਇੰਝ ਲਓ ਫ੍ਰੀ ਸਹੂਲਤ ਦਾ ਲਾਭ

NEET-UG ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪ੍ਰੀਖਿਆਰਥੀ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਸਕਣ, ਇਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਦੇ ਨਾਲ ਉਸ ਦਾ ਇੱਕ ਅਟੈਂਡੈਂਟ (ਮਾਪੇ ਜਾਂ ਕੋਈ ਹੋਰ ਪਰਿਵਾਰਕ ਮੈਂਬਰ) ਵੀ ਬਿਲਕੁਲ ਮੁਫ਼ਤ ਸਫ਼ਰ ਕਰ ਸਕਦਾ ਹੈ।

ਇਸ ਮੁਫ਼ਤ ਸਹੂਲਤ ਦਾ ਲਾਭ ਲੈਣ ਲਈ ਵਿਦਿਆਰਥੀ ਕੋਲ NEET-UG ਪ੍ਰੀਖਿਆ ਦਾ ਐਡਮਿਟ ਕਾਰਡ (ਰੋਲ ਨੰਬਰ) ਅਤੇ ਇੱਕ ਸਰਕਾਰੀ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਕੰਡਕਟਰ ਜਾਂ ਬੱਸ ਸਟਾਫ਼ ਨੂੰ ਇਹ ਦਸਤਾਵੇਜ਼ ਦਿਖਾਉਣ ‘ਤੇ ਵਿਦਿਆਰਥੀ ਅਤੇ ਉਸ ਦੇ ਨਾਲ ਜਾਣ ਵਾਲੇ ਵਿਅਕਤੀ ਦੀ ਕੋਈ ਟਿਕਟ ਨਹੀਂ ਲੱਗੇਗੀ। ਇਸ ਸਬੰਧੀ ਹੁਸ਼ਿਆਰਪੁਰ ਦੇ ਸਰਕਾਰੀ ਬੱਸ ਸਟੈਂਡ ‘ਤੇ ਵਿਸ਼ੇਸ਼ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਬੱਚੇ ਸਿੱਧਾ ਸੰਪਰਕ ਕਰ ਸਕਣ।

ਬੱਸ ਸਟੈਂਡ ਦੇ ਹਰ ਕਾਊਂਟਰ ‘ਤੇ ਲਗਾਏ ਪੋਸਟਰ: ਸੁਪਰਵਾਈਜ਼ਰ ਮਨੋਜ ਕੁਮਾਰ

ਬੱਸ ਸਟੈਂਡ ਹੁਸ਼ਿਆਰਪੁਰ ਦੇ ਸੁਪਰਵਾਈਜ਼ਰ ਮਨੋਜ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ NEET-UG ਦੀ ਪ੍ਰੀਖਿਆ ਦੇਣ ਜਾ ਰਹੇ ਕਿਸੇ ਵੀ ਬੱਚੇ ਤੋਂ ਬੱਸ ਦਾ ਕਿਰਾਇਆ ਨਾ ਵਸੂਲਿਆ ਜਾਵੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਬੱਸ ਸਟੈਂਡ ‘ਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਬੱਸ ਅੱਡੇ ਦੇ ਹਰੇਕ ਕਾਊਂਟਰ ‘ਤੇ ਸੂਚਨਾ ਪੋਸਟਰ ਲਗਾ ਦਿੱਤੇ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਦਿੱਤੇ ਗਏ ਹੈਲਪਲਾਈਨ ਨੰਬਰਾਂ ਵਾਲੇ ਮੁਲਾਜ਼ਮ ਬੱਸ ਸਟੈਂਡ ਵਿੱਚ ਹੀ ਮੌਜੂਦ ਰਹਿਣਗੇ ਅਤੇ ਬੱਚਿਆਂ ਦੀ ਹਰ ਸੰਭਵ ਮਦਦ ਕਰਨਗੇ।

ਸੁਪਰਵਾਈਜ਼ਰ ਮਨੋਜ ਕੁਮਾਰ ਨੇ ਅੱਗੇ ਦੱਸਿਆ ਕਿ ਅੱਜ ਵੀ ਇੱਕ ਵਿਦਿਆਰਥੀ ਹੁਸ਼ਿਆਰਪੁਰ ਤੋਂ ਜਲੰਧਰ ਲਈ ਰਵਾਨਾ ਹੋਇਆ ਹੈ, ਜਿਸ ਦੀ ਭਲਕੇ ਪ੍ਰੀਖਿਆ ਹੈ। ਜਦੋਂ ਉਸ ਬੱਚੇ ਨੇ ਆਪਣਾ ਐਡਮਿਟ ਕਾਰਡ ਅਤੇ ਪਛਾਣ ਪੱਤਰ ਦਿਖਾਇਆ, ਤਾਂ ਉਸ ਦੀ ਕੋਈ ਟਿਕਟ ਨਹੀਂ ਕੱਟੀ ਗਈ ਅਤੇ ਉਸ ਨੂੰ ਪੂਰੇ ਮਾਣ-ਸਤਿਕਾਰ ਨਾਲ ਬਿਲਕੁਲ ਫ੍ਰੀ ਜਲੰਧਰ ਭੇਜਿਆ ਗਿਆ ਹੈ। ਸਰਕਾਰ ਦੇ ਇਸ ਸ਼ਲਾਘਾਯੋਗ ਕਦਮ ਦੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Follow Us