ਕਾਰਗਿਲ ਵਿਜੇ ਦਿਵਸ: ਨਵਾਂਸ਼ਹਿਰ ਦੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਨੂੰ ਦੇਸ਼ ਦਾ ਸਲਾਮ

Updated On: 

26 Jul 2026 09:36 AM IST

ਸ਼ਹੀਦ ਬਲਜਿੰਦਰ ਸਿੰਘ ਦੇ ਪਿਤਾ ਸੇਵਾਮੁਕਤ ਕੈਪਟਨ ਅਮਰਜੀਤ ਸਿੰਘ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ ਤੇ 1971 ਦੀ ਜੰਗ 'ਚ ਹਿੱਸਾ ਲੈ ਚੁੱਕੇ ਹਨ। ਉਹ ਸਿੱਖ ਰੈਜੀਮੈਂਟ 'ਚ ਅਜਨਾਲਾ ਸੈਕਟਰ 'ਚ ਤਾਇਨਾਤ ਰਹੇ ਤੇ ਫੌਜੀ ਸਨਮਾਨ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਬਲਜਿੰਦਰ ਸਿੰਘ 'ਚ ਦੇਸ਼ ਸੇਵਾ ਦਾ ਜਜ਼ਬਾ ਸੀ।

ਕਾਰਗਿਲ ਵਿਜੇ ਦਿਵਸ: ਨਵਾਂਸ਼ਹਿਰ ਦੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਨੂੰ ਦੇਸ਼ ਦਾ ਸਲਾਮ

ਕਾਰਗਿਲ ਵਿਜੇ ਦਿਵਸ: ਨਵਾਂਸ਼ਹਿਰ ਦੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਨੂੰ ਦੇਸ਼ ਦਾ ਸਲਾਮ

26 ਜੁਲਾਈ ਨੂੰ ਮਨਾਏ ਜਾਂਦੇ ਕਾਰਗਿਲ ਵਿਜੇ ਦਿਵਸ ਮੌਕੇ ਪੂਰਾ ਦੇਸ਼ ਕਾਰਗਿਲ ਯੁੱਧ ਤੇ ਸਰਹੱਦਾਂ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਇਨ੍ਹਾਂ ਅਮਰ ਸ਼ਹੀਦਾਂ ‘ਚ ਨਵਾਂਸ਼ਹਿਰ ਜ਼ਿਲ੍ਹੇ ਦੇ ਬਲਾਚੌਰ ਤਹਿਸੀਲ ਦੇ ਪਿੰਡ ਗੁਲਪੁਰ ਦੇ ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਛੋਕਰ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੇ ਮਹਿਜ਼ 18 ਸਾਲ 10 ਮਹੀਨੇ ਦੀ ਉਮਰ ‘ਚ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਸ਼ਹਾਦਤ ਦਿੱਤੀ।

ਬਲਜਿੰਦਰ ਸਿੰਘ 1 ਜੂਨ 1998 ਨੂੰ ਸਿੱਖ ਰੈਜੀਮੈਂਟ ‘ਚ ਭਰਤੀ ਹੋਏ ਸਨ। ਉਹ ਸਿੱਖ ਰੈਜੀਮੈਂਟ ਦੀ 17ਵੀਂ ਬਟਾਲੀਅਨ ਨਾਲ ਨੌਸ਼ਹਿਰਾ ਸਰਹੱਦ ‘ਤੇ ਤਾਇਨਾਤ ਸਨ, ਜਿੱਥੇ ਉਸ ਸਮੇਂ ਘੁਸਪੈਠ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਸਨ।

ਘੁਸਪੈਠੀਆਂ ਨਾਲ ਆਖਰੀ ਸਾਹ ਤੱਕ ਲੜੇ

1 ਅਪ੍ਰੈਲ, 1999 ਦੀ ਰਾਤ ਇਸਲਾਮ ਪੋਸਟ ‘ਤੇ ਘੁਸਪੈਠੀਆਂ ਨੇ ਹਮਲਾ ਕਰ ਦਿੱਤਾ। ਗੋਲੀਬਾਰੀ ਸ਼ੁਰੂ ਹੋਣ ਤੋਂ ਬਾਅਦ ਸਾਰੀਆਂ ਚੌਕੀਆਂ ਨੂੰ ਚੌਕਸ ਕਰ ਦਿੱਤਾ ਗਿਆ। ਬਲਜਿੰਦਰ ਸਿੰਘ ਨੇ ਆਪਣੀ ਪੋਸਟ ਦੇ ਨੇੜੇ ਪਹੁੰਚੇ ਘੁਸਪੈਠੀਆਂ ‘ਤੇ ਜਵਾਬੀ ਕਾਰਵਾਈ ਕਰਦਿਆਂ ਬਹਾਦਰੀ ਨਾਲ ਮੁਕਾਬਲਾ ਕੀਤਾ।

ਘੁਸਪੈਠੀਆਂ ਨੇ ਪੱਥਰਾਂ ਦੀ ਆੜ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਕੁਝ ਸਮੇਂ ਲਈ ਗੋਲੀਬਾਰੀ ਰੁਕਣ ‘ਤੇ ਬਲਜਿੰਦਰ ਸਿੰਘ ਬੰਕਰ ਤੋਂ ਬਾਹਰ ਆਏ ਤੇ ਟਾਰਚ ਜਗਾ ਕੇ ਘੁਸਪੈਠੀਆਂ ਨੂੰ ਲਲਕਾਰਿਆ ਕਿ ਜੇ ਹਿੰਮਤ ਹੈ ਤਾਂ ਸਾਹਮਣੇ ਆ ਕੇ ਲੜਨ। ਇਸ ਦੌਰਾਨ ਦੁਸ਼ਮਣ ਦੀ ਗੋਲੀ ਉਨ੍ਹਾਂ ਦੀ ਸੱਜੀ ਅੱਖ ਦੇ ਨੇੜੇ ਲੱਗੀ। ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਤੇ ਕਰੀਬ ਦੋ ਘੰਟਿਆਂ ਬਾਅਦ ਉਹ ਸ਼ਹੀਦ ਹੋ ਗਏ।

ਦੇਸ਼ ਭਗਤੀ ਪਰਿਵਾਰ ਦੀ ਵਿਰਾਸਤ

ਸ਼ਹੀਦ ਬਲਜਿੰਦਰ ਸਿੰਘ ਦੇ ਪਿਤਾ ਸੇਵਾਮੁਕਤ ਕੈਪਟਨ ਅਮਰਜੀਤ ਸਿੰਘ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ ਤੇ 1971 ਦੀ ਜੰਗ ‘ਚ ਹਿੱਸਾ ਲੈ ਚੁੱਕੇ ਹਨ। ਉਹ ਸਿੱਖ ਰੈਜੀਮੈਂਟ ‘ਚ ਅਜਨਾਲਾ ਸੈਕਟਰ ‘ਚ ਤਾਇਨਾਤ ਰਹੇ ਤੇ ਫੌਜੀ ਸਨਮਾਨ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਬਲਜਿੰਦਰ ਸਿੰਘ ‘ਚ ਦੇਸ਼ ਸੇਵਾ ਦਾ ਜਜ਼ਬਾ ਸੀ। ਉਹ ਐਨਸੀਸੀ ਨਾਲ ਵੀ ਜੁੜੇ ਰਹੇ ਤੇ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਪੂਰਾ ਕੀਤਾ।

ਯਾਦਾਂ ਨੂੰ ਸਾਂਭ ਰਿਹਾ ਘਰ ਤੇ ਸਟੇਡੀਅਮ

ਸ਼ਹੀਦ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਉਨ੍ਹਾਂ ਦੇ ਘਰ ਦੇ ਵਿਹੜੇ ਨੂੰ ਫੌਜੀ ਬੰਕਰਾਂ ਦੀ ਤਰ੍ਹਾਂ ਛਲਾਵੇ ਵਾਲੇ ਰੰਗਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਸ਼ਹੀਦ ਦੀ ਯਾਦ ‘ਚ ਬਣਾਏ ਗਏ ਸਟੇਡੀਅਮ ਲਈ 32 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਤੇ ਦੇਸ਼ ਪ੍ਰਤੀ ਸਮਰਪਣ ਨੂੰ ਯਾਦ ਕਰਦਿਆਂ ਹਰ ਭਾਰਤੀ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ। ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਭਗਤੀ, ਫਰਜ਼ ਨਿਭਾਉਣ ਤੇ ਬਹਾਦਰੀ ਦੀ ਅਮਿੱਟ ਮਿਸਾਲ ਬਣੀ ਰਹੇਗੀ।

Loading...
Unable to load recommendations.
Follow Us