ਕੁਰਸੀਆਂ ਬਦਲੀਆਂ ਪਰ ਨਸ਼ੇ ਦੀ ਜੜ੍ਹ ਨਾ ਹਿੱਲੀ, ਪੰਜਾਬ ਦੀ ਸਿਆਸਤ ਦਾ ਪੁਰਾਣਾ ਦਰਦ; 2027 ਦੀਆਂ ਚੋਣਾਂ ‘ਚ ਮੁੜ ਗੂੰਜੇਗਾ ਮੁੱਦਾ
ਪੰਜਾਬ ਦੀ ਸਿਆਸਤ ਵਿੱਚ ਨਸ਼ਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇੱਕ ਅਜਿਹਾ ਭਖਦਾ ਮੁੱਦਾ ਬਣਿਆ ਹੋਇਆ ਹੈ, ਜੋ ਸੂਬੇ ਵਿੱਚ ਸਰਕਾਰਾਂ ਬਦਲਣ ਦੇ ਬਾਵਜੂਦ ਕਦੇ ਖ਼ਤਮ ਨਹੀਂ ਹੋ ਸਕਿਆ। ਸਾਲ 2007 ਤੋਂ ਬਾਅਦ ਲਗਾਤਾਰ ਦਸ ਸਾਲ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਹੀ, ਫਿਰ 2017 ਵਿੱਚ ਕਾਂਗਰਸ ਸੱਤਾ ਵਿੱਚ ਆਈ ਅਤੇ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀ ਵਾਗਡੋਰ ਸੰਭਾਲੀ।
ਪੰਜਾਬ ਦੀ ਸਿਆਸਤ ਵਿੱਚ ਨਸ਼ਾ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇੱਕ ਅਜਿਹਾ ਭਖਦਾ ਮੁੱਦਾ ਬਣਿਆ ਹੋਇਆ ਹੈ, ਜੋ ਸੂਬੇ ਵਿੱਚ ਸਰਕਾਰਾਂ ਬਦਲਣ ਦੇ ਬਾਵਜੂਦ ਕਦੇ ਖ਼ਤਮ ਨਹੀਂ ਹੋ ਸਕਿਆ। ਸਾਲ 2007 ਤੋਂ ਬਾਅਦ ਲਗਾਤਾਰ ਦਸ ਸਾਲ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਰਹੀ, ਫਿਰ 2017 ਵਿੱਚ ਕਾਂਗਰਸ ਸੱਤਾ ਵਿੱਚ ਆਈ ਅਤੇ ਮਾਰਚ 2022 ਵਿੱਚ ਆਮ ਆਦਮੀ ਪਾਰਟੀ ਨੇ ਸੂਬੇ ਦੀ ਵਾਗਡੋਰ ਸੰਭਾਲੀ।
ਤਿੰਨਾਂ ਹੀ ਸਰਕਾਰਾਂ ਨੇ ਆਪਣੇ-ਆਪਣੇ ਕਾਰਜਕਾਲ ਦੌਰਾਨ ਨਸ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮਾਂ ਅਤੇ ਵੱਡੀਆਂ ਕਾਰਵਾਈਆਂ ਦੇ ਦਾਅਵੇ ਕੀਤੇ। ਹਾਲਾਂਕਿ, 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਵੀ ਸਵਾਲ ਉਹੀ ਬਣਿਆ ਹੋਇਆ ਹੈ ਕਿ ਇੰਨੇ ਵਰ੍ਹਿਆਂ ਦੀਆਂ ਕਾਰਵਾਈਆਂ, ਛਾਪੇਮਾਰੀਆਂ ਅਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ ਨਸ਼ੇ ਦੀ ਅਸਲ ਜੜ੍ਹ ਕਿੰਨੀ ਕਮਜ਼ੋਰ ਹੋਈ ਹੈ ਅਤੇ ਸੂਬੇ ਦੀ ਨੌਜਵਾਨ ਪੀੜ੍ਹੀ ਇਸ ਦਲਦਲ ਤੋਂ ਕਿੰਨੀ ਦੂਰ ਹੋ ਸਕੀ ਹੈ।
ਉਪਲਬਧ ਸਰਕਾਰੀ ਅੰਕੜਿਆਂ, ਪੰਜਾਬ ਪੁਲਿਸ, ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB), ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਕੇਂਦਰੀ ਜਾਂਚ ਏਜੰਸੀਆਂ ਦੇ ਰਿਕਾਰਡ ਮੁਤਾਬਕ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੇਲੇ ਕਾਰਵਾਈ ਦਾ ਘੇਰਾ ਸਭ ਤੋਂ ਵੱਡਾ ਨਜ਼ਰ ਆਉਂਦਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਆਦਾ ਕੇਸ ਦਰਜ ਹੋਣਾ ਜਾਂ ਗ੍ਰਿਫ਼ਤਾਰੀਆਂ ਦੀ ਵੱਡੀ ਗਿਣਤੀ ਸਿੱਧੇ ਤੌਰ ‘ਤੇ ਨਸ਼ੇ ਦੀ ਖਪਤ ਘਟਣ ਦਾ ਪੈਮਾਨਾ ਨਹੀਂ ਹੁੰਦੀ।
ਇਹ ਪੁਲਿਸ ਪ੍ਰਸ਼ਾਸਨ ਦੀ ਵਧੀ ਹੋਈ ਸਰਗਰਮੀ ਅਤੇ ਮਾਮਲਿਆਂ ਦੇ ਵੱਧ ਰਜਿਸਟ੍ਰੇਸ਼ਨ ਦਾ ਸਿੱਟਾ ਵੀ ਹੋ ਸਕਦੀ ਹੈ। ਅਜੋਕੇ ਸਮੇਂ ਅਸਲ ਬਹਿਸ ਸਿਰਫ਼ ਮਾਮੂਲੀ ਬਰਾਮਦਗੀ ਜਾਂ ਛੋਟੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ, ਸਗੋਂ ਨਸ਼ਿਆਂ ਦੀ ਮੁੱਖ ਸਪਲਾਈ ਲਾਈਨ ਅਤੇ ਵੱਡੇ ਅੰਤਰਰਾਜੀ ਤੇ ਕੌਮਾਂਤਰੀ ਸਿੰਡੀਕੇਟ ਨੂੰ ਜੜ੍ਹੋਂ ਪੁੱਟਣ ਦੀ ਹੈ।
ਅਕਾਲੀ-ਭਾਜਪਾ ਸਰਕਾਰ: ₹6,000 ਕਰੋੜ ਦੇ ਨੈੱਟਵਰਕ ਨੇ ਵਧਾਈ ਸੀ ਸਿਆਸੀ ਤਪਸ਼
ਸਾਲ 2007 ਤੋਂ 2017 ਦਰਮਿਆਨ ਅਕਾਲੀ-ਭਾਜਪਾ ਸਰਕਾਰ ਦਾ ਦੌਰ ਰਿਹਾ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 2007 ਤੋਂ 2011 ਦਰਮਿਆਨ ਐਨਡੀਪੀਐਸ (NDPS) ਐਕਟ ਅਧੀਨ 30,422 ਗ੍ਰਿਫ਼ਤਾਰੀਆਂ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ 2012 ਤੋਂ 2015 ਦਰਮਿਆਨ ਇਹ ਅੰਕੜਾ ਵੱਧ ਕੇ 58,511 ਗ੍ਰਿਫ਼ਤਾਰੀਆਂ ਤੱਕ ਪਹੁੰਚ ਗਿਆ। ਜੇਕਰ ਸਾਲਵਾਰ ਵੇਰਵਾ ਦੇਖਿਆ ਜਾਵੇ ਤਾਂ ਸਾਲ 2012 ਵਿੱਚ 11,715, ਸਾਲ 2013 ਵਿੱਚ 16,821, ਸਾਲ 2014 ਵਿੱਚ 17,084 ਅਤੇ ਸਾਲ 2015 ਵਿੱਚ 12,171 ਗ੍ਰਿਫ਼ਤਾਰੀਆਂ ਹੋਈਆਂ। ਐਨਸੀਬੀ ਮੁਤਾਬਕ ਇਕੱਲੇ ਸਾਲ 2015 ਵਿੱਚ ਹੀ ਪੰਜਾਬ ਅੰਦਰੋਂ 601.88 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ।
ਇਹ ਵੀ ਪੜ੍ਹੋ
ਇਸੇ ਸ਼ਾਸਨ ਦੌਰਾਨ ਸਾਲ 2013 ਵਿੱਚ ਸਾਬਕਾ ਡੀਐਸਪੀ ਅਤੇ ਅਰਜੁਨ ਐਵਾਰਡੀ ਪਹਿਲਵਾਨ ਜਗਦੀਸ਼ ਭੋਲਾ ਨੂੰ ਸਿੰਥੈਟਿਕ ਡਰੱਗ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਜਾਂਚ ਵਿੱਚ ਇਸ ਸਿੰਡੀਕੇਟ ਦਾ ਘੇਰਾ ਕਰੀਬ 6,000 ਕਰੋੜ ਰੁਪਏ ਦੱਸਿਆ ਗਿਆ, ਜਿਸ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡਾ ਭੂਚਾਲ ਲਿਆਂਦਾ। ਜਾਂਚ ਦੇ ਘੇਰੇ ਵਿੱਚ ਕਈ ਵੱਡੇ ਰਸੂਖ਼ਦਾਰ ਨਾਮ ਆਏ। ਸਾਲ 2019 ਵਿੱਚ ਭੋਲਾ ਨੂੰ ਸਜ਼ਾ ਸੁਣਾਈ ਗਈ ਅਤੇ ਬਾਅਦ ਵਿੱਚ ਸਾਲ 2024 ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਭੋਲਾ ਸਣੇ 17 ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਂਦਿਆਂ ਕਰੀਬ 12.37 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਅੰਤਿਮ ਹੁਕਮ ਜਾਰੀ ਕੀਤੇ ਗਏ।
ਕਾਂਗਰਸ ਤੋਂ ਆਪ ਤੱਕ, ਕਾਰਵਾਈਆਂ ਦਾ ਦਾਇਰਾ ਵਧਿਆ
ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਅਤੇ ਵਿਸ਼ੇਸ਼ ਤੌਰ ‘ਤੇ ‘ਸਪੈਸ਼ਲ ਟਾਸਕ ਫੋਰਸ’ (STF) ਦਾ ਗਠਨ ਕੀਤਾ ਗਿਆ। ਸਾਲ 2017 ਤੋਂ 2021 ਦਰਮਿਆਨ ਦੇ ਸਰਕਾਰੀ ਰਿਕਾਰਡ ਅਨੁਸਾਰ 52,255 ਐਨਡੀਪੀਐਸ ਕੇਸ ਦਰਜ ਕੀਤੇ ਗਏ ਅਤੇ 68,064 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਕਰੀਬ 2,412 ਤੋਂ 2,415 ਕਿੱਲੋਗ੍ਰਾਮ ਹੈਰੋਇਨ ਜ਼ਬਤ ਹੋਈ। ਦਸੰਬਰ 2021 ਵਿੱਚ ਸਿਆਸੀ ਤੌਰ ‘ਤੇ ਵੱਡਾ ਧਮਾਕਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕੀਤਾ ਗਿਆ। ਮਜੀਠੀਆ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ।
ਇਸ ਉਪਰੰਤ ਮਾਰਚ 2022 ਵਿੱਚ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਅਤੇ ਯੁੱਧ ਨਸ਼ੇ ਦੇ ਵਿਰੁੱਧ ਨਾਮਕ ਵਿਆਪਕ ਮੁਹਿੰਮ ਵਿੱਢੀ। ਸਾਲ 2022 ਤੋਂ ਲੈ ਕੇ 2026 ਤੱਕ ਸਰਕਾਰ ਵੱਲੋਂ ਜਾਰੀ ਰਿਪੋਰਟਾਂ ਅਨੁਸਾਰ 73,541 ਐਨਡੀਪੀਐਸ ਮੁਕੱਦਮੇ ਦਰਜ ਹੋਏ ਅਤੇ 98,596 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਸਮੇਂ ਦੌਰਾਨ ਲਗਭਗ 5,979 ਕਿੱਲੋਗ੍ਰਾਮ ਹੈਰੋਇਨ, 93 ਕਿੱਲੋ ਆਈਸ (ICE), 3,583 ਕਿੱਲੋ ਅਫ਼ੀਮ ਅਤੇ 8.7 ਕਰੋੜ ਫਾਰਮਾ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ। ਸਰਕਾਰ ਵੱਲੋਂ 772 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਜ਼ਬਤ ਜਾਂ ਢਾਹੁਣ ਅਤੇ 54.47 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ। ਇਸ ਦੇ ਨਾਲ ਹੀ ਅਦਾਲਤਾਂ ਵਿੱਚ ਦੋਸ਼ ਸਿੱਧੀ ਦਰ ਲਗਭਗ 89 ਫ਼ੀਸਦੀ ਰਹਿਣ ਦੀ ਪੁਸ਼ਟੀ ਕੀਤੀ ਗਈ।
ਤਸਕਰਾਂ ਤੋਂ ਪੁਲਿਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਤੱਕ ਪਹੁੰਚੀ ਜਾਂਚ
ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਦੀ ਪੜਤਾਲ ਜਿਉਂ-ਜਿਉਂ ਅੱਗੇ ਵਧੀ, ਤਾਂ ਇਸ ਦੇ ਤਾਰ ਵਰਦੀ ਅਤੇ ਕੁਰਸੀ ਨਾਲ ਵੀ ਜੁੜੇ ਮਿਲੇ। ਸਾਲ 2012 ਵਿੱਚ ਰਣਜੀਤ ਸਿੰਘ ਕੰਡੋਲਾ ਉਰਫ਼ ਰਾਜਾ ਕੰਡੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਨਜ਼ਦੀਕੀ ਸਾਥੀ ਵਾਨੀਆ ਖੰਨਾ ਨੂੰ 2 ਕਿੱਲੋ ਹੈਰੋਇਨ ਸਮੇਤ ਦਬੋਚਿਆ ਗਿਆ, ਜਿਸ ਨੂੰ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ। ਸਾਲ 2013 ਵਿੱਚ ਐਨਆਰਆਈ ਅਨੂਪ ਸਿੰਘ ਕਾਹਲੋਂ 540 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ ਅਤੇ ਉਸ ਦੀ ਨਿਸ਼ਾਨਦੇਹੀ ‘ਤੇ 16 ਕਿੱਲੋ ਤੇ ਉਸ ਦੇ ਸਾਥੀ ਦੀ ਕਾਰ ਵਿੱਚੋਂ 10 ਕਿੱਲੋ ਹੈਰੋਇਨ ਬਰਾਮਦ ਹੋਈ। ਇਸੇ ਕੇਸ ਦੀ ਜਾਂਚ ਨੇ ਭੋਲਾ ਸਿੰਡੀਕੇਟ ਦੇ ਪਰਦੇ ਫ਼ਾਸ਼ ਕੀਤੇ।
ਭੋਲਾ ਦੇ ਨਾਲ ਫਾਰਮਾ ਕਾਰੋਬਾਰੀ ਜਗਜੀਤ ਸਿੰਘ ਚਾਹਲ ਅਤੇ ਸਾਬਕਾ ਅਕਾਲੀ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਦੇ ਨਾਮ ਵੀ ਸਾਹਮਣੇ ਆਏ। ਸਾਲ 2017 ਵਿੱਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੇ ਸਰਕਾਰੀ ਕੁਆਰਟਰ ਵਿੱਚੋਂ 4 ਕਿੱਲੋ ਹੈਰੋਇਨ, 3 ਕਿੱਲੋ ਸਮੈਕ, ਹਥਿਆਰ ਅਤੇ ਨਕਦੀ ਬਰਾਮਦ ਹੋਈ ਸੀ। ਉਸ ‘ਤੇ ਡਰੱਗ ਤਸਕਰਾਂ ਨੂੰ ਸਰਪ੍ਰਸਤੀ ਦੇਣ ਅਤੇ ਬਚਾਉਣ ਦੇ ਗੰਭੀਰ ਇਲਜ਼ਾਮ ਲੱਗੇ। ਇਸ ਤੋਂ ਇਲਾਵਾ ਸਾਲ 2023 ਵਿੱਚ ਸਾਬਕਾ ਐਸਐਸਪੀ ਰਾਜਜੀਤ ਸਿੰਘ ਹੁੰਦਲ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕੀਤਾ ਗਿਆ। ਉਹ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਦੇ ਸੰਗੀਨ ਮਾਮਲਿਆਂ ਵਿੱਚ ਲੰਮੇ ਸਮੇਂ ਤੋਂ ਫ਼ਰਾਰ ਹਨ ਅਤੇ ਅਦਾਲਤ ਵੱਲੋਂ ਭਗੌੜੇ ਐਲਾਨੇ ਜਾ ਚੁੱਕੇ ਹਨ।
ਸਿਆਸੀ ਆਗੂ, ਖ਼ਾਕੀ ਅਤੇ ਸਥਾਨਕ ਨੁਮਾਇੰਦੇ ਵੀ ਆਏ ਕਾਨੂੰਨ ਅੜਿੱਕੇ
ਸਾਲ 2020 ਵਿੱਚ ਸਾਬਕਾ ਐਸਐਸਬੀ (SSB) ਮੈਂਬਰ ਅਤੇ ਅਕਾਲੀ ਆਗੂ ਅਨਵਰ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੀ ਰਿਹਾਇਸ਼ ਤੋਂ 188 ਤੋਂ 194 ਕਿੱਲੋ ਹੈਰੋਇਨ ਅਤੇ ਇੱਕ ਗ਼ੈਰ-ਕਾਨੂੰਨੀ ਡਰੱਗ ਪ੍ਰੋਸੈਸਿੰਗ ਲੈਬ ਦਾ ਸਾਰਾ ਸਾਜ਼ੋ-ਸਾਮਾਨ ਬਰਾਮਦ ਹੋਣ ਦਾ ਵੱਡਾ ਮਾਮਲਾ ਉਜਾਗਰ ਹੋਇਆ ਸੀ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਾਲ 2021 ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਬਾਅਦ ਵਿੱਚ ਸਾਲ 2023 ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ਗੁਰਦੇਵ ਸਿੰਘ ਨਾਮਕ ਵਿਅਕਤੀ ਕੋਲੋਂ 2 ਕਿੱਲੋ ਹੈਰੋਇਨ ਮਿਲਣ ਦੇ ਪੁਰਾਣੇ ਮਾਮਲੇ ਨਾਲ ਸਬੰਧਤ ਸੀ। ਖਹਿਰਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਅਤੇ 2024 ਵਿੱਚ ਹਾਈਕੋਰਟ ਤੋਂ ਉਨ੍ਹਾਂ ਨੂੰ ਨਿਯਮਤ ਜ਼ਮਾਨਤ ਮਿਲ ਗਈ।
ਸਾਲ 2022 ਵਿੱਚ ਬਿਕਰਮ ਸਿੰਘ ਮਜੀਠੀਆ ਨੇ ਐਨਡੀਪੀਐਸ ਕੇਸ ਵਿੱਚ ਅਦਾਲਤ ਸਾਹਮਣੇ ਆਤਮ-ਸਮਰਪਣ ਕੀਤਾ ਸੀ। ਬਾਅਦ ਵਿੱਚ ਸਾਲ 2025 ਦੌਰਾਨ ਆਮਦਨ ਤੋਂ ਵੱਧ ਜਾਇਦਾਦ ਦੇ ਕਥਿਤ 540 ਕਰੋੜ ਰੁਪਏ ਦੇ ਇੱਕ ਵੱਖਰੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਲ 2024 ਵਿੱਚ ਸਾਬਕਾ ਵਿਧਾਇਕਾ ਸਤਕਾਰ ਕੌਰ ਗਹਿਰੀ ਨੂੰ 128 ਗ੍ਰਾਮ ਹੈਰੋਇਨ ਦੀ ਬਰਾਮਦਗੀ ਮਾਮਲੇ ਵਿੱਚ ਕਾਬੂ ਕੀਤਾ ਗਿਆ, ਜਿਸ ਮਗਰੋਂ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ। ਸਾਲ 2025 ਵਿੱਚ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 17 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਤੁਰੰਤ ਸਰਵਿਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ।
ਇਸੇ ਲੜੀ ਤਹਿਤ ਸੁਖਪਾਲ ਖਹਿਰਾ ਦੇ ਸਾਬਕਾ ਨਿੱਜੀ ਸੁਰੱਖਿਆ ਅਧਿਕਾਰੀ (PSO) ਜੋਗਾ ਸਿੰਘ ਨੂੰ ਸਾਲ 2015 ਦੇ ਇੱਕ ਕੇਸ ਵਿੱਚ ਸਾਲ 2025 ਦੌਰਾਨ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਥੇ ਹੀ ਮਾਰਚ 2026 ਵਿੱਚ ਤਰਨਤਾਰਨ ਦੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਉਰਫ਼ ਪੰਮਾ ਕੋਲੋਂ 18 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ, ਜਿਸ ਦੇ ਤਾਰ ਸਰਹੱਦ ਪਾਰਲੇ ਕੌਮਾਂਤਰੀ ਤਸਕਰੀ ਨੈੱਟਵਰਕ ਨਾਲ ਜੁੜੇ ਹੋਏ ਪਾਏ ਗਏ। ਲਿਹਾਜ਼ਾ, ਦੋ ਦਹਾਕਿਆਂ ਤੋਂ ਚੱਲ ਰਹੀਆਂ ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਅੱਜ ਵੀ ਵੱਡੇ ਸੁਧਾਰ ਦੀ ਮੰਗ ਕਰ ਰਹੀ ਹੈ।


