ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ CM ਮਾਨ ਦਾ ਵੱਡਾ ਐਲਾਨ, 34.51 ਕਰੋੜ ਨਾਲ ਬਦਲੇਗੀ ‘ਕਲਿਆਣ ਰਜਵਾਹੇ’ ਦੀ ਤਸਵੀਰ

Published: 

01 Jul 2026 21:57 PM IST

ਪੰਜਾਬ ਵਿੱਚ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਸੂਬੇ ਦੇ ਸਿੰਚਾਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਕ ਬਹੁਤ ਵੱਡੀ ਪਹਿਲਕਦਮੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਅੱਜ 34.51 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਤਿਆਰ ਹੋਣ ਵਾਲੇ 'ਕਲਿਆਣ ਰਜਵਾਹੇ' ਦੀ ਕੰਕਰੀਟ ਲਾਈਨਿੰਗ ਦੇ ਅਹਿਮ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ।

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ CM ਮਾਨ ਦਾ ਵੱਡਾ ਐਲਾਨ, 34.51 ਕਰੋੜ ਨਾਲ ਬਦਲੇਗੀ ਕਲਿਆਣ ਰਜਵਾਹੇ ਦੀ ਤਸਵੀਰ

ਪੰਜਾਬ ਵਿੱਚ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਸੂਬੇ ਦੇ ਸਿੰਚਾਈ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਕ ਬਹੁਤ ਵੱਡੀ ਪਹਿਲਕਦਮੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਅੱਜ 34.51 ਕਰੋੜ ਰੁਪਏ ਦੀ ਭਾਰੀ ਲਾਗਤ ਨਾਲ ਤਿਆਰ ਹੋਣ ਵਾਲੇ ‘ਕਲਿਆਣ ਰਜਵਾਹੇ’ ਦੀ ਕੰਕਰੀਟ ਲਾਈਨਿੰਗ ਦੇ ਅਹਿਮ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਿਸ਼ੇਸ਼ ਪ੍ਰੋਜੈਕਟ ਦੇ ਤਹਿਤ 60.66 ਕਿਲੋਮੀਟਰ ਲੰਬੇ ਜਲਮਾਰਗ ਦਾ ਨਵੀਨੀਕਰਨ ਕੀਤਾ ਜਾਵੇਗਾ।

ਇਸ ਸੁਧਾਰ ਨਾਲ ਰਜਵਾਹੇ ਦੀ ਨਹਿਰੀ ਪਾਣੀ ਲਿਜਾਣ ਦੀ ਸਮਰੱਥਾ ਵਿੱਚ 10 ਫੀਸਦੀ ਦਾ ਵਾਧਾ ਦਰਜ ਹੋਵੇਗਾ, ਜਿਸ ਨਾਲ ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ 42 ਪਿੰਡਾਂ ਦੀ 50,819 ਏਕੜ ਖੇਤੀਯੋਗ ਜ਼ਮੀਨ ਲਈ ਸਿੰਚਾਈ ਸਹੂਲਤਾਂ ਬਿਹਤਰ ਹੋਣਗੀਆਂ। ਅਕਤੂਬਰ 2026 ਤੱਕ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਨਾਲ ਕਿਸਾਨਾਂ ਦੀ ਟਿਊਬਵੈੱਲਾਂ ਅਤੇ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਕਾਫ਼ੀ ਹੱਦ ਤੱਕ ਘਟੇਗੀ, ਜਿਸ ਨਾਲ ਸੂਬੇ ਦੇ ਡਾਰਕ ਜ਼ੋਨ ਵਾਲੇ ਖੇਤਰਾਂ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।

ਅਕਤੂਬਰ 2026 ਤੱਕ ਪੂਰਾ ਹੋਵੇਗਾ ਪ੍ਰੋਜੈਕਟ: ਮੁੱਖ ਮੰਤਰੀ

ਬਰਨਾਲਾ ਵਿਖੇ ਇਕੱਠੇ ਹੋਏ ਭਾਰੀ ਜਨਸਮੂਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਇਸ ਪ੍ਰੋਜੈਕਟ ਦੇ ਤਹਿਤ ਕਲਿਆਣ ਰਜਵਾਹੇ ਦੇ 60.66 ਕਿਲੋਮੀਟਰ ਲੰਬੇ ਹਿੱਸੇ ਨੂੰ 34.51 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ। ਸਾਡੀ ਸਰਕਾਰ ਇਸ ਪੂਰੇ ਪ੍ਰੋਜੈਕਟ ਨੂੰ ਅਕਤੂਬਰ 2026 ਤੱਕ ਹਰ ਹਾਲ ਵਿੱਚ ਮੁਕੰਮਲ ਕਰ ਲਵੇਗੀ।

ਰਜਵਾਹੇ ਦੀ ਪਾਣੀ ਲਿਜਾਣ ਦੀ ਸਮਰੱਥਾ ਵਧੇਗੀ

ਪ੍ਰੋਜੈਕਟ ਦੇ ਤਕਨੀਕੀ ਫਾਇਦਿਆਂ ਬਾਰੇ ਵਿਸਤਾਰ ਨਾਲ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਅੱਗੇ ਦੱਸਿਆ, ਰਜਵਾਹੇ ਦੀ ਕੰਕਰੀਟ ਲਾਈਨਿੰਗ ਹੋਣ ਨਾਲ ਨਹਿਰੀ ਪਾਣੀ ਦੇ ਵਹਾਅ ਦੀ ਸਮਰੱਥਾ ਵਿੱਚ 10 ਫੀਸਦੀ ਤੱਕ ਦਾ ਵਾਧਾ ਹੋਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ, ਰਜਵਾਹੇ ਦੀ ਮੌਜੂਦਾ 150.40 ਕਿਊਸਿਕ ਪਾਣੀ ਲਿਜਾਣ ਦੀ ਸਮਰੱਥਾ ਵਧ ਕੇ 170.61 ਕਿਊਸਿਕ ਤੱਕ ਪਹੁੰਚ ਜਾਵੇਗੀ।

ਮਹਿਲ ਕਲਾਂ ਬਲਾਕ ਲਈ ਵਰਦਾਨ ਹੋਵੇਗਾ ਇਹ ਕਦਮ

ਖੇਤੀਬਾੜੀ ਅਤੇ ਕਿਸਾਨੀ ‘ਤੇ ਪੈਣ ਵਾਲੇ ਇਸ ਦੇ ਉਸਾਰੂ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, ਇਸ ਨਹਿਰੀ ਪਾਣੀ ਦੀ ਮਦਦ ਨਾਲ ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਅਧੀਨ ਆਉਂਦੇ 42 ਪਿੰਡਾਂ ਦੇ ਲਗਭਗ 50,819 ਏਕੜ ਰਕਬੇ ਨੂੰ ਸਿੱਧਾ ਫਾਇਦਾ ਪਹੁੰਚੇਗਾ।

ਇਹ ਪ੍ਰੋਜੈਕਟ ਖ਼ਾਸ ਕਰਕੇ ਡਾਰਕ ਜ਼ੋਨ ਖੇਤਰਾਂ ਲਈ ਇੱਕ ਵਰਦਾਨ ਸਾਬਤ ਹੋਣ ਵਾਲਾ ਹੈ, ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾਜਨਕ ਹੱਦ ਤੱਕ ਹੇਠਾਂ ਚਲੇ ਜਾਣ ਕਾਰਨ ਮਹਿਲ ਕਲਾਂ ਬਲਾਕ ਨੂੰ ਡਾਰਕ ਜ਼ੋਨ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਲਿਆਣ ਰਜਵਾਹੇ ਦੀ ਕੰਕਰੀਟ ਲਾਈਨਿੰਗ ਨਾਲ ਜਿੱਥੇ ਨਹਿਰੀ ਪਾਣੀ ਦੀ ਉਪਲਬਧਤਾ ਬਿਹਤਰ ਹੋਵੇਗੀ, ਉੱਥੇ ਹੀ ਕਿਸਾਨਾਂ ਦੀ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਬਹੁਤ ਘਟ ਜਾਵੇਗੀ।

ਪਿਛਲੀਆਂ ਸਰਕਾਰਾਂ ਨੇ ਕੀਤੀ ਅਣਗਹਿਲੀ

ਇਸ ਜਲਮਾਰਗ ਦੇ ਪਿਛੋਕੜ ਅਤੇ ਇਤਿਹਾਸ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਪਿਛਲੀਆਂ ਸਰਕਾਰਾਂ ‘ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, ਮਾਲੇਰਕੋਟਲਾ ਤੋਂ ਸ਼ੁਰੂ ਹੋਣ ਵਾਲੇ ਇਸ ਕਲਿਆਣ ਰਜਵਾਹੇ ਨੂੰ ਸਾਲ 1980 ਦੇ ਦਹਾਕੇ ਦੌਰਾਨ ਇੱਟਾਂ ਲਗਾ ਕੇ ਪੱਕਾ ਕੀਤਾ ਗਿਆ ਸੀ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਦੀ ਬੇਰੁਖੀ ਅਤੇ ਅਣਗਹਿਲੀ ਕਾਰਨ ਸਮੇਂ ਦੇ ਨਾਲ-ਨਾਲ ਇਹ ਰਜਵਾਹਾ ਪੂਰੀ ਤਰ੍ਹਾਂ ਖਸਤਾਹਾਲ ਹੋ ਗਿਆ, ਜਿਸ ਕਾਰਨ ਇਹ ਆਪਣੀ ਅਸਲ ਸਮਰੱਥਾ ਮੁਤਾਬਕ ਕਿਸਾਨਾਂ ਤੱਕ ਪਾਣੀ ਪਹੁੰਚਾਉਣ ਦੇ ਯੋਗ ਨਹੀਂ ਰਿਹਾ ਸੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੁਰਾਣੇ ਢਾਂਚੇ ਦੇ ਟੁੱਟਣ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਲੋੜੀਂਦਾ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ ਸੀ। ਪਰ ਹੁਣ ਇਹ ਨਵਾਂ ਪ੍ਰੋਜੈਕਟ ਖੇਤਰ ਵਿੱਚ ਬਿਹਤਰ ਅਤੇ ਨਿਰੰਤਰ ਸਿੰਚਾਈ ਸਹੂਲਤਾਂ ਯਕੀਨੀ ਬਣਾਏਗਾ, ਜਿਸ ਨਾਲ ਪੰਜਾਬ ਦੀ ਖੇਤੀਬਾੜੀ ਉਤਪਾਦਕਤਾ ਵਿੱਚ ਵੱਡਾ ਸੁਧਾਰ ਹੋਵੇਗਾ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਵੀ ਵਧੇਗਾ।

Follow Us