6 ਮਹੀਨਿਆਂ ‘ਚ 14,032 ਮਰੀਜ਼ਾਂ ਨੂੰ ਮਿਲਿਆ ਸਾਹ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ, ₹37.30 ਕਰੋੜ ਖਰਚ

Updated On: 

27 Jul 2026 21:12 PM IST

ਅਕਸਰ ਸਾਹ ਫੁੱਲਣ ਦੀ ਸਮੱਸਿਆ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਲਗਾਤਾਰ ਰਹਿਣ ਵਾਲੀ ਖੰਘ ਨੂੰ ਮੌਸਮ ਦਾ ਅਸਰ ਮੰਨ ਲਿਆ ਜਾਂਦਾ ਹੈ ਅਤੇ ਛਾਤੀ ਦੀ ਘੜਘੜਾਹਟ ਨੂੰ ਉਦੋਂ ਤੱਕ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਜਦੋਂ ਤੱਕ ਸੀੜ੍ਹੀਆਂ ਚੜ੍ਹਨਾ ਵੀ ਔਖਾ ਨਾ ਹੋ ਜਾਵੇ।

6 ਮਹੀਨਿਆਂ ਚ 14,032 ਮਰੀਜ਼ਾਂ ਨੂੰ ਮਿਲਿਆ ਸਾਹ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ, ₹37.30 ਕਰੋੜ ਖਰਚ

File Photo

ਅਕਸਰ ਸਾਹ ਫੁੱਲਣ ਦੀ ਸਮੱਸਿਆ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਲਗਾਤਾਰ ਰਹਿਣ ਵਾਲੀ ਖੰਘ ਨੂੰ ਮੌਸਮ ਦਾ ਅਸਰ ਮੰਨ ਲਿਆ ਜਾਂਦਾ ਹੈ ਅਤੇ ਛਾਤੀ ਦੀ ਘੜਘੜਾਹਟ ਨੂੰ ਉਦੋਂ ਤੱਕ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਜਦੋਂ ਤੱਕ ਸੀੜ੍ਹੀਆਂ ਚੜ੍ਹਨਾ ਵੀ ਔਖਾ ਨਾ ਹੋ ਜਾਵੇ। ਉਦੋਂ ਤੱਕ ਕਈ ਮਰੀਜ਼ ਛਾਤੀ ਤੇ ਫੇਫੜਿਆਂ ਦੀ ਗੰਭੀਰ ਬੀਮਾਰੀ ਦੀ ਲਪੇਟ ਵਿੱਚ ਆ ਚੁੱਕੇ ਹੁੰਦੇ ਹਨ, ਜਿਸ ਲਈ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਦਾਖ਼ਲ ਰਹਿਣਾ ਪੈਂਦਾ ਹੈ ਜਾਂ ਫਿਰ ਵੱਡੀ ਥੋਰੈਸਿਕ ਸਰਜਰੀ ਦੀ ਲੋੜ ਪੈਂਦੀ ਹੈ।

‘ਮੁੱਖ ਮੰਤਰੀ ਸਿਹਤ ਯੋਜਨਾ’ (MMSY) ਤਹਿਤ ਪੰਜਾਬ ਦੇ ਤਾਜ਼ਾ ਇਲਾਜ ਦੇ ਅੰਕੜੇ ਦਰਸਾਉਂਦੇ ਹਨ ਕਿ ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੁਣ ਕੇਵਲ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀਆਂ। ਹਸਪਤਾਲ ‘ਚ ਦਾਖ਼ਲ ਹੋ ਕੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦਾ ਇੱਕ ਵੱਡਾ ਹਿੱਸਾ ਸੂਬੇ ਦੇ ਕੰਮਕਾਜੀ ਆਯੂ ਵਰਗ (ਕਮਾਊ ਉਮਰ) ਨਾਲ ਸਬੰਧਤ ਹੈ, ਜੋ ਇਹ ਸਪੱਸ਼ਟ ਕਰਦਾ ਹੈ ਕਿ ਸਾਹ ਦੀਆਂ ਬੀਮਾਰੀਆਂ ਸਿਹਤ ਦੇ ਨਾਲ-ਨਾਲ ਆਰਥਿਕ ਬੋਝ ਵੀ ਤੇਜ਼ੀ ਨਾਲ ਵਧਾ ਰਹੀਆਂ ਹਨ।

ਇਲਾਜ ‘ਚ ਦੇਰੀ ਕਰਨਾ ਨੁਕਸਾਨਦੇਹ

ਅਮਰੀਕਾ ਦੇ ਨੈਸ਼ਨਲ ਹਾਰਟ, ਲੰਗ ਐਂਡ ਬਲੱਡ ਇੰਸਟੀਚਿਊਟ (NHLBI) ਅਨੁਸਾਰ, ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੌਲੀ-ਹੌਲੀ ਵਧਦੀਆਂ ਹਨ ਅਤੇ ਆਪਣੇ ਆਪ ਠੀਕ ਨਹੀਂ ਹੁੰਦੀਆਂ। ਜਿੰਨੀ ਜਲਦੀ ਇਹਨਾਂ ਦੀ ਪਛਾਣ ਹੋ ਜਾਵੇ, ਫੇਫੜਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਉੱਨਾ ਹੀ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਦਵਾਈਆਂ ਅਤੇ ਪਲਮੋਨਰੀ ਰੀਹੈਬਲੀਟੇਸ਼ਨ ਨਾਲ ਕਾਫ਼ੀ ਰਾਹਤ ਮਿਲਦੀ ਹੈ, ਜਦਕਿ ਗੰਭੀਰ ਮਾਮਲਿਆਂ ਵਿੱਚ ਥੋਰੈਸਿਕ ਸਰਜਰੀ ਜਾਨ ਬਚਾ ਸਕਦੀ ਹੈ। ਅਜਿਹੇ ਵਿੱਚ ਇਲਾਜ ਵਿੱਚ ਦੇਰੀ ਕਰਨਾ ਕਦੇ ਵੀ ਸਹੀ ਫ਼ੈਸਲਾ ਨਹੀਂ ਹੁੰਦਾ। ਬਦਕਿਸਮਤੀ ਨਾਲ ਇਲਾਜ ਦਾ ਖ਼ਰਚਾ ਨਾ ਚੁੱਕ ਸਕਣ ਦੇ ਡਰੋਂ ਕਈ ਮਰੀਜ਼ ਇਲਾਜ ਕਰਵਾਉਣ ‘ਚ ਦੇਰੀ ਕਰ ਦਿੰਦੇ ਹਨ।

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਟੇਟ ਹੈਲਥ ਏਜੰਸੀ (SHA) ਪੰਜਾਬ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ, 8 ਜਨਵਰੀ ਤੋਂ 21 ਜੁਲਾਈ 2026 ਤੱਕ 14,032 ਲੋਕਾਂ ਨੇ ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ, ਥੋਰੈਸਿਕ ਸਰਜਰੀ ਅਤੇ ਸਾਹ ਨਾਲ ਸਬੰਧਤ ਇਲਾਜ ਦਾ ਲਾਭ ਉਠਾਇਆ। ਇਹਨਾਂ ਇਲਾਜਾਂ ‘ਤੇ ₹37.30 ਕਰੋੜ ਦੀ ਕੈਸ਼ਲੇਸ ਰਾਸ਼ੀ ਦਾ ਭੁਗਤਾਨ ਕੀਤਾ ਗਿਆ। ਇਹਨਾਂ ਅੰਕੜਿਆਂ ਦੇ ਪਿੱਛੇ ਉਹਨਾਂ ਹਜ਼ਾਰਾਂ ਮਰੀਜ਼ਾਂ ਦੀ ਰਾਹਤ ਭਰੀ ਕਹਾਣੀ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਹੋਣ ਤੋਂ ਪਹਿਲਾਂ ਲੱਖਾਂ ਰੁਪਏ ਦਾ ਪ੍ਰਬੰਧ ਕਰਨ ਦੀ ਚਿੰਤਾ ਨਹੀਂ ਕਰਨੀ ਪਈ। ਇਹੋ ਇਸ ਯੋਜਨਾ ਦੀ ਸਭ ਤੋਂ ਵੱਡੀ ਤਾਕਤ ਹੈ।

ਕਿਸ ਉਮਰ ਵਰਗ ਦੇ ਕਿੰਨੇ ਮਰੀਜ਼?

ਅੰਕੜਿਆਂ ਮੁਤਾਬਕ 36 ਤੋਂ 60 ਸਾਲ ਦੇ ਉਮਰ ਵਰਗ ਵਿੱਚ 5,559 ਇਲਾਜ ਦੇ ਮਾਮਲੇ ਦਰਜ ਕੀਤੇ ਗਏ, ਜਦਕਿ 60 ਸਾਲ ਤੋਂ ਵੱਧ ਉਮਰ ਦੇ 5,659 ਸੀਨੀਅਰ ਨਾਗਰਿਕਾਂ ਨੇ ਵੀ ਹਸਪਤਾਲ ਵਿੱਚ ਇਲਾਜ ਪ੍ਰਾਪਤ ਕੀਤਾ। ਇਹ ਦੋਵੇਂ ਉਮਰ ਵਰਗ ਮਿਲ ਕੇ ਯੋਜਨਾ ਤਹਿਤ ਹੋਏ ਕੁੱਲ ਸਾਹ ਸਬੰਧੀ ਇਲਾਜ ਦੇ ਮਾਮਲਿਆਂ ਦੀ 80 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਰੱਖਦੇ ਹਨ। ਇਸ ਤੋਂ ਇਲਾਵਾ 2,522 ਨੌਜਵਾਨਾਂ ਅਤੇ 292 ਬੱਚਿਆਂ ਨੇ ਵੀ ਸਾਹ ਸਬੰਧੀ ਇਲਾਜ ਦਾ ਲਾਭ ਲਿਆ।

ਲਿੰਗ ਅਧਾਰਤ ਅੰਕੜਿਆਂ ਅਨੁਸਾਰ, 8,345 ਪੁਰਸ਼ਾਂ ਦਾ ₹22.79 ਕਰੋੜ ਦੀ ਲਾਗਤ ਨਾਲ ਇਲਾਜ ਕੀਤਾ ਗਿਆ, ਜਦਕਿ 5,684 ਔਰਤਾਂ ਨੂੰ ₹14.50 ਕਰੋੜ ਦੇ ਇਲਾਜ ਦਾ ਲਾਭ ਮਿਲਿਆ। ਇਸ ਤੋਂ ਇਲਾਵਾ ‘ਹੋਰ’ ਲਿੰਗ ਸ਼੍ਰੇਣੀ ਦੇ 3 ਲਾਭਪਾਤਰੀਆਂ ਨੇ ਵੀ ਯੋਜਨਾ ਤਹਿਤ ਕੈਸ਼ਲੇਸ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ।

ਮਹੀਨਾਵਾਰ ਅੰਕੜੇ ਦਰਸਾਉਂਦੇ ਹਨ ਕਿ ਇਸ ਸਮੇਂ ਦੌਰਾਨ ਵਿਸ਼ੇਸ਼ ਸਾਹ ਸੇਵਾਵਾਂ ਦੀ ਮੰਗ ਲਗਾਤਾਰ ਬਣੀ ਰਹੀ। ਇਲਾਜ ਦੇ ਮਾਮਲਿਆਂ ਦੀ ਗਿਣਤੀ ਜਨਵਰੀ ਵਿੱਚ 1,332 ਤੋਂ ਵਧ ਕੇ ਅਪ੍ਰੈਲ ਵਿੱਚ 2,509 ਹੋ ਗਈ, ਜੋ ਛੇ ਮਹੀਨਿਆਂ ਦੇ ਸਮੇਂ ਵਿੱਚ ਸਭ ਤੋਂ ਵੱਧ ਸੀ। ਹਾਲਾਂਕਿ ਜੂਨ ਵਿੱਚ 2,004 ਮਾਮਲੇ ਦਰਜ ਕੀਤੇ ਗਏ, ਪਰ ਇਲਾਜ ਦੀ ਕੁੱਲ ਲਾਗਤ ₹6.73 ਕਰੋੜ ਰਹੀ, ਜੋ ਸਭ ਤੋਂ ਜ਼ਿਆਦਾ ਸੀ। ਇਹ ਦਰਸਾਉਂਦਾ ਹੈ ਕਿ ਯੋਜਨਾ ਤਹਿਤ ਅਤਿ-ਗੰਭੀਰ ਅਤੇ ਮਹਿੰਗੇ ਸਾਹ ਇਲਾਜ ਵੀ ਉਪਲਬਧ ਕਰਵਾਏ ਜਾ ਰਹੇ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਬਿਆਨ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਇਹ ਅੰਕੜੇ ਸਾਹ ਸਬੰਧੀ ਬੀਮਾਰੀਆਂ ਪ੍ਰਤੀ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਤਤਕਾਲ ਲੋੜ ਨੂੰ ਉਜਾਗਰ ਕਰਦੇ ਹਨ। ਲੋਕ ਲਗਾਤਾਰ ਰਹਿਣ ਵਾਲੀ ਖੰਘ ਜਾਂ ਸਾਹ ਫੁੱਲਣ ਨੂੰ ਅਕਸਰ ਅਸਥਾਈ ਸਮੱਸਿਆ ਜਾਂ ਵਧਦੀ ਉਮਰ ਦਾ ਆਮ ਲੱਛਣ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।”

ਫੇਫੜਿਆਂ ਦੀਆਂ ਬੀਮਾਰੀਆਂ ਪਹੁੰਚਾਉਂਦੀਆਂ ਹਨ ਗੰਭੀਰ ਨੁਕਸਾਨ

ਦੁਖਦਾਈ ਗੱਲ ਇਹ ਹੈ ਕਿ ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੌਲੀ-ਹੌਲੀ ਅਤੇ ਬਿਨਾਂ ਕਿਸੇ ਸਪੱਸ਼ਟ ਲੱਛਣ ਦੇ ਵਧਦੀਆਂ ਰਹਿੰਦੀਆਂ ਹਨ। ਜਦੋਂ ਤੱਕ ਮਰੀਜ਼ ਡਾਕਟਰੀ ਸਹਾਇਤਾ ਲੈਂਦੇ ਹਨ, ਉਦੋਂ ਤੱਕ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਸਾਹ ਫੁੱਲਣ ਦੀ ਸਮੱਸਿਆ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਇਲਾਜ ਨਾਲ ਫੇਫੜੇ, ਜ਼ਿੰਦਗੀ ਅਤੇ ਰੋਜ਼ੀ-ਰੋਟੀ ਤਿੰਨੋਂ ਬਚਾਏ ਜਾ ਸਕਦੇ ਹਨ।

ਸਿਹਤ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਧੂਮਰਪਾਨ ਕਰਨ ਵਾਲਿਆਂ, ਉਦਯੋਗਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਧੂੜ-ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੱਛਣ ਲਗਾਤਾਰ ਬਣੇ ਰਹਿਣ, ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਉਨ੍ਹਾਂ ਨੇ ਤੰਬਾਕੂ ਤੋਂ ਦੂਰ ਰਹਿਣ, ਪ੍ਰਦੂਸ਼ਿਤ ਵਾਤਾਵਰਨ ਦੇ ਸੰਪਰਕ ਨੂੰ ਘਟਾਉਣ ਅਤੇ ਸਾਹ ਦੇ ਪੁਰਾਣੇ ਰੋਗੀਆਂ ਲਈ ਨਿਯਮਤ ਸਿਹਤ ਜਾਂਚ ਕਰਵਾਉਣ ‘ਤੇ ਵੀ ਜ਼ੋਰ ਦਿੱਤਾ।

ਬੀਮਾਰੀ ਦੀ ਸਮੇਂ ਸਿਰ ਪਛਾਣ, ਤੰਬਾਕੂ ਦਾ ਸੇਵਨ ਛੱਡਣਾ, ਹਵਾ ਪ੍ਰਦੂਸ਼ਣ ਤੋਂ ਬਚਣਾ, ਕੰਮ ਵਾਲੀ ਥਾਂ ‘ਤੇ ਸੁਰੱਖਿਆ ਉਪਾਅ ਅਪਣਾਉਣਾ ਅਤੇ ਸਮੇਂ ਸਿਰ ਉਚਿਤ ਡਾਕਟਰੀ ਇਲਾਜ ਪ੍ਰਾਪਤ ਕਰਨਾ ਫੇਫੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਤੋਂ ਬਚਾਅ ਅਤੇ ਵੱਡੀਆਂ ਥੋਰੈਸਿਕ ਸਰਜਰੀਆਂ ਦੀ ਨੌਬਤ ਆਉਣ ਤੋਂ ਰੋਕਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ।

Follow Us